- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤ ਸਭਾ ਸਮਰਾਲਾ ਵੱਲੋਂ ਨਵੀਆਂ ਰਚਨਾਵਾਂ ਦੇ ਨਾਲ ਨਵੀਆਂ ਕਿਤਾਬਾਂ ਵੀ ਪਾਈਆਂ ਜਾਂਦੀਆਂ ਸਾਹਿਤ ਦੀ ਝੋਲੀ

ਦਰਸ਼ਨ ਸਿੰਘ, ਪੰਜਾਬੀ ਜਾਗਰਣ
ਸਮਰਾਲਾ : ਸਾਹਿਤਕ ਸੰਸਥਾ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਅਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਾਹਿਤ ਸਭਾ ਦੇ ਪ੍ਰਧਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਇੰਗਲੈਂਡ ਵਿਖੇ ‘ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਗਮ’ ਕਰਵਾਉਣ ਉੱਤੇ ਬਲਵਿੰਦਰ ਸਿੰਘ ਚਹਿਲ, ਦਲਜਿੰਦਰ ਰਹਿਲ ਇਟਲੀ ਅਤੇ ਸੰਸਥਾ ਦੇ ਹੋਰ ਦਰਜਾ-ਬਾ-ਦਰਜਾ ਅਹੁਦੇਦਾਰਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦਾ ਅਰੰਭ ਗਾਰਡਨ ਵੈਲੀ ਸਕੂਲ ਦਿਆਲਪੁਰਾ ਦੀ ਪ੍ਰਿੰਸੀਪਲ ਮੈਡਮ ਸਵਾਤੀ ਘਈ ਦਾ ਪਲੇਠਾ ਕਹਾਣੀ ਸੰਗ੍ਰਹਿ “ਪੜ੍ਹੀਆਂ ਲਿਖੀਆਂ ਕੁੜੀਆਂ ਦੇ ਅਨਪੜ੍ਹ ਲੇਖ” ਲੋਕ-ਅਰਪਣ ਕਰਕੇ ਕੀਤਾ ਗਿਆ। ਕਿਤਾਬ ਸੰਬੰਧੀ ਜਾਣ-ਪਛਾਣ ਕਰਵਾਉਂਦਿਆਂ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਮੈਂ ਇਸ ਕਿਤਾਬ ਦੇ ਖਰੜੇ ਦਾ ਅੱਖਰ ਅੱਖਰ ਪੜ੍ਹਿਆ ਹੈ ਅਤੇ ਮੇਰੇ ਦਿਲ ਨੂੰ ਕਿਤਾਬ ਵਿਚਲੀਆਂ 22 ਦੀਆਂ 22 ਕਹਾਣੀਆਂ ਨੇ ਟੁੰਬਿਆ ਹੈ। ਕੋਈ ਵੀ ਪਾਠਕ ਕਿਤਾਬ ਸ਼ੁਰੂ ਕਰਕੇ ਪੂਰੀ ਪੜ੍ਹੇ ਬਿਨਾ ਨਹੀਂ ਰਹਿ ਸਕੇਗਾ। ਲੇਖਿਕਾ ਜਤਿੰਦਰ ਕੌਰ ਬੁਆਲ ਨੇ ਸਵਾਤੀ ਘਈ ਅਤੇ ਉਸਦੇ ਪਰਿਵਾਰ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਪਰਿਵਾਰ ਵਿੱਚ ਭਾਵੇਂ ਲਿਖਣ-ਪੜ੍ਹਨ ਦਾ ਕੋਈ ਚਲਣ ਨਹੀਂ ਸੀ ਪਰ ਸਵਾਤੀ ਮੈਡਮ ਨੇ ਇਕ ਨਵੀਂ ਲੀਹ ਪਾਈ ਹੈ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਹਾਣੀ ਦੇ ਨੁਕਤਿਆਂ ‘ਤੇ ਗੱਲ ਕਰਦਿਆਂ ਕਹਾਣੀ ਲਿਖਣ ਸੰਬੰਧੀ, ਪਾਤਰ ਉਸਾਰੀ ਸੰਬੰਧੀ ਅਤੇ ਕਹਾਣੀ ਦੇ ਵਿਸ਼ੇ ਸੰਬੰਧੀ ਹਾਜ਼ਰੀਨ ਨਾਲ ਵਿਸਥਾਰ ਸਹਿਤ ਗੱਲਾਂ ਕੀਤੀਆਂ।
ਉਨ੍ਹਾਂ ਤੋਂ ਇਲਾਵਾ ਮੈਡਮ ਸਵਾਤੀ ਘਈ ਦੇ ਪਤੀ ਅਰੂਸ਼ ਘਈ ਖੰਨਾ, ਗੁਰਭਗਤ ਗਿੱਲ (ਭੈਣੀ ਸਾਹਿਬ), ਦੀਪ ਦਿਲਬਰ ਅਤੇ ਸਿਮਰਜੀਤ ਸਿੰਘ ਕੰਗ ਨੇ ਵੀ ਕਿਤਾਬ ਸੰਬੰਧੀ ਚਰਚਾ ਕੀਤੀ ਅਤੇ ਲੇਖਿਕਾ ਨੂੰ ਨਵੀਂ ਕਿਤਾਬ ਦੀ ਵਧਾਈ ਦਿੱਤੀ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਨੇਤਰ ਸਿੰਘ ਮੁੱਤੋਂ ਦੀ ਕਵਿਤਾ ‘ਚਾਨਣ’ ਨਾਲ ਹੋਈ। ਪ੍ਰੋ. ਸਤਵੰਤ ਕੰਵਲ ਨੇ ਖ਼ੂਬਸੂਰਤ ਕਵਿਤਾ ‘ਮਾਂ ਇੰਝ ਸੁਣਦੀ ਹੈ ਕਵਿਤਾ ਮੇਰੀ’ ਨਾਲ ਮਹੌਲ ਸੰਜੀਦਾ ਬਣਾ ਦਿੱਤਾ। ਅਮਨ ਸਮਰਾਲਾ ਨੇ ਮਿੰਨੀ ਕਹਾਣੀ ‘ਖਿਡਾਉਣਾ’ ਸੁਣਾਈ। ਦਰਸ਼ਨ ਤੂਰ ਬਲਾਲਾ ਨੇ ਆਪਣੇ ਦੋ ਗੀਤ ‘ਗੱਲ ਕੀਤੀ ਨਈਂਓ ਸਾਡੇ ਨਾਲ ਠੀਕ ਸੱਜਣਾ’ ਅਤੇ ‘ਕੀ ਬਣੂ ਦੱਸੋ ਬਈ ਪੰਜਾਬੀਓ ਪੰਜਾਬ ਦਾ’ ਪੇਸ਼ ਕਰ ਕੇ ਸਭ ਦੀ ਵਾਹ-ਵਾਹੀ ਖੱਟੀ। ਸੰਤੋਖ ਸਿੰਘ ਨੇ ਆਪਣੇ ਪਿੰਡ ਕੋਟਾਲਾ ਉੱਪਰ ਲਿਖੀ ਜਾ ਰਹੀ ਕਿਤਾਬ ਦੇ ਖਰੜੇ ਵਿੱਚੋਂ ਇਕ ਲੇਖ ‘ਪਿੰਡ ਉੱਪਰ ਹਮਲੇ ਤੋਂ ਬਾਅਦ ਦਾ ਮੰਜ਼ਰ’ ਸੁਣਾ ਕੇ 1947 ਦੇ ਬਟਵਾਰੇ ਦੇ ਖ਼ੂਨੀ-ਦੁਖਾਂਤ ਅਤੇ ਉਸ ਸਮੇਂ ਪਿੰਡ ਵਿੱਚ ਹੋਈਆਂ ਲੁੱਟਾਂ-ਖੋਹਾਂ ਨੂੰ ਵੱਖ-ਵੱਖ ਬਜ਼ੁਰਗਾਂ ਦੀਆਂ ਮੁਲਾਕਾਤਾਂ ਦੇ ਆਧਾਰ ’ਤੇ ਪੇਸ਼ ਕੀਤਾ। ਮੀਟਿੰਗ ਦੌਰਾਨ ਪਿਛਲੇ ਮਹੀਨੇ ਅਚਾਨਕ ਸਦੀਵੀ ਵਿਛੋੜਾ ਦੇ ਗਏ ਉਰਦੂ-ਪੰਜਾਬੀ ਦੇ ਉੱਘੇ ਲੇਖਕ ਮਾ. ਰਘਬੀਰ ਸਿੰਘ ਭਰਤ ਅਤੇ ਪਿਛਲੇ ਦਿਨੀਂ ਵਿਛੋੜਾ ਦੇ ਗਏ ਆਰਟ ਸੈਂਟਰ ਸਮਰਾਲਾ ਦੇ ਉੱਘੇ ਅਦਾਕਾਰ ਸਵਰਨ ਸਿੰਘ ਗੜ੍ਹੀ ਤਰਖਾਣਾ ਦੇ ਵਿਛੋੜੇ ਉੱਤੇ ਵੀ ਦੁੱਖ ਜ਼ਾਹਰ ਕਰਕੇ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਗੁਰਦੀਪ ਮਹੌਣ, ਮੈਡਮ ਨਵਸ਼ਿਖਾ ਸ਼ਰਮਾ ਅਤੇ ਮੈਡਮ ਦਲਵੀਰ ਕੌਰ ਵੀ ਸ਼ਾਮਲ ਸਨ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ। ਅਗਲੇ ਮਹੀਨੇ ਫੇਰ ਮਿਲਣ ਦੇ ਵਾਅਦੇ ਨਾਲ ਸਭਾ ਉਠਾਅ ਦਿੱਤੀ ਗਈ।