- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁਧਿਆਣਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਹੋਣਹਾਰ ਖਿਡਾਰਨ ਦੇ ਸਟੇਟ ਲੈਵਲ ’ਤੇ ਖੇਡਣ ਦੇ ਸੁਪਨੇ ਨੂੰ ਅਧੂਰਾ ਛੱਡ ਦਿੱਤਾ। ਐਲਪਾਈਨ ਸਕੂਲ ਦੀ 9ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਅੰਸ਼ਿਕਾ ਦੀ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ।

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਇੱਕ ਹੋਣਹਾਰ ਖਿਡਾਰਨ ਦੇ ਸਟੇਟ ਲੈਵਲ ’ਤੇ ਖੇਡਣ ਦੇ ਸੁਪਨੇ ਨੂੰ ਅਧੂਰਾ ਛੱਡ ਦਿੱਤਾ। ਐਲਪਾਈਨ ਸਕੂਲ ਦੀ 9ਵੀਂ ਜਮਾਤ ਦੀ 14 ਸਾਲਾ ਵਿਦਿਆਰਥਣ ਅੰਸ਼ਿਕਾ ਦੀ ਇੱਟਾਂ ਨਾਲ ਲੱਦੀ ਟਰੈਕਟਰ-ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ। ਅੰਸ਼ਿਕਾ ਹੈਂਡਬਾਲ ਦੀ ਉਭਰਦੀ ਹੋਈ ਖਿਡਾਰਨ ਸੀ ਅਤੇ ਉਸਨੇ ਮੰਗਲਵਾਰ ਨੂੰ ਸਟੇਟ ਲੈਵਲ ਦਾ ਮੈਚ ਖੇਡਣ ਲਈ ਬਠਿੰਡਾ ਜਾਣਾ ਸੀ। ਮੈਚ ਦੀਆਂ ਤਿਆਰੀਆਂ ਲਈ ਉਹ ਲਗਾਤਾਰ ਪ੍ਰੈਕਟਿਸ ਕਰ ਰਹੀ ਸੀ, ਪਰ ਸੋਮਵਾਰ ਸ਼ਾਮ ਵਾਪਰੇ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ।
ਜਾਣਕਾਰੀ ਮੁਤਾਬਕ ਅੰਸ਼ਿਕਾ ਐਲਪਾਈਨ ਸਕੂਲ ਵਿੱਚ ਹੀ ਹੈਂਡਬਾਲ ਦੀ ਪ੍ਰੈਕਟਿਸ ਕਰਦੀ ਸੀ। ਸੋਮਵਾਰ ਸ਼ਾਮ ਕਰੀਬ 4 ਵਜੇ ਉਹ ਮੰਦਰ ਦੇ ਪੁਜਾਰੀ ਨਾਲ ਐਕਟਿਵਾ ’ਤੇ ਸਕੂਲ ਵੱਲ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਤੋਂ ਬਾਅਦ ਅੰਸ਼ਿਕਾ ਟਰਾਲੀ ਦੇ ਹੇਠਾਂ ਆ ਗਈ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਹਾਦਸੇ ਤੋਂ ਬਾਅਦ ਅੰਸ਼ਿਕਾ ਨੂੰ ਤੁਰੰਤ ਇਲਾਜ ਲਈ ਡੀਐਮਸੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਗੰਭੀਰ ਸੱਟਾਂ ਕਾਰਨ ਉਸ ਦੀ ਜਾਨ ਨਹੀਂ ਬਚ ਸਕੀ।
ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਜਦਕਿ ਉਸ ਦੀ ਮਾਂ ਘਰੇਲੂ ਔਰਤ ਹੈ। ਪਰਿਵਾਰ ਵਿੱਚ ਅੰਸ਼ਿਕਾ ਦਾ ਛੋਟਾ ਭਰਾ ਵੀ ਹੈ, ਜੋ ਉਸੇ ਨਾਲ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਜਿਸ ਧੀ ਨੂੰ ਪਰਿਵਾਰ ਨੇ ਸਟੇਟ ਪੱਧਰੀ ਮੁਕਾਬਲੇ ਲਈ ਬਠਿੰਡਾ ਭੇਜਣ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ, ਉਸੇ ਧੀ ਦੀ ਮੌਤ ਦੀ ਖ਼ਬਰ ਨੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੰਸ਼ਿਕਾ ਦੇ ਚਲੇ ਜਾਣ ਨਾਲ ਪਰਿਵਾਰ ਹੀ ਨਹੀਂ, ਸਗੋਂ ਉਸ ਦੇ ਸਕੂਲ ਅਤੇ ਖੇਡ ਜਗਤ ਵਿੱਚ ਵੀ ਸੋਗ ਦੀ ਲਹਿਰ ਹੈ। ਚੌਂਕੀ ਜਗਤਪੁਰੀ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਟਰਾਲੀ ਚਾਲਕ ਦੇ ਖਿਲਾਫ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।