‘ਸਰਬ ਸਾਂਝਾ ਆਰਟ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸੰਪੰਨ ਮਲੌਦ ਵਿਖੇ ‘ਸਰਬ ਸਾਂਝਾ ਆਰਟ ਮੇਲਾ’ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ-ਸ਼ੌਕਤ ਨਾਲ ਸੰਪੂਰਨ
Publish Date: Tue, 27 Oct 2026 07:07 PM (IST)
Updated Date: Tue, 27 Oct 2026 07:10 PM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ ਮਲੌਦ : ਇਲਾਕੇ ਦੇ ਬੱਚਿਆਂ ਦੀ ਕਲਾਤਮਕ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਵੱਡਾ ਮੰਚ ਪ੍ਰਦਾਨ ਕਰਨ ਲਈ ਚੜ੍ਹਦੀ ਕਲਾ ਸੱਭਿਆਚਾਰਕ ਅਤੇ ਸਪੋਰਟਸ ਵੈਲਫੇਅਰ ਕਲੱਬ (ਰਜਿ.) ਵੱਲੋਂ ਕਮਿਊਨਿਟੀ ਹਾਲ, ਮਲੌਦ ਵਿਖੇ ਕਰਵਾਇਆ ਗਿਆ ਵਿਸ਼ਾਲ ‘ਸਰਬ ਸਾਂਝਾ ਆਰਟ ਮੇਲਾ’ ਬੱਚਿਆਂ ਵਿੱਚ ਨਵੀਂ ਊਰਜਾ ਅਤੇ ਅਮਿਟ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਸਮਾਗਮ ਵਿੱਚ ਮੁੱਖ ਸਪਾਂਸਰ ‘ਦੀਪਕ ਫੀਡ ਮਲੌਦ’ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਵਿੱਚ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰੀਬਨ ਕੱਟ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਪ੍ਰਧਾਨ ਸੋਨੀਆ ਗੋਇਲ ਨੇ ਕਲੱਬ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਕਲਾਤਮਕ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਹਨ, ਤਾਂ ਜੋ ਬੱਚਿਆਂ ਨੂੰ ਅੱਗੇ ਵਧਣ ਦਾ ਸਹੀ ਮੰਚ ਮਿਲ ਸਕੇ। ਇਸ ਤੋਂ ਇਲਾਵਾ ‘ਸ਼ਿਆਮਾ ਅਤਰ ਮਲੇਰਕੋਟਲਾ’, ਵਰਮਾ ਗੋਲਡ ਜਿੰਮ ਮਲੌਦ, ਅਲੀ ਬਾਗ ਟੀ ਮਲੇਰਕੋਟਲਾ, ਲਕਸ ਫਲੋਰਾ ਨਰਸਰੀ ਮਲੇਰਕੋਟਲਾ, ਮਲੌਦ ਇਲਾਕੇ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨਾਂ, ਅਧਿਆਪਕਾਂ ਆਦਿ ਵਿਸ਼ੇਸ਼ ਸਹਿਯੋਗ ਰਿਹਾ। ਪ੍ਰੋਗਰਾਮ ਇੰਚਾਰਜ ਗੁਰਸੇਵਕ ਸਿੰਘ, ਮੁਹੰਮਦ ਰਿਜ਼ਵਾਨ ਅਤੇ ਕੋਆਰਡੀਨੇਟਰ ਮਨਪ੍ਰੀਤ ਸ਼ਰਮਾ ਨੇ ਪੂਰੇ ਸਮਾਗਮ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਆਰਟ ਮੇਲੇ ਵਿੱਚ ਇਲਾਕੇ ਦੇ ਸਕੂਲਾਂ ਤੋਂ ਵੱਡੀ ਗਿਣਤੀ ਬੱਚਿਆਂ ਨੇ ਭਾਗ ਲਿਆ। ਹਰ ਇੱਕ ਬੱਚੇ ਨੂੰ ਗੋਲਡ ਮੈਡਲ, ਸਰਟੀਫਿਕੇਟ, ਰਿਫ੍ਰੈਸ਼ਮੈਂਟ ਅਤੇ ਡਰਾਇੰਗ ਸ਼ੀਟ ਦਿੱਤੀ ਗਈ, ਜਦਕਿ ਜੇਤੂ ਬੱਚਿਆਂ ਨੂੰ ‘ਸ਼ਿਆਮਾ ਅਤਰ’ ਅਤੇ ‘ਅਲੀ ਬਾਗ ਟੀ’ ਵੱਲੋਂ ਉਚੇਚੇ ਤੌਰ ‘ਤੇ ਦਿੱਤੇ ਗਏ ਆਕਰਸ਼ਕ ਗਿਫ਼ਟਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਮਨਜ਼ੂਰ ਅਹਿਮਦ ਨੇ ਮੋਟੀਵੇਸ਼ਨਲ ਸਪੀਚ ਦਿੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।