ਰਾਏਕੋਟ ’ਚ ਬਿੱਲ ਜਮ੍ਹਾਂ ਨਾ ਕਰਵਾਉਣ ਵਾਲਿਆਂ ਵੱਲ 9.5 ਕਰੋੜ ਬਕਾਇਆ ਰਾਏਕੋਟ ’ਚ ਬਿਲ ਜਮ੍ਹਾਂ ਨਾ ਕਰਵਾਉਣ ਵਾਲਿਆਂ ਵੱਲ ਸਾਢੇ 9 ਕਰੋੜ ਬਕਾਇਆ
Publish Date: Tue, 25 Aug 2026 07:48 PM (IST)
Updated Date: Tue, 25 Aug 2026 07:48 PM (IST)
ਪਾਵਰਕਾਮ ਦੇ ਚੀਫ ਇੰਜੀਨੀਅਰ ਨੇ ਰਿਕਵਰੀ ਲਈ ਦਿੱਤੀ ਹਦਾਇਤ ਸੁਸ਼ੀਲ ਵਰਮਾ, ਪੰਜਾਬੀ ਜਾਗਰਣ ਰਾਏਕੋਟ : ਪਾਵਰਕਾਮ ਲੁਧਿਆਣਾ ਸੈਂਟਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਵਲੋਂ ਅੱਜ ਸਥਾਨਕ ਪਾਵਰਕਾਮ ਦਫ਼ਤਰ ਦਾ ਦੌਰਾ ਕਰਕੇ ਮੰਡਲ ਤਹਿਤ ਪੈਂਦੇ ਵੱਖ-ਵੱਖ ਉਪ-ਮੰਡਲਾਂ ਦੇ ਸਬ-ਡਵੀਜ਼ਨਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਚੀਫ ਇੰਜੀਨੀਅਰ ਹਾਂਸ ਨੇ ਪਾਵਰਕਾਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਦੀ ਡਿਫਾਲਟ ਹੋਈ ਰਕਮ ਨੂੰ ਰਿਕਵਰ ਕਰਨ ਦੇ ਕੰਮ ’ਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਹਾਂਸ ਨੇ ਦੱਸਿਆ ਕਿ ਰਾਏਕੋਟ ਡਵੀਜ਼ਨ ਤਹਿਤ ਪੈਂਦੇ ਸਬ-ਡਵੀਜ਼ਨਾਂ ਦੀ ਬਕਾਇਆ ਅਦਾਇਗੀ 9.5 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ, ਜਿਸ ਵਿੱਚ 5 ਕਰੋੜ ਰੁਪਏ ਦੀ ਰਕਮ ਰਾਏਕੋਟ ਸ਼ਹਿਰ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਕਾਇਆ ਰਾਸ਼ੀ ਵਿੱਚੋਂ ਹੁਣ ਤੱਕ ਸਿਰਫ਼ ਡੇਢ ਕਰੋੜ ਰੁਪਏ ਦੀ ਡਿਫਾਲਟ ਰਕਮ ਰਿਕਵਰ ਹੋ ਸਕੀ ਹੈ। ਉਨ੍ਹਾਂ ਸਬ-ਡਵੀਜ਼ਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਕਾਇਆ ਰਾਸ਼ੀ ਨੂੰ ਰਿਕਵਰ ਕਰਨ ਵਿੱਚ ਤੇਜ਼ੀ ਲਿਆਉਣ। ਉਨ੍ਹਾਂ ਦੱਸਿਆ ਕਿ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਜਿਨ੍ਹਾਂ ਖਪਤਕਾਰਾਂ ਦੇ ਬਿੱਲ ਵੱਧ ਲੱਗ ਕੇ ਆਏ ਹਨ, ਉਹ ਪਾਵਰਕਾਮ ਦਫਤਰ ਵਿੱਚ ਕੰਮ ਦੇ ਸਮੇਂ ਦੌਰਾਨ ਆ ਕੇ ਆਪਣੇ ਬਿੱਲ ਸਹੀ ਕਰਵਾ ਸਕਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਬਣਾਈ ਜਾਵੇ ਅਤੇ ਖਰਾਬ ਹੋਏ ਮੀਟਰਾਂ, ਟਰਾਂਸਫਾਰਮਰਾਂ ਅਤੇ ਨੁਕਸਾਨੀਆਂ ਗਈਆਂ ਤਾਰਾਂ ਆਦਿ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਵੇ। ਇਸ ਮੌਕੇ ਮੀਟਿੰਗ ਵਿੱਚ ਮੰਡਲ ਰਾਏਕੋਟ ਦੇ ਐਕਸੀਅਨ ਕੁਲਵੰਤ ਸਿੰਘ, ਐੱਸਡੀਓ ਰੂੰਮੀ ਅਮਰਿੰਦਰ ਕੁਮਾਰ, ਐੱਸਡੀਓ ਲੱਖਾ ਰਾਜੇਸ਼ ਕੁਮਾਰ, ਐੱਸਡੀਓ ਬੱਸੀਆਂ ਸੁਖਮੰਦਰ ਸਿੰਘ ਆਦਿ ਮੌਜੂਦ ਸਨ।