- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ-500 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣੇਗਾ ਸੀਨੀਅਰ ਲਿਵਿੰਗ ਪ੍ਰਾਜੈਕਟ, 100 ਯੂਨਿਟਾਂ ਦਾ ਹੋਵੇਗਾ ਨਿਰਮਾਣ

ਜ਼ਰੂਰੀ)
-ਹੰਬੜਾਂ ਰੋਡ 'ਤੇ 5 ਏਕੜ ਥਾਂ ’ਤੇ ਵਿਕਸਤ ਹੋਵੇਗਾ 'ਤੀਰਥੰਕਰ ਐਬੋਡ'
-ਬਜ਼ੁਰਗਾਂ ਤੇ ਐੱਨਆਰਆਈ ਪਰਿਵਾਰਾਂ ਨੂੰ ਮਿਲਣਗੀਆਂ ਸਿਹਤ ਤੇ ਲਾਈਫ ਕੇਅਰ ਸਹੂਲਤਾਂ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਵਿੱਚ ਸੀਨੀਅਰ ਲਿਵਿੰਗ ਤੇ ਸਹਾਇਕ ਰਿਹਾਇਸ਼ੀ ਸਹੂਲਤਾਂ ਦੇ ਖੇਤਰ ’ਚ ਨਵੀਂ ਪਹਿਲ ਕਰਦਿਆਂ ਰਿਚਵਿਲ ਇਨਫਰਾ ਪ੍ਰਾਈਵੇਟ ਲਿਮਟਿਡ ਵੱਲੋਂ ਲੁਧਿਆਣਾ ਵਿੱਚ ਲਗਪਗ 500 ਕਰੋੜ ਰੁਪਏ ਦੇ ਨਿਵੇਸ਼ ਨਾਲ ਇਕ ਵਿਸ਼ੇਸ਼ ਰਿਹਾਇਸ਼ੀ ਪ੍ਰੋਜੈਕਟ ਵਿਕਸਿਤ ਕੀਤਾ ਜਾਵੇਗਾ। ਹੰਬੜਾਂ ਰੋਡ 'ਤੇ ਪੰਜ ਏਕੜ ਜ਼ਮੀਨ ’ਚ ਬਣਨ ਵਾਲੇ ਇਸ ਪ੍ਰੋਜੈਕਟ ਦਾ ਨਾਂ 'ਤੀਰਥੰਕਰ ਐਬੋਡ' ਰੱਖਿਆ ਹੈ। ਬਜ਼ੁਰਗਾਂ ਤੇ ਐੱਨਆਰਆਈ ਪਰਿਵਾਰਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ 100 ਰਿਹਾਇਸ਼ੀ ਯੂਨਿਟਾਂ ਬਣਾਈਆਂ ਜਾਣਗੀਆਂ।
ਪ੍ਰੋਜੈਕਟ ਲਾਂਚ ਕਰਨ ਸਮੇਂ ਪਦਮ ਵਿਭੂਸ਼ਣ ਡਾ. ਸਰਦਾਰਾ ਸਿੰਘ ਜੌਹਲ, ਸ੍ਰੋਮਣੀ ਕਵੀ ਪ੍ਰੋ.ਗੁਰਭਜਨ ਸਿੰਘ ਗਿੱਲ, ਲੋਕ ਗਾਇਕ ਤੇ ਸਾਬਕਾ ਐੱਮਪੀ ਮੁਹੰਮਦ ਸਦੀਕ, ਬੰਦਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊੁਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸੀਨੀਅਰ ਕਾਂਗਰਸੀ ਆਗੂ ਗੁਰਦੇਵ ਸਿੰਘ ਲਾਪਰਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਕੰਪਨੀ ਦੇ ਡਾਇਰੈਕਟਰ ਪ੍ਰਭਜੋਤ ਸਿੰਘ ਅਨੁਸਾਰ ਦੇਸ਼ ਵਿੱਚ ਉੱਚ ਪੱਧਰੀ ਤੇ ਪੇਸ਼ੇਵਰ ਦੇਖਭਾਲ ਵਾਲੇ ਸੀਨੀਅਰ ਲਿਵਿੰਗ ਘਰਾਂ ਦੀ ਕਮੀ ਹੈ। ਕਈ ਪਰਿਵਾਰ ਚਾਹੁੰਦੇ ਹਨ ਕਿ ਵਿਦੇਸ਼ਾਂ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਦੇ ਮਾਪੇ ਆਪਣੇ ਸ਼ਹਿਰ ਤੇ ਜਾਣੇ-ਪਛਾਣੇ ਮਾਹੌਲ ਵਿੱਚ ਰਹਿਣ। ਅਜਿਹੇ ਭਰੋਸੇਯੋਗ ਰਿਹਾਇਸ਼ੀ ਭਾਈਚਾਰਿਆਂ ਦੀ ਲੋੜ ਹੈ, ਜਿੱਥੇ ਬਜ਼ੁਰਗਾਂ ਨੂੰ ਆਜ਼ਾਦੀ ਦੇ ਨਾਲ ਸੁਰੱਖਿਆ ਅਤੇ ਲੋੜ ਪੈਣ 'ਤੇ ਮਦਦ ਵੀ ਮਿਲ ਸਕੇ।ਕੰਪਨੀ ਮੁਤਾਬਕ ਇਸ ਪ੍ਰੋਜੈਕਟ ਦੀ ਖ਼ਾਸ ਵਿਸ਼ੇਸ਼ਤਾ ਇਹ ਵੀ ਹੋਵੇਗੀ ਕਿ ਨਿਰਧਾਰਤ ਭੁਗਤਾਨ ਯੋਜਨਾਵਾਂ ਤਹਿਤ ਫਲੈਟ ਦੀ ਬੁਕਿੰਗ ਦੇ ਸਮੇਂ ਤੋਂ ਹੀ ਸਿਹਤ ਤੇ ਬੀਮਾ ਲਾਭ ਦੇਣ ਦੀ ਯੋਜਨਾ ਹੈ। ਹਾਲਾਂਕਿ ਇਹ ਲਾਭ ਯੋਗਤਾ, ਕਵਰੇਜ ਤੇ ਸਬੰਧਤ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਮਿਲਣਗੇ। ਰਿਚਵਿਲ ਇਨਫਰਾ ਦੇ ਡਾਇਰੈਕਟਰ ਰਾਜਦੀਪ ਸਿੰਘ ਅਨੁਸਾਰ ਇਸ ਪ੍ਰੋਜੈਕਟ ਦਾ ਕੁੱਲ ਵਿਕਾਸ ਖੇਤਰ ਲਗਪਗ 10 ਲੱਖ ਵਰਗ ਫੁੱਟ ਹੋਵੇਗਾ ਤੇ ਇਸ ਨੂੰ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਕੰਪਨੀ ਵੱਲੋਂ ਜ਼ਮੀਨ ਤੇ ਉਸਾਰੀ 'ਤੇ ਕਰੀਬ 500 ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾ ਹੈ।
ਇਸ ਪ੍ਰੋਜੈਕਟ ਦੀ ਸਲਾਹਕਾਰ ਤੇ ਰੀਅਲ ਅਸਟੇਟ ਕੰਪਨੀ ਯਹਤਾਵ ਰਿਐਲਟੀ ਵੀ ਇਸ ਨਾਲ ਜੁੜ ਗਈ ਹੈ। ਕੰਪਨੀ ਦੇ ਚੇਅਰਮੈਨ ਵਿਨੀਤ ਨੰਦਾ ਨੇ ਕਿਹਾ ਕਿ ਸੀਨੀਅਰ ਲਿਵਿੰਗ ਹੁਣ ਸਿਰਫ਼ ਇਕ ਵਿਸ਼ੇਸ਼ ਰਿਹਾਇਸ਼ੀ ਸਹੂਲਤ ਨਹੀਂ ਰਹੀ, ਸਗੋਂ ਰੀਅਲ ਅਸਟੇਟ ਤੇ ਸੇਵਾ ਖੇਤਰ ’ਚ ਇਕ ਮਹੱਤਵਪੂਰਨ ਮੌਕਾ ਬਣ ਰਹੀ ਹੈ। ਪੰਜਾਬ ਵਿੱਚ ਇਸ ਦੀ ਖ਼ਾਸ ਮਹੱਤਤਾ ਹੈ ਕਿਉਂਕਿ ਇੱਥੋਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਵਿਦੇਸ਼ਾਂ ਵਿੱਚ ਰਹਿੰਦੇ ਹਨ, ਜਦਕਿ ਉਨ੍ਹਾਂ ਦੇ ਮਾਪੇ ਪੰਜਾਬ ਵਿੱਚ ਹੀ ਰਹਿਣਾ ਪਸੰਦ ਕਰਦੇ ਹਨ। ਕੰਪਨੀ ਦਾ ਮੰਨਣਾ ਹੈ ਕਿ ਦੇਸ਼ ’ਚ 2030 ਤੱਕ ਸੀਨੀਅਰ ਹਾਊਸਿੰਗ ਦਾ ਬਾਜ਼ਾਰ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਮੌਜੂਦਾ ਸਮੇਂ ਦੇਸ਼ ਵਿੱਚ ਸੰਗਠਿਤ ਸੀਨੀਅਰ ਲਿਵਿੰਗ ਘਰਾਂ ਦੀ ਗਿਣਤੀ ਲਗਪਗ 25 ਹਜ਼ਾਰ ਹੈ, ਜਦਕਿ ਅਨੁਮਾਨਿਤ ਮੰਗ 20 ਤੋਂ 22 ਲੱਖ ਯੂਨਿਟਾਂ ਦੀ ਹੈ। ਭਵਿੱਖ ’ਚ ਇਸ ਖੇਤਰ ਦੇ ਨਵੇਂ ਪ੍ਰੋਜੈਕਟਾਂ ਦਾ ਵੱਡਾ ਹਿੱਸਾ ਟੀਅਰ-2 ਤੇ ਟੀਅਰ-3 ਸ਼ਹਿਰਾਂ ’ਚ ਵਿਕਸਤ ਹੋਣ ਦੀ ਸੰਭਾਵਨਾ ਹੈ।