ਲੜਕੀ ਦਾ ਰਿਸ਼ਤਾ ਤੋੜਨ ਦੀ ਧਮਕੀ ਦੇ ਕੇ 5 ਲੱਖ ਦੀ ਰੰਗਦਾਰੀ ਮੰਗਣ ਵਾਲੇ 'ਤੇ ਪਰਚਾ ਦਰਜ, 2 ਲੱਖ ਵਸੂਲਣ ਤੋਂ ਬਾਅਦ ਪਾ ਰਿਹਾ ਸੀ ਹੋਰ ਦਬਾਅ
ਬੇਟੀ ਦੇ ਨਵੇਂ ਜੀਵਨ ’ਚ ਕੋਈ ਵਿਘਨ ਨਾ ਪਵੇ ਇਸ ਦੇ ਚਲਦਿਆਂ ਪਰਿਵਾਰ ਨੇ ਮੁਲਜ਼ਮ ਨੂੰ ਦੋ ਲੱਖ ਰੁਪਏ ਦੇ ਦਿੱਤੇ। ਪੈਸੇ ਮਿਲਣ ਤੋਂ ਬਾਅਦ ਨੌਜਵਾਨ ਦਾ ਹੌਸਲਾ ਹੋਰ ਵੱਧ ਗਿਆ ਅਤੇ ਉਸਨੇ ਬਾਕੀ 3 ਲੱਖ ਰੁਪਏ ਦੀ ਮੰਗ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
Publish Date: Fri, 04 Sep 2026 11:19 AM (IST)
Updated Date: Fri, 04 Sep 2026 11:23 AM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਆਨਲਾਈਨ ਕੰਮ ਦੌਰਾਨ ਹੋਈ ਜਾਣ-ਪਛਾਣ ਉਸ ਸਮੇਂ ਵਿਵਾਦ ਦਾ ਰੂਪ ਧਾਰ ਗਈ, ਜਦੋਂ ਇੱਕ ਨੌਜਵਾਨ ਵੱਲੋਂ ਲੜਕੀ ਦਾ ਰਿਸ਼ਤਾ ਕਿਸੇ ਹੋਰ ਥਾਂ ਹੋਣ ਤੋਂ ਬਾਅਦ ਕਥਿਤ ਤੌਰ ’ਤੇ ਪਰਿਵਾਰ ਨੂੰ ਰਿਸ਼ਤਾ ਤੁੜਵਾਉਣ ਦੀ ਧਮਕੀ ਦੇ ਕੇ ਪੰਜ ਲੱਖ ਰੁਪਏ ਦੀ ਮੰਗ ਕੀਤੀ ਗਈ।
ਬੇਟੀ ਦੇ ਨਵੇਂ ਜੀਵਨ ’ਚ ਕੋਈ ਵਿਘਨ ਨਾ ਪਵੇ ਇਸ ਦੇ ਚਲਦਿਆਂ ਪਰਿਵਾਰ ਨੇ ਮੁਲਜ਼ਮ ਨੂੰ ਦੋ ਲੱਖ ਰੁਪਏ ਦੇ ਦਿੱਤੇ। ਪੈਸੇ ਮਿਲਣ ਤੋਂ ਬਾਅਦ ਨੌਜਵਾਨ ਦਾ ਹੌਸਲਾ ਹੋਰ ਵੱਧ ਗਿਆ ਅਤੇ ਉਸਨੇ ਬਾਕੀ 3 ਲੱਖ ਰੁਪਏ ਦੀ ਮੰਗ ਕਰਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਪਾਣੀ ਸਿਰ ਤੋਂ ਲੰਘਦਾ ਦੇਖ ਪਰਿਵਾਰ ਨੇ ਪੁਲਿਸ ਨਾਲ ਸੰਪਰਕ ਕੀਤਾ। ਪੜਤਾਲ ਉਪਰੰਤ ਥਾਣਾ ਸਦਰ ਦੀ ਪੁਲਿਸ ਨੇ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਫਲਾਵਰ ਇਨਕਲੇਵ, ਲੁਧਿਆਣਾ ਵਾਸੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸਾਲ 2025 ’ਚ ਫੋਰਏਵਰ ਪ੍ਰੋਡਕਟ ਕੰਪਨੀ ’ਚ ਆਨਲਾਈਨ ਕੰਮ ਕਰਦੀ ਸੀ। ਇਸ ਦੌਰਾਨ ਉਸ ਦੀ ਗੱਲਬਾਤ ਹਰਵਿੰਦਰ ਸਿੰਘ ਵਾਸੀ ਪਿੰਡ ਸੁਰੇਵਾਲ, ਤਹਿਸੀਲ ਟਿੱਬੀ, ਰਾਜਸਥਾਨ ਨਾਲ ਹੋ ਗਈ।
ਸ਼ਿਕਾਇਤਕਰਤਾ ਮੁਤਾਬਕ ਬਾਅਦ ’ਚ ਜਦੋਂ ਉਸ ਦੀ ਭੈਣ ਦਾ ਰਿਸ਼ਤਾ ਕਿਸੇ ਹੋਰ ਥਾਂ ਤੈਅ ਕੀਤਾ ਗਿਆ ਤਾਂ ਹਰਵਿੰਦਰ ਸਿੰਘ ਨੇ ਫੋਨ ਕਰਕੇ ਕਥਿਤ ਤੌਰ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਦੋਸ਼ ਹੈ ਕਿ ਮੁਲਜ਼ਮ ਨੇ ਰਿਸ਼ਤਾ ਤੁੜਵਾਉਣ ਦੀ ਧਮਕੀ ਦਿੰਦਿਆਂ ਪਰਿਵਾਰ ਤੋਂ ਪੰਜ ਲੱਖ ਰੁਪਏ ਦੀ ਮੰਗ ਕੀਤੀ।
ਬੁਰੀ ਤਰ੍ਹਾਂ ਪਰੇਸ਼ਾਨ ਹੋਏ ਪਰਿਵਾਰ ਨੇ ਮੁਲਜ਼ਮ ਨੂੰ 2 ਲੱਖ ਰੁਪਏ ਦੇ ਦਿੱਤੇ ਪਰ ਇਸ ਤੋਂ ਬਾਅਦ ਵੀ ਮੁਲਜ਼ਮ ਵੱਲੋਂ ਤਿੰਨ ਲੱਖ ਰੁਪਏ ਹੋਰ ਦੇਣ ਲਈ ਦਬਾਅ ਬਣਾਇਆ ਜਾਂਦਾ ਰਿਹਾ।
ਸ਼ਿਕਾਇਤ ’ਚ ਦੱਸਿਆ ਗਿਆ ਕਿ ਪਰਿਵਾਰ ਬਾਕੀ ਰਕਮ ਦੇਣ ਤੋਂ ਅਸਮਰੱਥ ਹੈ ਅਤੇ ਇਸੇ ਕਾਰਨ ਮੁਲਜ਼ਮ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਹਰਵਿੰਦਰ ਸਿੰਘ ਖ਼ਿਲਾਫ਼ ਧਾਰਾ 308(5) ਅਤੇ 351(2) ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਦਿਆਂ ਧਮਕੀਆਂ ਅਤੇ ਪੈਸਿਆਂ ਦੀ ਮੰਗ ਨਾਲ ਸਬੰਧਤ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।