ਕੰਵਰਪਾਲ ਅੱਜ ਖੋਲ੍ਹਣਗੇ ਸ਼ਹਿਰ ਦੇ ਵਿਕਾਸ ਦਾ ‘ਪਿਟਾਰਾ’
ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਅੱਜ ਖੋਲਣਗੇ ਸ਼ਹਿਰ ਦੇ ਵਿਕਾਸ ਦਾ ‘ਪਿਟਾਰਾ’
Publish Date: Tue, 20 Jan 2026 07:04 PM (IST)
Updated Date: Wed, 21 Jan 2026 04:15 AM (IST)

-ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ, ਪਹਿਲੇ ਦਿਨ ਹੀ ਦਫ਼ਤਰ ਰਿਹਾ ‘ਸੁੰਨਾ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੀਤੀ ਕੱਲ੍ਹ ਜਗਰਾਓਂ ਨਗਰ ਕੌਂਸਲ ਦੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਅੱਜ ਸ਼ਹਿਰ ਦੇ ਵਿਕਾਸ ਦਾ ਪਿਟਾਰਾ ਖੋਲ੍ਹਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਿਚ ਕਰੀਬ 6 ਕਰੋੜ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੰਦਿਆਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਹਾਲਾਂਕਿ ਸੀਨੀਅਰ ਮੀਤ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਪਹਿਲੇ ਦਿਨ ਹੀ ਉਹ ਚੰਡੀਗੜ੍ਹ ਰਵਾਨਾ ਹੋ ਗਏ। ਜਿਸ ਦੇ ਕਾਰਨ ਉਨ੍ਹਾਂ ਦਾ ਦਫ਼ਤਰ ਸੁੰਨਾ ਰਿਹਾ। ਕਈ ਕੰਮਾਂ ਦੀ ਝਾਕ ਵਿਚ ਆਏ ਲੋਕ ਬੇਰੰਗ ਪਰਤੇ। ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਚੰਡੀਗੜ੍ਹ ਅਦਾਲਤ ਵਿਚ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਪਾਏ ਕੇਸ ਦੀ ਤਾਰੀਕ ਸੀ। ਜਿਸ ਕਾਰਨ ਉਨ੍ਹਾਂ ਨੂੰ ਜਾਣਾ ਪਿਆ। ਕੱਲ੍ਹ ਬੁੱਧਵਾਰ ਤੋਂ ਨਗਰ ਕੌਂਸਲ ਦਫ਼ਤਰ ’ਚ ਪੱਕਾ ਡੇਰਾ ਲਾਉਣਗੇ। ਉਨ੍ਹਾਂ ਕਿਹਾ ਕਿ ਆਪਸੀ ਖਿੱਚੋਤਾਣ ਕਰਕੇ ਹੀ ਜਗਰਾਓਂ ਦਾ ਵਿਕਾਸ ਰੁਕਿਆ ਹੋਇਆ ਸੀ,ਜਦਕਿ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ, ਵਰਕ ਆਰਡਰ ਕੱਟੇ ਜਾ ਚੁੱਕੇ ਹਨ, ਹੁਣ ਸਿਰਫ਼ ਕੰਮ ਸ਼ੁਰੂ ਕਰਵਾਉਣੇ ਹਨ ਜੋ ਉਨ੍ਹਾਂ ਵੱਲੋਂ ਕੱਲ੍ਹ ਤੋਂ ਹੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੀ ਮੁਹਿੰਮ ਵਿਚ ਕਰੀਬ 6 ਕਰੋੜ ਦੇ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਜਾਵੇਗਾ। ਇਹ ਵਿਕਾਸ ਕਾਰਜ ਸ਼ਹਿਰ ਦੇ ਸਾਰੇ ਵਾਰਡਾਂ ਵਿਚ ਬਿਨ੍ਹਾਂ ਕਿਸੇ ਪੱਖਪਾਤ ਤੋਂ ਕਰਵਾਏ ਜਾਣਗੇ। ਉਨ੍ਹਾਂ ਸਾਰੇ ਕੌਂਸਲਰਾਂ ਤੋਂ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਵੀ ਪਹਿਲਾਂ ਸ਼ਹਿਰ ਭਰ ਵਿਚੋਂ ਕੂੜੇ ਦੀ ਸਮੱਸਿਆ ਨੂੰ ਸਿਰਿਓਂ ਖ਼ਤਮ ਕੀਤਾ ਜਾਵੇਗਾ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਸਹਿਯੋਗ ਨਾਲ ਸ਼ਹਿਰ ਦੇ ਸਾਰੇ ਡੰਪਾਂ ਤੋਂ ਕੂੜਾ ਚੁੱਕਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਬਾਅਦ ਸ਼ਹਿਰ ਦੇ ਹਰ ਘਰ ਵਿਚੋਂ ਹੀ ਟੀਮਾਂ ਕੂੜਾ ਚੁੱਕਣਗੀਆਂ। ਜਿਸ ਤੋਂ ਬਾਅਦ ਇਹ ਕੂੜਾ ਸੜਕਾਂ ’ਤੇ ਆਉਣ ਦਾ ਮੁੱਦਾ ਹੀ ਖਤਮ ਹੋ ਜਾਵੇਗਾ।