’ਗੁਰੂ ਨਾਨਕ ਬਗੀਚੀ’ ਦਾ ਸੰਧੂ ਅਤੇ ਧੂਰੀ ਵੱਲੋਂ ਉਦਘਾਟਨ ਗੋਲਡਨ ਅਰਥ ਸਕੂਲ ਵਿਖੇ ’ਗੁਰੂ ਨਾਨਕ ਬਗੀਚੀ’ ਦਾ ਸੰਧੂ ਅਤੇ ਧੂਰੀ ਵੱਲੋਂ ਉਦਘਾਟਨ
Publish Date: Tue, 14 Jul 2026 07:29 PM (IST)
Updated Date: Wed, 15 Jul 2026 04:08 AM (IST)
ਰੁੱਖਾਂ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਓ ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਵੱਲੋਂ ਆਪਣਾ ਪੰਜਾਬ ਫਾਊਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਵਿਖੇ ਵਣ-ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਤਿਆਰ ਕੀਤੀ ਗਈ ‘ਗੁਰੂ ਨਾਨਕ ਬਗੀਚੀ’ ਦਾ ਉਦਘਾਟਨ ਮੁੱਖ ਮਹਿਮਾਨ ਡੀਐੱਸਪੀ ਦਾਖਾ ਕਰਨ ਸਿੰਘ ਸੰਧੂ ਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਸਾਂਝੇ ਰੂਪ ਵਿੱਚ ਕੀਤਾ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਰੁੱਖ ਸਾਡੀ ਜ਼ਿੰਦਗੀ ਦਾ ਆਧਾਰ ਹਨ, ਇਸ ਲਈ ਰੁੱਖਾਂ ਨੂੰ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾਓ ਤਾਂ ਜੋਂ ਹਦੋਂ ਵੱਧ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਦੀ ਸੁਚੱਜੇ ਢੰਗ ਨਾਲ ਸੰਭਾਲ ਹੋ ਸਕੇ। ਉਨ੍ਹਾਂ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਦੇ ਦੌਰ ਵਿੱਚ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਾਏ ਅਤੇ ਉਨ੍ਹਾਂ ਦੀ ਸੰਭਾਲ ਵੀ ਕਰੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਲਗਾਇਆ ਇੱਕ ਬੂਟਾ ਕੱਲ੍ਹ ਦੀਆਂ ਪੀੜ੍ਹੀਆਂ ਲਈ ਅਨਮੋਲ ਤੋਹਫ਼ਾ ਹੈ। ਤੁਸੀਂ ਆਪਣੇ ਜਨਮ ਦਿਨ ਜਾਂ ਕਿਸੇ ਵੀ ਖ਼ਾਸ ਮੌਕੇ ’ਤੇ ਇੱਕ ਰੁੱਖ ਲਗਾਉਣ ਦਾ ਸੰਕਲਪ ਜ਼ਰੂਰ ਲਵੋ। ਇਸ ਮੌਕੇ ਸਕੂਲ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਨੇ ਆਏ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਇੱਕ ਅਜਿਹੀ ਗਿਆਨ ਵੰਡਣ ਵਾਲੀ ਸੰਸਥਾ, ਜਿਹੜੀ ਕਿ ਹਮੇਸ਼ਾ ਬੱਚਿਆਂ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਸਮਾਜਿਕ ਅਤੇ ਵਾਤਾਵਰਣ ਜ਼ਿੰਮੇਵਾਰੀਆਂ ਨੂੰ ਵੀ ਪਹਿਲ ਦਿੰਦੀ ਹੈ। ਉਨ੍ਹਾਂ ਕਿਹਾ ਕਿ ‘ਗੁਰੂ ਨਾਨਕ ਬਗੀਚੀ’ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕੁਦਰਤ ਨਾਲ ਪ੍ਰੇਮ ਅਤੇ ‘ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦੇ ਮਹਾਨ ਸਿਧਾਂਤ ਨੂੰ ਸਮਰਪਿਤ ਇੱਕ ਵਿਲੱਖਣ ਉਪਰਾਲਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰੁੱਖਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ । ਡੀਐੱਸਪੀ ਕਰਨ ਸਿੰਘ ਸੰਧੂ ਵੱਲੋਂ ਕਰਾਟੇ ਟੂਰਨਾਮੈਂਟ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਸੁਖਪ੍ਰੀਤ ਸਿੰਘ ਸੰਧੂ, ਰਾਜਪਾਲ ਸਿੰਘ, ਨਿਰਮਲ ਸਿੰਘ ਧਾਲੀਵਾਲ, ਗੁਰਇਕਬਾਲ ਸਿੰਘ, ਵਿਨੋਦ ਕਾਲੀਆ, ਮਲਕੀਤ ਸਿੰਘ, ਉਪ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ. ਮਨਿੰਦਰ ਪਾਲ ਅਰੋੜਾ, ਪ੍ਰਿੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ ਵਿਰਕ ਅਤੇ ਕੋਆਰਡੀਨੇਟਰ ਮਨਜੀਤ ਕੌਰ ਆਦਿ ਹਾਜ਼ਰ ਸਨ।