- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ

-ਜਵੱਦੀ ਟਕਸਾਲ ’ਚ ਕਰਵਾਇਆ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਐਤਵਾਰ ਨੂੰ ਸੰਤ ਬਾਬਾ ਸੁੱਚਾ ਸਿੰਘ ਵੱਲੋਂ ਸਿਰਜਤ ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਸਿਮਰਨ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰੂ ਸ਼ਬਦ ਸੰਗੀਤ ਅਕੈਡਮੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਰਾਗ-ਆਧਾਰਿਤ ਗੁਰਬਾਣੀ ਸ਼ਬਦ ਕੀਰਤਨ ਨਾਲ ਕੀਤੀ। ਇਸ ਮੌਕੇ ਜੁੜੀਆਂ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਨੇਕੀ ਤੇ ਬਦੀ ਦੇ ਵਿਸ਼ੇ ’ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਹ ਮਨੁੱਖੀ ਜੀਵਨ ਦੇ ਦੋ ਅਹਿਮ ਪਹਿਲੂ ਹਨ, ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਵੀ ਹੁੰਦੇ ਹਨ, ਉਸੇ ਤਰ੍ਹਾਂ ਮਨੁੱਖ ਅੰਦਰ ਨੇਕੀ ਤੇ ਬਦੀ ਦੋਵੇਂ ਤੱਤ ਮੌਜੂਦ ਹੁੰਦੇ ਹਨ। ਇਨ੍ਹਾਂ ਵਿੱਚੋਂ ਜਿਹੜਾ ਤੱਤ ਭਾਰੂ ਹੋ ਜਾਂਦਾ ਹੈ, ਮਨੁੱਖ ਦਾ ਜੀਵਨ ਵੀ ਉਸੇ ਅਨੁਸਾਰ ਢਲ਼ ਜਾਂਦਾ ਹੈ। ਨੇਕੀ ਦੇ ਮਾਰਗ ’ਤੇ ਚੱਲਣ ਵਾਲਾ ਮਨੁੱਖ ਗੁਰਮੁੱਖ, ਪਰਉਪਕਾਰੀ ਤੇ ਕ੍ਰਿਤਘਣ ਬਣਦਾ ਹੈ, ਜਦਕਿ ਬਦੀ ਦੇ ਰਾਹ ’ਤੇ ਚੱਲਣ ਵਾਲਾ ਮਨੁੱਖ ਚੋਰ, ਠੱਗ, ਪਾਪੀ ਤੇ ਅਕ੍ਰਿਤਘਣ ਬਣ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਗੁਰਮੁਖ, ਸੰਤ, ਭਗਤ ਅਤੇ ਸੇਵਕ ਨੂੰ ਸਤਿਕਾਰਯੋਗ ਰੁਤਬਾ ਪ੍ਰਾਪਤ ਹੈ, ਜਦਕਿ ਮਨਮੁਖ, ਨਿਗੁਰੇ ਤੇ ਅਕ੍ਰਿਤਘਣ ਵਿਅਕਤੀ ਦੇ ਜੀਵਨ ਨੂੰ ਨਾਂਹਪੱਖੀ ਦਰਸਾਇਆ ਹੈ। ਜਦੋਂ ਮਨੁੱਖ ਦੂਜਿਆਂ ਵੱਲੋਂ ਕੀਤੇ ਪਰਉਪਕਾਰਾਂ ਨੂੰ ਭੁਲਾ ਕੇ ਆਪਣੀ ਚਲਾਕੀ ਅਤੇ ਦੂਜਿਆਂ ਨਾਲੋਂ ਵੱਧ ਸਿਆਣਾ ਹੋਣ ਦਾ ਦਾਅਵਾ ਕਰਨ ਲੱਗ ਪੈਂਦਾ ਹੈ, ਤਾਂ ਉਹ ਅਕ੍ਰਿਤਘਣਤਾ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹਾ ਵਿਅਕਤੀ ਕੰਮ ਪੂਰਾ ਹੋਣ ਤੋਂ ਬਾਅਦ ਉਸ ਵਿਅਕਤੀ ਨੂੰ ਵੀ ਵਿਸਾਰ ਦਿੰਦਾ ਹੈ, ਜਿਸ ਨੇ ਔਖੇ ਸਮੇਂ ਉਸਦੀ ਮਦਦ ਕੀਤੀ ਹੋਵੇ। ਇਹ ਵਰਤਾਰਾ ਮਨੁੱਖ ਦੀ ਨੈਤਿਕ ਗਿਰਾਵਟ ਨੂੰ ਦਰਸਾਉਂਦਾ ਹੈ।
ਬਾਬਾ ਜੀ ਨੇ ਕਿਹਾ ਕਿ ਸਿੱਖ ਧਰਮ ਦੇ ਮਹਾਨ ਚਿੰਤਕ ਤੇ ਵੱਡਮੁੱਲੀਆਂ ਵਿਆਖਿਆਵਾਂ ਦੇ ਰਚੈਤਾ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ’ਚ ਅਕ੍ਰਿਤਘਣ ਮਨੁੱਖ ਦੇ ਸੁਭਾਅ ਅਤੇ ਵਿਹਾਰ ਨੂੰ ਬਾਖੂਬੀ ਬਿਆਨ ਕੀਤਾ ਹੈ। ਅਕ੍ਰਿਤਘਣ ਹੋਣਾ ਇਕ ਨੈਤਿਕ ਬੁਰਾਈ ਹੈ। ਆਪਣੀ ਮਨਮਤਿ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਮਨੁੱਖ ਅਗਿਆਨਤਾ ਕਾਰਨ ਆਪਣਾ ਕੀਮਤੀ ਜੀਵਨ ਵਿਅਰਥ ਗੁਆ ਲੈਂਦਾ ਹੈ ਤੇ ਆਪਣੇ ਪਰਿਵਾਰ ਲਈ ਵੀ ਦੁੱਖਾਂ ਦਾ ਕਾਰਨ ਬਣਦਾ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਮਨੁੱਖ ਨੂੰ ਆਪਣਾ ਮੂਲ ਪਛਾਣਨ ਤੇ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਜਵੱਦੀ ਟਕਸਾਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਤੋਂ 29 ਅਕਤੂਬਰ ਤੱਕ ਕਰਵਾਇਆ ਜਾਵੇਗਾ।