- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੰਨਾ ’ਚ ਸਕਿਊਰਿਟੀ ਗਾਰਡ ਦਾ ਤੇਜ਼ਧਾਰ ਹਥਿਆਰ ਨਾਲ ਕੱਟਿਆ ਅੰਗੂਠਾ

ਬੁੱਕਸ ਮਾਰਕੀਟ ’ਚ ਡਿਊਟੀ ਦੌਰਾਨ ਰੋਕਣ ਦੀ ਰੰਜਿਸ਼ ’ਚ ਕੀਤਾ ਹਮਲਾ, ਅਗਲੀ ਸਵੇਰ ਡਾਕਟਰਾਂ ਨੇ ਦੱਸਿਆ ਕਿ ਅੰਗੂਠਾ ਕੱਟਿਆ ਜਾ ਚੁੱਕਾ ਹੈ
- ਮੁਲਜ਼ਮ ਗ੍ਰਿਫਤਾਰ, ਪੀੜ੍ਹਤ ਹੋਇਆ ਅਪਾਹਜ
- ਹੁਣ ਇਨਸਾਫ਼ ਦੀ ਗੁਹਾਰ ਲਗਾ ਰਿਹਾ 53 ਸਾਲਾ ਗਾਰਡ
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ
ਖੰਨਾ : ਖੰਨਾ ਦੀ ਬੁੱਕਸ ਮਾਰਕੀਟ ’ਚ ਇਕ ਸੁਰੱਖਿਆ ਗਾਰਡ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਉਸਦਾ ਅੰਗੂਠਾ ਕੱਟ ਦਿੱਤਾ ਗਿਆ। ਰੋਹਣੋ ਖੁਰਦ ਪਿੰਡ ਦੇ ਰਹਿਣ ਵਾਲਾ 53 ਸਾਲਾ ਰਛਪਾਲ ਸਿੰਘ ਇਸ ਹਮਲੇ ’ਚ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਉਸਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੀੜਤ ਅਨੁਸਾਰ ਅਗਲੀ ਸਵੇਰ ਡਾਕਟਰਾਂ ਨੇ ਉਸਨੂੰ ਦੱਸਿਆ ਕਿ ਉਸਦਾ ਅੰਗੂਠਾ ਕੱਟਿਆ ਜਾ ਚੁੱਕਾ ਹੈ। ਪੀੜ੍ਹਤ ਇਸ ਘਟਨਾ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੁਲਿਸ ਨੇ ਮਾਮਲੇ ’ਚ ਮੁਲਜ਼ਮ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਰਛਪਾਲ ਸਿੰਘ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਬੁੱਕਸ ਮਾਰਕੀਟ ’ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਹੈ। ਰਾਤ ਨੂੰ ਮਾਰਕੀਟ ਦੀ ਨਿਗਰਾਨੀ ਕਰਨਾ ਉਸਦੀ ਜ਼ਿੰਮੇਵਾਰੀ ਹੈ। ਦੀਵਾਲੀ ਦੀ ਰਾਤ ਨੂੰ ਪੰਜ ਸ਼ੱਕੀ ਵਿਅਕਤੀ ਇਕ ਆਟੋ-ਰਿਕਸ਼ਾ ’ਚ ਆਏ। ਉਹ ਦੇਰ ਰਾਤ ਇਕ ਦੁਕਾਨ ਦੇ ਬਾਹਰ ਬੈਠੇ ਸਨ। ਜਦੋਂ ਉਸਨੇ ਉਨ੍ਹਾਂ ਨੂੰ ਉੱਥੇ ਬੈਠਣ ਤੋਂ ਰੋਕਿਆ ਤੇ ਘਰ ਜਾਣ ਲਈ ਕਿਹਾ ਤਾਂ ਉਹ ਆਟੋ-ਰਿਕਸ਼ਾ ਲੈ ਕੇ ਚਲੇ ਗਏ।
ਪੀੜ੍ਹਤ ਦੇ ਅਨੁਸਾਰ ਕੁਝ ਸਮੇਂ ਬਾਅਦ ਇਕ ਵਿਅਕਤੀ ਤੇਜ਼ਧਾਰ ਹਥਿਆਰ ਨਾਲ ਵਾਪਸ ਆਇਆ ਤੇ ਉਸ ’ਤੇ ਵਾਰ-ਵਾਰ ਹਮਲਾ ਕੀਤਾ। ਹਮਲੇ ਦੌਰਾਨ ਉਸਦਾ ਅੰਗੂਠਾ ਕੱਟਿਆ ਗਿਆ। ਉਹ ਕਿਸੇ ਤਰ੍ਹਾਂ ਭੱਜਣ ’ਚ ਕਾਮਯਾਬ ਹੋ ਗਿਆ ਤੇ ਇਲਾਜ ਲਈ ਸਿਵਲ ਹਸਪਤਾਲ ਗਿਆ। ਰਾਤ ਭਰ ਦੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਅਗਲੀ ਸਵੇਰ ਉਸਨੂੰ ਦੱਸਿਆ ਕਿ ਉਸਦਾ ਅੰਗੂਠਾ ਕੱਟ ਦਿੱਤਾ ਗਿਆ ਹੈ। ਹੁਣ ਉਸਦੇ ਅੰਗੂਠੇ ਤੋਂ ਬਿਨਾਂ ਉਸ ਨੂੰ ਰੋਜ਼ਾਨਾ ਦੇ ਕੰਮ ਕਰਨ ’ਚ ਮੁਸ਼ਕਿਲ ਆਵੇਗੀ।
ਖੰਨਾ ਦੇ ਡੀਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਹਮਲਾਵਰ ਦੀ ਪਛਾਣ ਕੀਤੀ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਖੰਨਾ ਦੇ ਰਹਿਣ ਵਾਲੇ ਆਕਾਸ਼ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀ ਸੁਰੱਖਿਆ ਗਾਰਡ ਨਾਲ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਸ ਨੂੰ ਪਹਿਲਾਂ ਵੀ ਰਾਤ ਨੂੰ ਬਾਜ਼ਾਰ ’ਚ ਘੁੰਮਦੇ ਸਮੇਂ ਸੁਰੱਖਿਆ ਗਾਰਡ ਨੇ ਰੋਕਿਆ ਸੀ। ਦੀਵਾਲੀ ਦੀ ਰਾਤ ਨੂੰ ਦੁਬਾਰਾ ਰੋਕੇ ਜਾਣ ਤੋਂ ਨਾਰਾਜ਼ ਹੋ ਕੇ ਮੁਲਜ਼ਮ ਨੇ ਉਸ ’ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਜਾਂਚ ਜਾਰੀ ਹੈ।