ਸਫਾਈ ਕਰਮਚਾਰੀਆਂ ਦੀ ਹੜਤਾਲ, ਕੂੜੇ ਦੇ ਢੇਰਾਂ ਨਾਲ ਸ਼ਹਿਰ ਦਾ ਮਾੜਾ ਹਾਲ ਸਫਾਈ ਕਰਮਚਾਰੀਆਂ ਦੀ ਹੜਤਾਲ, ਕੂੜੇ ਦੇ ਢੇਰਾਂ ਨਾਲ ਸ਼ਹਿਰ ਦਾ ਮਾੜਾ ਹਾਲ
Publish Date: Tue, 14 Jul 2026 10:44 PM (IST)
Updated Date: Wed, 15 Jul 2026 04:13 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ: ਸਫ਼ਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਖੰਨਾ ਸਫਾਈ ਕਰਮਚਾਰੀ ਕਰੀਬ ਹਫ਼ਤੇ ਤੋਂ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠੇ ਹਨ। ਸਫ਼ਾਈ ਕਰਮਚਾਰੀਆਂ ਨੇ ਨਗਰ ਕੌਂਸਲ ਖੰਨਾਂ ਦੇ ਦਫ਼ਤਰ ਦੇ ਬਾਹਰ ਕਦੇ ਤਪਦੀ ਧੁੱਪ ਤੇ ਕਦੇ ਵਰਦੇਂ ਮੀਂਹ ’ਚ ਸਰਕਾਰ ਖ਼ਿਲਾਫ਼ ਰੋਸ ਪ੍ਰਦਰ਼ਸਨ ਕੀਤਾ ਜਾ ਰਿਹ ਹੈ। ਸਫ਼ਾਈ ਕਰਮੀਆਂ ਵੱਲੋਂ ਜੰਮ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਸਫ਼ਾਈ ਕਰਮੀਆਂ ਦੀ ਕਈ ਦਿਲਾਂ ਦੀ ਹੜਤਾਲ ਕਰਕੇ ਸ਼ਹਿਰ ਦੀ ਸਫ਼ਾਈ ਦਾ ਮਾੜਾ ਹਾਲ ਹੋ ਗਿਆ ਹੈ ਤੇ ਥਾਂ ਥਾਂ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਫ਼ਾਈ ਯੂਨੀਅਨ ਦੇ ਮੁਖੀ ਗਰੀਬਦਾਸ ਨੇ ਕਿਹਾ ਕਿ 2011 ਤੋਂ ਠੇਕਾ ਕਰਮਚਾਰੀਆਂ ਨੂੰ ਨਿਯਮਤ ਕਰਨ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ ਪਰ ਸਾਲਾਂ ਤੋਂ ਸਾਨੂੰ ਸਿਰਫ਼ ਭਰੋਸੇ ਹੀ ਮਿਲੇ ਹਨ। 25 ਸਾਲਾਂ ਤੋਂ ਅਸਥਾਈ ਕਰਮਚਾਰੀਆਂ ਨਾਲ ਵਾਅਦੇ ਕੀਤੇ ਗਏ ਹਨ ਪਰ ਅੱਜ ਤੱਕ, ਉਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹਾ ਕਰਨ ਲਈ ਮਜਬੂਰ ਹੋ ਕੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਗਰੀਬਦਾਸ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਜਦੋਂ ਤੱਕ ਠੇਕਾ ਕਰਮਚਾਰੀਆਂ ਨੂੰ ਸਥਾਈ ਨਹੀਂ ਕੀਤਾ ਜਾਂਦਾ। ਹੜਤਾਲ ਉਦੋਂ ਤੱਕ ਜਾਰੀ ਰਹੇਗੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਮੇਨਪਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਹੜਤਾਲ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਤੇ ਗੰਦਗੀ ਕਾਰਨ ਕੋਈ ਬਿਮਾਰੀ ਫੈਲਦੀ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਪੰਜਾਬ ਦੀ ਆਪ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਸਾਡੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ ਪੇ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਲਾਰੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਨੂੰ ਹੜਤਾਲ ’ਤੇ ਜਾਣ ਲਈ ਮਜ਼ਬੂਰ ਹੋਣਾ ਪਿਆ। ਬਾਕਸ-- ਗੰਦਗੀ ਦੇ ਢੇਰ ਲੱਗਣੇ ਸ਼ੁਰੂ, ਘਰ ਘਰ ਕੂੜਾ ਚੱਕਣ ਦਾ ਕੰਮ ਵੀ ਠੱਪ ਹੜਤਾਲ ਕਰਕੇ ਸ਼ਹਿਰ ਦੀ ਸਾਫ਼ ਸਫਾਈ ਦਾ ਮਾੜਾਂ ਹਾਲ ਸਾਹਮਣੇ ਆਉਣ ਲੱਗ ਪਿਆ ਹੈ। ਥਾਂ ਥਾਂ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਘਰ ਘਰ ਕੂੜਾ ਚੱਕਣ ਦਾ ਕੰਮ ਵੀ ਠੱਪ ਹੋ ਗਿਆ ਹੈ। ਭਾਵੇਂ ਇਕ ਕੰਮ ਠੇਕੇਦਾਰੀ ’ਤੇ ਦਿੱਤਾ ਹੋਇਆ ਹੈ ਪਰ ਸਫ਼ਾਈ ਕਰਮਚਾਰੀਆਂ ਦੀ ਚੇਤਾਵਨੀ ’ਤੇ ਘਰੋਂ ਘਰੀ ਕੂੜਾ ਚੱਕਣ ਜਾਂਦੀਆਂ ਗੱਡੀਆਂ ਵੀ ਰੋਕ ਦਿੱਤੀਆਂ ਗਈਆਂ ਹਨ, ਜਿਸ ਕਰਕੇ ਘਰਾਂ ’ਚ ਪ੍ਰਾਈਵੇਟ ਠੇਕੇਦਾਰ ਵੱਲੋਂ ਕੂੜਾ ਚੱਕਣ ਦਾ ਕੰਮ ਵੀ ਠੱਪ ਹੋ ਗਿਆ ਹੈ, ਬਰਸਾਤ ਦੇ ਮੌਸਮ ਕਰਕੇ ਸੀਵਰੇਜ ਦੀ ਸਮੱਸਿਆ ਵੀ ਬਣ ਗਈ ਹੈ ਕਿ ਸੀਵਰਮੈਨ ਵੀ ਹੜਤਾਲ ਕਰਕੇ ਆਪਣਾ ਕੰਮ ਨਹੀਂ ਕਰ ਸਕਦੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਕੋਈ ਹੱਲ ਨਾ ਲੱਭਿਆ ਗਿਆ, ਤਾਂ ਹਰ ਜਗ੍ਹਾ ਕੂੜੇ ਦੇ ਢੇਰ ਨਿਵਾਸੀਆਂ ਲਈ ਅਸੁਵਿਧਾ ਦਾ ਕਾਰਨ ਬਣ ਸਕਦੇ ਹਨ ਤੇ ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ ਵਧਾ ਸਕਦੇ ਹਨ। ਬਾਕਸ ਜਨਤਕ ਪਖਾਨਿਆਂ ਨੂੰ ਵੀ ਲੱਗੇ ਜਿੰਦੇ ਨਗਰ ਕੌਂਸਲ ਖੰਨਾ ਵੱਲੋਂ ਲੋਕਾਂ ਦੀ ਸਹੂਲਤ ਲਈ ਜੀਟੀ ਰੋਡ ’ਤੇ ਪੁਲ਼ ਦੇ ਥੱਲੇ ਸ਼ਹਿਰ ਦੇ ਪ੍ਰਮੁੱਖ ਚੋਂਕਾਂ ’ਚ ਜਨਤਕ ਪਖ਼ਾਨੇ ਬਣਾਏ ਗਏ ਸਨ, ਜਿਸ ਦਾ ਆਮ ਲੋਕਾਂ ਖ਼ਾਸ ਕਰਕੇ ਔਰਤਾਂ ਨੂੰ ਵੱਡਾ ਲਾਭ ਮਿਲਿਆ ਸੀ ਪਰ ਸਫ਼ਾਈ ਕਰਮੀਆਂ ਦੀ ਹੜਤਾਲ ਕਰਕੇ ਜਨਤਕ ਪਖਾਨਿਆਂ ਨੂੰ ਵੀ ਜਿੰਦੇ ਲਗਾ ਦਿੱਤੇ ਗਏ ਹਨ ਕਿਉਂਕਿ ਇੰਨ੍ਹਾਂ ਦੀ ਸਾਫ਼ ਸਫ਼ਾਈ ਲਈ ਕੋਈ ਕਰਮੀ ਨਹੀਂ ਸੀ। ਭੁਪਿੰਦਰ ਸਿੰਘ ਸਰਾਂ ਨੇ ਕਿਹਾ ਕਿ ਜਨਤਕ ਪਖਾਨੇ ਬੰਦ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਰਕਾਰ ਨੇ ਕਦੇ ਪੰਜਾਬ ਦੇ ਹਿੱਤ ਲਈ ਕੋਈ ਕੰਮ ਨਹੀਂ ਕੀਤਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਫ਼ਾਈ ਕਰਮੀਆਂ ਦੀ ਹੜਤਾਲ ਖ਼ਤਮ ਕਰਵਾਵੇ, ਜੇਕਰ ਇਹ ਹੜਤਾਲ ਖ਼ਤਮ ਨਾ ਹੋੲਂੀ ਤਾਂ ਸ਼ਹਿਰ ਦੇ ਅੰਦਰ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਸਾਫ਼ ਸਫ਼ਾਈ ਨਾ ਹੋਣ ਕਰਕੇ ਹਰ ਗਲੀ ਮੁਹੱਲੇ ਗੰਦਗੀ ਹੀ ਗੰਦਗੀ ਜਮਾਂ ਹੋ ਗਈ ਹੈ। ਨਗਰ ਕੌਂਸਲ ਦੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਸਫਾਈ ਯੂਨੀਅਨ ਨੇ ਮੰਗਲਵਾਰ ਨੂੰ ਹੀ ਉਨ੍ਹਾਂ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ ਸੀ। ਨਗਰ ਕੌਂਸਲ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਹਨ। ਈਓ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸਰਕਾਰ ਪੱਧਰ ਦਾ ਮਾਮਲਾ ਹੈ, ਅਤੇ ਅੰਤਿਮ ਫੈਸਲਾ ਸਰਕਾਰ ਕੋਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਤੇ ਜਲਦੀ ਹੀ ਸਕਾਰਾਤਮਕ ਫੈਸਲਾ ਲਿਆ ਜਾਵੇਗਾ।