ਲੁਧਿਆਣਾ-ਦਿੱਲੀ ਹਾਈਵੇ ’ਤੇ ਲੁਟੇਰਿਆਂ ਦਾ ਕਹਿਰ: ਪੁਲ ’ਤੇ ਚਾਚੇ-ਭਤੀਜੇ ਨੂੰ ਘੇਰ ਕੇ ਕੀਤੀ ਕੁੱਟਮਾਰ, ਸਕੂਟਰੀ ਤੇ 1.30 ਲੱਖ ਰੁਪਏ ਦੀ ਨਕਦੀ ਲੁੱਟੀ
ਇਸ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਤੀ ਨਗਰ ਤੋਂ ਲੈ ਕੇ ਸ਼ਿਵ ਚੌਂਕ ਤੱਕ ਪਿਛਲੇ ਦੋ ਸਾਲਾਂ ਵਿੱਚ ਲੁਟੇਰੇ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਹੁਣ ਮੁੜ ਬੇਖੌਫ਼ ਬਦਮਾਸ਼ਾਂ ਨੇ ਦੋ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪੁਲਿਸ ਦੀ ਚੌਕਸੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਚਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ’ਤੇ ਜਾ ਰਹੇ ਚਾਚੇ-ਭਤੀਜੇ ਨੂੰ ਮੋਤੀ ਨਗਰ ਦੇ ਛੋਟੀ ਪੁਲੀ ਫਲਾਈਓਵਰ ’ਤੇ ਘੇਰ ਲਿਆ।
Publish Date: Tue, 24 Nov 2026 01:37 PM (IST)
Updated Date: Tue, 24 Nov 2026 01:43 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਇੱਕ ਪਾਸੇ ਜਿੱਥੇ ਪੁਲਿਸ ਰਾਤ ਦੀ ਗਸ਼ਤ ਵਧਾ ਰਹੀ ਹੈ, ਉੱਥੇ ਦੂਜੇ ਪਾਸੇ ਬੇਖੌਫ ਲੁਟੇਰੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇੰਝ ਜਾਪਦਾ ਹੈ ਕਿ ਜਿਵੇਂ ਲੁਧਿਆਣਾ-ਦਿੱਲੀ ਕੌਮੀ ਮਾਰਗ ’ਤੇ ਮੋਤੀ ਨਗਰ ਵਾਲਾ ਪੁਲ ਲੁਟੇਰਿਆਂ ਦਾ ਘਰ ਬਣ ਗਿਆ ਹੋਵੇ।
ਇਸ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਤੀ ਨਗਰ ਤੋਂ ਲੈ ਕੇ ਸ਼ਿਵ ਚੌਂਕ ਤੱਕ ਪਿਛਲੇ ਦੋ ਸਾਲਾਂ ਵਿੱਚ ਲੁਟੇਰੇ ਅਣਗਿਣਤ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪਰ ਹੁਣ ਮੁੜ ਬੇਖੌਫ਼ ਬਦਮਾਸ਼ਾਂ ਨੇ ਦੋ ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪੁਲਿਸ ਦੀ ਚੌਕਸੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਵਾਰ ਚਾਰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਸਕੂਟਰੀ ’ਤੇ ਜਾ ਰਹੇ ਚਾਚੇ-ਭਤੀਜੇ ਨੂੰ ਮੋਤੀ ਨਗਰ ਦੇ ਛੋਟੀ ਪੁਲੀ ਫਲਾਈਓਵਰ ’ਤੇ ਘੇਰ ਲਿਆ।
ਦੋਵਾਂ ਦੀ ਕੁੱਟਮਾਰ ਕਰਨ ਅਤੇ ਮਾਰੂ ਹਥਿਆਰਾਂ ਨਾਲ ਡਰਾ-ਧਮਕਾਉਣ ਤੋਂ ਬਾਅਦ ਮੁਲਜ਼ਮ ਉਨ੍ਹਾਂ ਦੀ ਸਕੂਟਰੀ, ਕਰੀਬ 1.30 ਲੱਖ ਰੁਪਏ ਦੀ ਨਕਦੀ, ਮੋਬਾਈਲ ਫੋਨ ਅਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਵਾਰਦਾਤ ਤੋਂ ਬਾਅਦ ਇੱਕ ਵਾਰ ਫਿਰ ਇਸ ਪੁਲ ’ਤੇ ਰਾਹਗੀਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।
ਮੋਟਰਸਾਈਕਲ ਅੱਗੇ ਲਾ ਕੇ ਰੋਕਿਆ, ਫਿਰ ਸ਼ੁਰੂ ਕਰ ਦਿੱਤੀ ਕੁੱਟਮਾਰ
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬਾਬਾ ਦੀਪ ਸਿੰਘ ਨਗਰ ਭਾਮੀਆਂ ਦੇ ਵਾਸੀ ਸੁਭਾਸ਼ ਚੰਦਰ ਨੇ ਦੱਸਿਆ ਕਿ ਬੀਤੇ ਦਿਨੀ ਉਹ ਆਪਣੇ ਭਤੀਜੇ ਨੀਰਜ ਕੁਮਾਰ ਨਾਲ ਟੀਵੀਐੱਸ ਐਕਸਐੱਲ ਸਕੂਟਰੀ ’ਤੇ ਸਵਾਰ ਹੋ ਕੇ ਸ਼ੇਰਪੁਰ ਚੌਕ ਵੱਲ ਜਾ ਰਿਹਾ ਸੀ। ਜਦੋਂ ਉਹ ਮੋਤੀ ਨਗਰ ਦੇ ਛੋਟੀ ਪੁਲੀ ਫਲਾਈਓਵਰ ਨੇੜੇ ਪਹੁੰਚੇ ਤਾਂ ਸਮਰਾਲਾ ਚੌਕ ਵਾਲੇ ਪਾਸੇ ਤੋਂ ਪਿੱਛੇ ਆ ਰਹੇ ਚਾਰ ਵਿਅਕਤੀਆਂ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਸਕੂਟਰੀ ਅੱਗੇ ਲਾ ਕੇ ਰਾਹ ਰੋਕ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਦੋਵਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮਾਰੂ ਹਥਿਆਰਾਂ ਨਾਲ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਸਾਮਾਨ ਖੋਹ ਲਿਆ।
ਬੈਗ ’ਚ ਸੀ 1.30 ਲੱਖ ਦੀ ਨਕਦੀ, ਮੋਬਾਈਲ ਤੇ ਸਕੂਟਰੀ ਵੀ ਲੈ ਗਏ
ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਉਸ ਦਾ ਪਰਸ ਖੋਹ ਕੇ ਲੈ ਗਏ, ਜਿਸ ਵਿੱਚ ਕਰੀਬ 2,100 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਇਲਾਵਾ ਉਸ ਦਾ ਕਾਲੇ ਰੰਗ ਦਾ ਪਿੱਠੂ ਬੈਗ ਵੀ ਲੁੱਟ ਲਿਆ, ਜਿਸ ਵਿੱਚ ਕਰੀਬ 1.30 ਲੱਖ ਰੁਪਏ ਦੀ ਨਕਦੀ ਅਤੇ ਕੱਪੜੇ ਸਨ। ਲੁਟੇਰਿਆਂ ਨੇ ਉਸ ਦੇ ਭਤੀਜੇ ਨੀਰਜ ਕੁਮਾਰ ਕੋਲੋਂ ਕਰੀਬ 1,400 ਰੁਪਏ ਅਤੇ ਵੀਵੋ ਕੰਪਨੀ ਦਾ ਮੋਬਾਈਲ ਫੋਨ ਵੀ ਖੋਹ ਲਿਆ। ਇੰਨਾ ਹੀ ਨਹੀਂ, ਮੁਲਜ਼ਮ ਉਨ੍ਹਾਂ ਦੀ ਸਕੂਟਰੀ ਵੀ ਆਪਣੇ ਨਾਲ ਲੈ ਗਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਜਲਦੀ ਕੇਸ ਹੱਲ ਕਰਨ ਦਾ ਦਾਅਵਾ
ਥਾਣਾ ਮੋਤੀ ਨਗਰ ਦੀ ਪੁਲਿਸ ਨੇ ਸੁਭਾਸ਼ ਚੰਦਰ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 304 ਅਤੇ 3(5) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੋਤੀ ਨਗਰ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।