- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਬਜ਼ਾਦਾ ਜ਼ੋਰਾਵਰ ਸਿੰਘ ਕਾਲਜ ਦੀਆਂ ਖਿਡਾਰਨਾਂ ਨੇ ਖੋ ਖੋ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਿਆ

ਠਾਕੁਰਜੀਤ ਸਿੰਘ ਤਾਜਪੁਰੀ, ਪੰਜਾਬੀ ਜਾਗਰਣ
ਰਾਏਕੋਟ : ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਬੁਰਜ ਹਰੀ ਸਿੰਘ ਦੀਆਂ ਖਿਡਾਰਨਾਂ ਨੇ ਆਪਣੀ ਬੇਮਿਸਾਲ ਖੇਡ ਪ੍ਰਤਿਭਾ, ਸਖ਼ਤ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਸ਼ਾਨਦਾਰ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਯੂਨੀਵਰਸਿਟੀ ਦੀ ਬੀ ਡਿਵੀਜ਼ਨ ਖੋ-ਖੋ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਟੀਮ ਦੇ ਮੈਂਟਰ ਅਤੇ ਇੰਚਾਰਜ ਪ੍ਰੋ. ਜਗਦੀਪ ਸਿੰਘ ਦੀ ਸੁਚੱਜੀ ਅਗਵਾਈ, ਮਾਰਗਦਰਸ਼ਨ ਅਤੇ ਲਗਾਤਾਰ ਮਿਹਨਤ ਸਦਕਾ ਖਿਡਾਰਨਾਂ ਨੇ ਮੈਦਾਨ ਵਿੱਚ ਆਪਣੀ ਖੇਡ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ। ਇਸ ਜੇਤੂ ਟੀਮ ਵਿੱਚ ਜਸਵੀਰ ਕੌਰ, ਪ੍ਰਭਜੋਤ ਕੌਰ, ਚਰਨਜੀਤ ਕੌਰ, ਅਸ਼ਮਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਦੀਕਸ਼ਾ ਪਾਂਡੇ, ਨੈਂਸੀ ਪਾਂਡੇ, ਗੁਰਮੀਤ ਕੌਰ, ਸਿਮਰਨਪ੍ਰੀਤ ਕੌਰ, ਜੋਤੀ, ਗੁਰਪ੍ਰੀਤ ਕੌਰ, ਆਕਾਸ਼ਦੀਪ ਕੌਰ, ਨਗੀਤਾ ਅਤੇ ਅਰਸ਼ਦੀਪ ਕੌਰ ਸ਼ਾਮਲ ਸਨ। ਇਨ੍ਹਾਂ ਸਾਰੀਆਂ ਖਿਡਾਰਨਾਂ ਨੇ ਆਪਣੀ ਖੇਡ ਕਲਾ, ਆਪਸੀ ਤਾਲਮੇਲ, ਹੌਸਲੇ ਅਤੇ ਸੰਘਰਸ਼ ਦੀ ਭਾਵਨਾ ਨਾਲ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਪ੍ਰਿੰਸੀਪਲ ਡਾ. ਮਮਤਾ ਕੋਛੜ ਨੇ ਜੇਤੂ ਖਿਡਾਰਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਸਿਰਫ਼ ਤਮਗੇ ਜਿੱਤਣ ਦਾ ਸਾਧਨ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸੰਘਰਸ਼ ਕਰਨ ਦੀ ਭਾਵਨਾ ਪੈਦਾ ਕਰਨ ਦਾ ਵੀ ਮਹੱਤਵਪੂਰਨ ਮਾਧਿਅਮ ਹਨ। ਉਨ੍ਹਾਂ ਨੇ ਖਿਡਾਰਨਾਂ ਦੀ ਮਿਹਨਤ ਅਤੇ ਸਮਰਪਣ ਦੀ ਭਰਪੂਰ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਵੱਡੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਕਾਲਜ ਦੀ ਇਸ ਲਗਾਤਾਰ ਤੀਜੀ ਤਮਗਾ ਜਿੱਤ ਨੇ ਨਾ ਸਿਰਫ਼ ਸੰਸਥਾ ਦੀ ਖੇਡ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ, ਸਗੋਂ ਹੋਰਨਾਂ ਵਿਦਿਆਰਥੀਆਂ ਲਈ ਵੀ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਬਣੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ, ਬੁਰਜ ਹਰੀ ਸਿੰਘ, ਰਾਏਕੋਟ ਦੀ ਟੇਬਲ ਟੈਨਿਸ ਟੀਮ ਨੇ ਪੰਜਾਬ ਯੂਨੀਵਰਸਿਟੀ ਦੀ ਇੰਟਰ-ਕਾਲਜ ਬੀ ਡਿਵੀਜ਼ਨ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤ ਕੇ ਕਾਲਜ ਦੀ ਖੇਡ ਪ੍ਰਾਪਤੀਆਂ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜਿਆ ਸੀ।