ਸਕੱਤਰ ਬਦਲੇ, ਪਰ ਨਹੀਂ ਬਦਲੇ ਹਾਲਾਤ ਸਕੱਤਰ ਬਦਲੇ, ਪਰ ਨਹੀਂ ਬਦਲੇ ਹਾਲਾਤ
Publish Date: Sat, 08 Aug 2026 08:00 PM (IST)
Updated Date: Sun, 09 Aug 2026 04:06 AM (IST)
- ਬਹਾਦਰ ਕੇ ਰੋਡ ਮਾਰਕੀਟ ਕਮੇਟੀ ਚ ਸਰਕਾਰੀ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ - ਕਿਸਾਨਾਂ ਲਈ ਬਣੇ ਸ਼ੈਡਾਂ ਹੇਠਾਂ ਪਾਰਕਿੰਗ ਦੀ ਵਰਤੋਂ ਵਜੋਂ ਕੱਟ ਰਹੀ ਮਾਰਕੀਟ ਕਮੇਟੀ ਪਰਚੀ ਫ਼ੋਟੋ ਨੰਬਰ-39, 41 ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ : ਕਿਸਾਨਾਂ ਲਈ ਬਣਾਈ ਗਈ ਬਹਾਦਰ ਕੇ ਰੋਡ ਅਨਾਜ ਮੰਡੀ ਚ ਕਿਸਾਨਾਂ ਦੀ ਥਾਂ ਹੁਣ ਸੀਮਿੰਟ ਮਾਫੀਆ ਤੇ ਟਰਾਂਸਪੋਰਟਰਾਂ ਦਾ ਰਾਜ ਚੱਲ ਰਿਹਾ ਹੈ। ਮਾਰਕੀਟ ਕਮੇਟੀ ਦੇ ਦਫਤਰ ਤੋਂ ਕੁੱਝ ਹੀ ਕਦਮਾਂ ਦੀ ਦੂਰੀ ਤੇ ਟਰਾਂਸਪੋਰਟਰਾਂ ਦਾ ਨਾਜਾਇਜ਼ ਕਬਜ਼ਾ ਮਾਰਕੀਟ ਪ੍ਰਬੰਧਾਂ ਦੀ ਪੂਰੀ ਪੋਲ ਖੋਲ੍ਹ ਰਿਹਾ ਹੈ। ਸਰਕਾਰੀ ਨਿਯਮਾਂ ਮੁਤਾਬਕ ਕਿਸਾਨਾਂ ਲਈ ਬਣਾਈ ਗਈ ਮੰਡੀ ਚ ਕਿਸੇ ਵੀ ਤਰ੍ਹਾਂ ਦੇ ਟਰਾਂਸਪੋਰਟ ਵਾਹਨਾਂ ਨੂੰ ਖੜ੍ਹਾ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਇੱਥੇ ਟਰਾਂਸਪੋਰਟ ਮਾਫੀਆ ਵੱਲੋਂ ਸ਼ੈੱਡਾਂ ਹੇਠਾਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ ਕਾਰੋਬਾਰ ਚਲਾਇਆ ਜਾ ਰਿਹਾ ਹੈ। ਸੀਮਿੰਟ ਅਤੇ ਹੋਰ ਸਮਾਨ ਲਿਜਾਣ ਵਾਲੇ ਵਾਹਨ ਦਿਨ-ਰਾਤ ਮੰਡੀ ਚ ਖੜ੍ਹੇ ਰਹਿੰਦੇ ਹਨ। ਸੂਤਰਾਂ ਮੁਤਾਬਕ ਇਹ ਮੁੱਦਾ ਪਹਿਲਾਂ ਵੀ ਕਈ ਵਾਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਗਿਆ, ਪਰ ਕਬਜ਼ੇ ਅੱਜ ਤੱਕ ਖਾਲੀ ਨਹੀਂ ਕਰਵਾਏ ਗਏ। ਇੱਥੋਂ ਤੱਕ ਕਿ ਮਾਰਕੀਟ ਕਮੇਟੀ ਦੇ ਸਕੱਤਰ ਵੀ ਬਦਲਦੇ ਰਹੇ, ਪਰ ਮੰਡੀ ਦੇ ਹਾਲਾਤ ਲਗਾਤਾਰ ਬਦਤਰ ਹੁੰਦੇ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ਤੇ ਹੋ ਰਹੇ ਨਜਾਇਜ਼ ਕਬਜ਼ੇ ਬਿਨਾਂ ਅਧਿਕਾਰੀਆਂ ਦੀ ਮਿਲੀਭੁਗਤ ਦੇ ਸੰਭਵ ਨਹੀਂ ਹਨ। ਲੱਗਦਾ ਹੈ ਕਿ ਕਿਸੇ ਦਾ ਹਿੱਤ ਇਸ ਕਬਜ਼ੇ ਨਾਲ ਜੁੜਿਆ ਹੋਇਆ ਹੈ। ਕੀ ਮਾਰਕੀਟ ਕਮੇਟੀ ਕਿਸਾਨਾਂ ਦੀ ਭਲਾਈ ਲਈ ਹੈ ਜਾਂ ਮਾਫੀਆ ਨੂੰ ਪਾਲਣ ਲਈ ਹੈ। ਸਰਕਾਰ ਨੂੰ ਤੁਰੰਤ ਇਸ ਮਾਮਲੇ ਚ ਦਖਲ ਦੇ ਕੇ ਨਜਾਇਜ਼ ਕਬਜ਼ੇ ਖਾਲੀ ਕਰਵਾਉਣੇ ਚਾਹੀਦੇ ਹਨ ਅਤੇ ਦੋਸ਼ੀ ਅਧਿਕਾਰੀਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਟਰਾਂਸਪੋਰਟ ਮਾਫ਼ੀਆਂ ਤੋਂ ਮੰਡੀ ਖ਼ਾਲੀ ਕਰਵਾਵਾਂਗੇ : ਗਿੱਲ ਜਦੋਂ ਮਾਰਕੀਟ ਕਮੇਟੀ ਚੇਅਰਮੈਨ ਗੁਰਜੀਤ ਸਿੰਘ ਗਿੱਲ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਰੋਜ਼ਾਨਾ ਦੇ ਹਿਸਾਬ ਨਾਲ ਇਨ੍ਹਾਂ ਦੀ ਪਰਚੀ ਕੱਟੀ ਜਾ ਰਹੀ ਹੈ। ਜਦੋਂ ਚੇਅਰਮੈਨ ਨੂੰ ਪੁੱਛਿਆ ਗਿਆ ਕਿ ਕੀ ਸਰਕਾਰੀ ਨਿਯਮਾਂ ਮੁਤਾਬਕ ਕਿਸਾਨਾਂ ਦੇ ਹਿੱਤ ਲਈ ਬਣਾਏ ਸ਼ੈੱਡ ਹੇਠਾਂ ਪਾਰਕਿੰਗ ਕਰਵਾ ਕੇ ਮਾਰਕੀਟ ਕਮੇਟੀ ਪਰਚੀ ਕੱਟ ਸਕਦੀ ਹੈ ਜਾਂ ਨਹੀਂ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਪਤਾ ਕਰਵਾ ਕੇ ਟਰਾਂਸਪੋਰਟ ਮਾਫੀਆ ਤੋਂ ਦਾਣਾ ਮੰਡੀ ਦੀ ਥਾਂ ਖਾਲੀ ਕਰਵਾਈ ਜਾਵੇਗੀ।