- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਡੀਐੱਮ ਨੇ ਝੋਨੇ ਦੀ ਖਰੀਦ ਸਬੰਧੀ ਆੜ੍ਹਤੀਆਂ ਤੇ ਏਜੰਸੀਆਂ ਨਾਲ ਕੀਤੀ ਮੀਟਿੰਗ

ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਐੱਸ.ਡੀ.ਐੱਮ. ਗੁਰਸਿਮਰਨਜੀਤ ਕੌਰ ਵਲੋਂ ਅੱਜ ਮੰਡੀਆਂ ਵਿਚ ਚੱਲ ਰਹੀ ਝੋਨੇ ਦੀ ਖਰੀਦ ਸਬੰਧੀ ਆੜ੍ਹਤੀਆਂ ਤੇ ਖਰੀਦ ਏਜੰਸੀਆਂ ਨਾਲ ਇੱਕ ਮੀਟਿੰਗ ਕੀਤੀ। ਮੀਟਿੰਗ ਵਿਚ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਤੇ ਆਲਮਦੀਪ ਸਿੰਘ ਸਮੇਤ ਸਮੂਹ ਖਰੀਦ ਏਜੰਸੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਐੱਸ.ਡੀ.ਐੱਮ. ਨੇ ਮੀਟਿੰਗ ਕਰਦਿਆਂ ਕਿਹਾ ਕਿ ਮੰਡੀਆਂ ਵਿਚ ਝੋਨਾ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਕਿਸਾਨਾਂ ਦਾ ਸੁੱਕਾ ਝੋਨਾ ਤੁਰੰਤ ਖਰੀਦਿਆ ਜਾਵੇ ਅਤੇ ਅਦਾਇਗੀ ਵੀ ਸਮੇਂ ਸਿਰ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ 17 ਫੀਸਦੀ ਨਮੀ ਵਾਲਾ ਝੋਨਾ ਲੈ ਕੇ ਹੀ ਆਉਣ ਕਿਉਂਕਿ ਵੱਧ ਨਮੀ ਵਾਲਾ ਝੋਨਾ ਵੇਚਣ ਸਮੇਂ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕੰਬਾਇਨ ਮਾਲਕਾਂ ਨੂੰ ਹਦਾਇਤ ਕੀਤੀ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਫਸਲ ਕਟਾਈ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਦੀਵਾਲੀ ਤੋਂ ਪਹਿਲਾਂ ਝੋਨੇ ਦੀ ਕਟਾਈ ਕਰ ਲਈ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ’ਚ ਆਤਿਸ਼ਬਾਜ਼ੀ ਦੌਰਾਨ ਫਸਲ ਨੂੰ ਅੱਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ।