- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕਾਂ ਜਾਂ ਟੋਏ: ਮਿਸ਼ਨ ਕਲੀਨ ਪੰਜਾਬ ਦੇ ਦਾਅਵਿਆਂ ਵਿਚਕਾਰ ਲੁਧਿਆਣਾ ਦੀਆਂ ਸੜਕਾਂ ਬਦਹਾਲ

-ਨਹਿਰੀ ਪਾਣੀ ਦੀ ਪਾਈਪਲਾਈਨ ਦੇ ਕੰਮ ਨੇ ਵਧਾਈ ਮੁਸ਼ਕਲ, ਟੋਇਆਂ ਕਾਰਨ ਵਾਪਰ ਰਹੇ ਹਾਦਸੇ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਮਹਾਂਨਗਰ ਲੁਧਿਆਣਾ ਵਿੱਚ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸ਼ਹਿਰ ਵਿਚੋਂ ਕੂੜੇ ਕਰਕਟ ਦੀ ਸਾਫ਼ ਸਫ਼ਾਈ ਅਤੇ ਬਰਸਾਤੀ ਮੌਸਮ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਨਜਿੱਠਣ ਲਈ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਇਨ੍ਹਾਂ ਦਾਅਵਿਆਂ ਦੀ ਜ਼ਮੀਨੀ ਤਸਵੀਰ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ। ਸ਼ਹਿਰ ਦੀਆਂ ਕਈ ਮੁੱਖ ਸੜਕਾਂ ਦੇ ਨਾਲ-ਨਾਲ ਅੰਦਰੂਨੀ ਅਤੇ ਲਿੰਕ ਸੜਕਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਕਿਤੇ ਸੜਕਾਂ ਵਿਚ ਡੂੰਘੇ ਟੋਏ ਬਣੇ ਹੋਏ ਹਨ ਅਤੇ ਕਿਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਲਈ ਪੁੱਟੀਆਂ ਸੜਕਾਂ ਦੀ ਮੁਰੰਮਤ ਅਧੂਰੀ ਪਈ ਹੈ।
ਬਰਸਾਤ ਨੇ ਪਹਿਲਾਂ ਤੋਂ ਟੁੱਟੀਆਂ ਸੜਕਾਂ ਦੀ ਹਾਲਤ ਹੋਰ ਵਿਗਾੜ ਦਿੱਤੀ ਹੈ। ਟੋਇਆਂ ਵਿਚ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਉਨ੍ਹਾਂ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲੱਗਦਾ। ਦੋਪਹੀਆ ਵਾਹਨ ਚਾਲਕਾਂ ਲਈ ਸਥਿਤੀ ਹੋਰ ਵੀ ਚਿੰਤਾਜਨਕ ਬਣੀ ਹੋਈ ਹੈ। ਦੁੱਗਰੀ ਰੋਡ, ਗਿੱਲ ਰੋਡ, ਮਾਡਲ ਟਾਊਨ, ਢੰਡਾਰੀ, ਗਿਆਸਪੁਰਾ, ਸ਼ਿਮਲਾਪੁਰੀ, ਜਸਪਾਲ ਬਾਂਗਰ ਰੋਡ, ਸ਼ੇਰਪੁਰ ਰੋਡ ਤੋਂ ਇਲਾਵਾ ਅੰਦਰਲੇ ਬਾਜ਼ਾਰਾਂ ਦੀਆਂ ਸੜਕ ਤੇ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਕੇ ਜਖਮੀ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਲਿੰਕ ਸੜਕਾਂ ਨੂੰ ਪੁੱਟ ਕੇ ਨਹਿਰੀ ਪਾਣੀ ਦੀ ਪਾਈਪਲਾਈਨ ਅਤੇ ਹੋਰ ਵਿਕਾਸ ਕਾਰਜਾਂ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੜਕਾਂ ਦੀ ਖੁਦਾਈ ਕੀਤੀ ਗਈ ਹੈ। ਕਈ ਥਾਵਾਂ ’ਤੇ ਕੰਮ ਮਗਰੋਂ ਸੜਕਾਂ ਦੀ ਬਹਾਲੀ ਦਾ ਕੰਮ ਉਮੀਦ ਮੁਤਾਬਕ ਨਹੀਂ ਹੋ ਸਕਿਆ। ਮੀਂਹ ਪੈਣ ਤੋਂ ਬਾਅਦ ਖੁਦਾਈ ਵਾਲੇ ਹਿੱਸਿਆਂ ਵਿਚ ਪਾਣੀ ਖੜ੍ਹਾ ਹੋਣ ਅਤੇ ਮਿੱਟੀ ਧੱਸਣ ਕਾਰਨ ਟੋਏ ਹੋਰ ਡੂੰਘੇ ਹੋ ਗਏ ਹਨ।
ਸਥਾਨਕ ਲੋਕਾਂ ਦਾ ਸਵਾਲ ਹੈ ਕਿ ਜਦੋਂ ਕਿਸੇ ਵਿਕਾਸ ਕਾਰਜ ਲਈ ਸੜਕ ਪੁੱਟੀ ਜਾਂਦੀ ਹੈ ਤਾਂ ਕੰਮ ਮੁਕੰਮਲ ਹੋਣ ਤੋਂ ਬਾਅਦ ਸੜਕ ਨੂੰ ਮੁੜ ਠੀਕ ਕਰਨ ਦੀ ਜ਼ਿੰਮੇਵਾਰੀ ਕਿਸ ਵਿਭਾਗ ਜਾਂ ਏਜੰਸੀ ਦੀ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਪੁੱਟਣ ਅਤੇ ਮੁਰੰਮਤ ਵਿਚਕਾਰ ਲੰਬਾ ਸਮਾਂ ਲੱਗਣ ਕਾਰਨ ਰੋਜ਼ਾਨਾ ਆਵਾਜਾਈ ਕਰਨ ਵਾਲਿਆਂ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਸੜਕਾਂ ’ਤੇ ਬਣੇ ਡੂੰਘੇ ਟੋਇਆਂ ਕਾਰਨ ਵਾਹਨ ਚਾਲਕਾਂ ਨੂੰ ਅਚਾਨਕ ਬ੍ਰੇਕ ਲਗਾਉਣ ਜਾਂ ਆਪਣਾ ਰਸਤਾ ਬਦਲਣ ਲਈ ਮਜਬੂਰ ਹੋਣਾ ਪੈਂਦਾ ਹੈ। ਪਿੱਛੋਂ ਆ ਰਹੇ ਵਾਹਨਾਂ ਨਾਲ ਟੱਕਰ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰਾਤ ਸਮੇਂ ਅਤੇ ਮੀਂਹ ਦੌਰਾਨ ਇਹ ਖ਼ਤਰਾ ਹੋਰ ਵਧ ਜਾਂਦਾ ਹੈ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਪਾਣੀ ਨਾਲ ਭਰੇ ਟੋਏ ਮੁਸ਼ਕਲ ਬਣੇ ਹੋਏ ਹਨ। ਟੋਏ ਵਿਚ ਪਹੀਆ ਪੈਣ ਨਾਲ ਵਾਹਨ ਦਾ ਸੰਤੁਲਨ ਵਿਗੜ ਸਕਦਾ ਹੈ। ਇਸ ਤੋਂ ਇਲਾਵਾ ਟੁੱਟੀ ਸੜਕ ਕਾਰਨ ਵਾਹਨਾਂ ਦੀ ਰਫ਼ਤਾਰ ਘਟਣ ਨਾਲ ਕਈ ਥਾਵਾਂ ’ਤੇ ਟ੍ਰੈਫਿਕ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ।
-ਬਾਕਸ-
ਕੂੜਾ ਚੁੱਕਣ ਤੇ ਫੌਗਿੰਗ ਤਕ ਸੀਮਤ ਨਹੀਂ ਹੁੰਦਾ ਸਫ਼ਾਈ ਦਾ ਕੰਮ
ਨਗਰ ਨਿਗਮ ਵੱਲੋਂ ‘ਮਿਸ਼ਨ ਕਲੀਨ ਪੰਜਾਬ’ ਤਹਿਤ ਸਫ਼ਾਈ, ਫੌਗਿੰਗ ਅਤੇ ਹੋਰ ਬਰਸਾਤੀ ਪ੍ਰਬੰਧਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪਰ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਾਫ਼-ਸੁਥਰੇ ਸ਼ਹਿਰ ਦੀ ਤਸਵੀਰ ਸਿਰਫ਼ ਕੂੜਾ ਚੁੱਕਣ ਅਤੇ ਫੌਗਿੰਗ ਤੱਕ ਸੀਮਤ ਨਹੀਂ ਹੋ ਸਕਦੀ। ਸੁਰੱਖਿਅਤ ਸੜਕਾਂ ਅਤੇ ਬੁਨਿਆਦੀ ਢਾਂਚਾ ਵੀ ਸ਼ਹਿਰੀ ਸਹੂਲਤਾਂ ਦਾ ਅਹਿਮ ਹਿੱਸਾ ਹਨ।
-ਸੜਕਾਂ ਦੀ ਕਰਵਾਈ ਜਾਵੇ ਸਥਾਈ ਮੁਰੰਮਤ
ਫ਼ੋਟੋ ਨੰਬਰ:42,43
ਢੋਲੇਵਾਲ ਦੇ ਨਿਵਾਸੀ ਰਾਮ ਕੁਮਾਰ ਅਤੇ ਦਾਣਾ ਮੰਡੀ ਗਿੱਲ ਰੋਡ ਦੇ ਨਿਵਾਸੀ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਨਗਰ ਨਿਗਮ ਬਰਸਾਤ ਖ਼ਤਮ ਹੋਣ ਦੀ ਉਡੀਕ ਕਰਨ ਦੀ ਥਾਂ ਖ਼ਤਰਨਾਕ ਟੋਇਆਂ ’ਤੇ ਤੁਰੰਤ ਅਸਥਾਈ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਤੋਂ ਬਾਅਦ ਸੜਕਾਂ ਦੀ ਸਥਾਈ ਮੁਰੰਮਤ ਕਰਵਾਈ ਜਾਵੇ। ਨਹੀਂ ਤਾਂ ਸ਼ਹਿਰ ਵਿਚ ਸਵਾਲ ਇਹੀ ਬਣਿਆ ਰਹੇਗਾ, ਸੜਕਾਂ ਹਨ ਜਾਂ ਟੋਏ ਹਨ।