28 ਲੱਖ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ
ਸਰਪੰਚ ਭੁਪਿੰਦਰ ਰਾਠੌਰ ਵਲੋਂ 28 ਲੱਖ ਰੁਪਏ ਦੀ ਲਾਗਤ ਨਾਲ ਬਣੀ ਪਾਣੀ ਵਾਲੀ ਟੈਂਕੀ ਦਾ ਉਦਘਾਟਨ
Publish Date: Tue, 20 Jan 2026 07:17 PM (IST)
Updated Date: Wed, 21 Jan 2026 04:16 AM (IST)
ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਅੱਜ ਮਾਛੀਵਾੜਾ ਬਲਾਕ ਦੇ ਪਿੰਡ ਮੰਡ ਉਧੋਵਾਲ ਵਿਖੇ ਸ਼ੁੱਧ ਪਾਣੀ ਦੀ ਸਪਲਾਈ ਵਾਲੀ ਟੈਂਕੀ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਰਪੰਚ ਭੁਪਿੰਦਰ ਸਿੰਘ ਰਾਠੌਰ ਵਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਰਾਠੌਰ ਨੇ ਪਾਣੀ ਦੀ ਸਪਲਾਈ ਦਾ ਬਟਨ ਦੱਬਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਉੱਪਰ 28 ਲੱਖ ਰੁਪਏ ਦਾ ਖਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਬੇਟ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਉਨ੍ਹਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮਿਲੇ ਅਤੇ ਅੱਜ ‘ਜਲ ਜੀਵਨ ਮਿਸ਼ਨ-ਜਲ ਅਰਪਣ’ ਮਿਸ਼ਨ ਤਹਿਤ ਇਹ ਪਾਣੀ ਵਾਲੀ ਟੈਂਕੀ ਬਣਾਈ ਗਈ ਹੈ। ਭੁਪਿੰਦਰ ਰਾਠੌਰ ਨੇ ਕਿਹਾ ਕਿ ਇਸ ਟੈਂਕੀ ਨਾਲ 2 ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਯਤਨਾਂ ਸਦਕਾ ਇਹ ਪਾਣੀ ਵਾਲੀ ਟੈਂਕੀ ਦਾ ਨਿਰਮਾਣ ਹੋਇਆ ਹੈ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਕੌਂਸਲਰ ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ ਤੇ ਪਿੰਡ ਵਾਸੀ ਹਾਜ਼ਰ ਸਨ।