ਸਕਰੈਪ ਵਪਾਰੀ ਤੋਂ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ, ਪਰਿਵਾਰ ਸਮੇਤ ਜਾਨੋਂ ਮਾਰਨ ਦੀ ਧਮਕੀ
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜੀਵ ਗਾਂਧੀ ਕਾਲੋਨੀ ਦੇ ਵਾਸੀ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਸ਼ਾਮ ਕਰੀਬ 7:46 ਵਜੇ ਉਹ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਉਸ ਦੇ ਮੋਬਾਈਲ ’ਤੇ ਇਕ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ, ਜਿਸ ’ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
Publish Date: Mon, 17 Aug 2026 11:38 AM (IST)
Updated Date: Mon, 17 Aug 2026 11:42 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਫੋਕਲ ਪੁਆਇੰਟ ਇਲਾਕੇ ’ਚ ਇੱਕ ਵਿਅਕਤੀ ਨੂੰ ਅਣਪਛਾਤੇ ਮੋਬਾਈਲ ਨੰਬਰਾਂ ਤੋਂ ਲਗਾਤਾਰ ਧਮਕੀ ਭਰੇ ਫੋਨ ਤੇ ਮੈਸੇਜ ਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਥਿਤ ਤੌਰ ’ਤੇ ਧਮਕੀ ਦੇਣ ਵਾਲੇ ਨੇ 5 ਲੱਖ ਰੁਪਏ ਮੰਗੇ ਤੇ ਨਾਲ ਹੀ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸਨੂੰ ਪਰਿਵਾਰ ਸਮੇਤ ਜਾਨੋਂ ਮਾਰ ਦਿਆਂਗੇ। ਮਾਮਲਾ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਜਦੋਂ ਜਾਂਚ ਅੱਗੇ ਵਧੀ ਤਾਂ ਧਮਕੀਆਂ ਪਿੱਛੇ ਪੁਰਾਣੀ ਰੰਜਿਸ਼ ਸਾਹਮਣੇ ਆਈ ਤੇ ਪੁਲਿਸ ਨੇ ਕਥਿਤ ਮੁਲਜ਼ਮ ਦੀ ਸ਼ਨਾਖਤ ਕਰ ਲਈ।
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜੀਵ ਗਾਂਧੀ ਕਾਲੋਨੀ ਦੇ ਵਾਸੀ ਵਿਜੇਂਦਰ ਕੁਮਾਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲੋਂ ਸ਼ਾਮ ਕਰੀਬ 7:46 ਵਜੇ ਉਹ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਉਸ ਦੇ ਮੋਬਾਈਲ ’ਤੇ ਇਕ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ, ਜਿਸ ’ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।
ਧਮਕੀ ਦੇਣ ਵਾਲੇ ਨੇ ਕਥਿਤ ਤੌਰ ’ਤੇ ਕਿਹਾ ਕਿ ਉਹ ਉਸ ਦੀ ਸਕਰੈਪ ਦੀ ਦੁਕਾਨ ’ਤੇ ਗੋਲੀ ਚਲਾ ਦਿੱਤੀ ਜਾਵੇਗੀ। ਸ਼ਿਕਾਇਤਕਰਤਾ ਮੁਤਾਬਕ ਇਸ ਤੋਂ ਬਾਅਦ 11 ਅਗਸਤ ਨੂੰ ਸ਼ਾਮ ਕਰੀਬ 5:37 ਵਜੇ ਅਤੇ 13 ਅਗਸਤ ਨੂੰ ਰਾਤ ਕਰੀਬ 9:04 ਵਜੇ ਉਸ ਦੇ ਮੋਬਾਈਲ ’ਤੇ ਫੋਨ ਆਏ। ਫੋਨ ਕਰਨ ਵਾਲੇ ਨੇ ਕਥਿਤ ਤੌਰ ’ਤੇ 5 ਲੱਖ ਰੁਪਏ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਕਾਰੋਬਾਰੀ ਅਤੇ ਉਸ ਦੇ ਪਰਿਵਾਰ ਨੂੰ ਇਸ ਦਾ ਅੰਜਾਮ ਭੁਗਤਣਾ ਪਵੇਗਾ।
ਧਮਕੀ ਭਰੀਆਂ ਕਾਲਾਂ ਤੋਂ ਬਾਅਦ ਸ਼ਿਕਾਇਤਕਰਤਾ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਲ ਕਰਨ ਵਾਲੇ ਮੋਬਾਈਲ ਨੰਬਰਾਂ ਸਮੇਤ ਹੋਰ ਤੱਥਾਂ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਕਥਿਤ ਤੌਰ ’ਤੇ ਰਜਿੰਦਰ ਕੁਮਾਰ ਵਾਸੀ ਰਾਜੀਵ ਗਾਂਧੀ ਕਲੋਨੀ ਦੀ ਸ਼ਮੂਲੀਅਤ ਸਬੰਧੀ ਜਾਣਕਾਰੀ ਮਿਲੀ।
ਪੁਲਿਸ ਪੜਤਾਲ ਵਿੱਚ ਸ਼ਿਕਾਇਤਕਰਤਾ ਅਤੇ ਕਥਿਤ ਮੁਲਜ਼ਮ ਵਿਚਕਾਰ ਪੁਰਾਣੀ ਰੰਜਿਸ਼ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਇਸ ਸਬੰਧੀ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਧਮਕੀ ਭਰੀਆਂ ਕਾਲਾਂ, ਮੈਸੇਜਾਂ ਤੇ ਪੁਰਾਣੀ ਰੰਜਿਸ਼ ਨਾਲ ਜੁੜੇ ਸਾਰੇ ਪੱਖਾਂ ਦੀ ਜਾਂਚ ਜਾਰੀ ਹੈ।