ਕੂੜੇ ਦੇ ਢੇਰ ਕਾਰਨ ਸੜਕ ਹੋਈ ਬੰਦ, ਫੋਕਲ ਪੁਆਇੰਟ ਜਾਣ ਵਾਲੇ ਵਾਹਨ ਚਾਲਕਾਂ ਦੀ ਵਧੀ ਪਰੇਸ਼ਾਨੀ 4 ਨੰਬਰ ਲਈ-ਕੂੜੇ ਦੇ ਢੇਰ ਕਾਰਨ ਸੜਕ ਹੀ ਹੋਈ ਬੰਦ, ਫੋਕਲ ਪੁਆਇੰਟ ਜਾਣ ਵਾਲੇ ਵਾਹਨ ਚਾਲਕਾਂ ਦੀ ਵਧੀ ਪ੍ਰੇਸ਼ਾਨੀ
Publish Date: Wed, 23 Sep 2026 06:03 PM (IST)
Updated Date: Thu, 24 Sep 2026 04:00 AM (IST)
- ਦੁਰਗਾ ਕਾਲੋਨੀ ਮੇਨ ਮਾਰਕੀਟ ਅੱਗੇ ਸੜਕ ਵਿਚਕਾਰ ਜਮ੍ਹਾਂ ਹੈ ਕੂੜਾ - ਡੰਪਿੰਗ ਪੁਆਇੰਟ ਨਾ ਹੋਣ ਕਾਰਨ ਲਗਾਤਾਰ ਸੁੱਟੀ ਜਾ ਰਹੀ ਗੰਦਗੀ ਫ਼ੋਟੋ ਨੰਬਰ-21 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੁਧਿਆਣਾ : ਢੰਡਾਰੀ ਖੁਰਦ ਦੀ ਦੁਰਗਾ ਕਾਲੋਨੀ ਮੇਨ ਮਾਰਕੀਟ ਅੱਗੇ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਨੂੰ ਜੋੜਨ ਵਾਲੀ ਸੜਕ ਕੂੜੇ ਦੇ ਢੇਰ ਕਾਰਨ ਬੰਦ ਹੋ ਗਈ ਹੈ। ਸੜਕ ਦੇ ਵਿਚਕਾਰ ਵੱਡੀ ਮਾਤਰਾ ’ਚ ਕੂੜਾ ਜਮ੍ਹਾਂ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਿਸ ਥਾਂ ’ਤੇ ਕੂੜਾ ਸੁੱਟਿਆ ਜਾ ਰਿਹਾ ਹੈ, ਉਹ ਕੋਈ ਨਿਰਧਾਰਤ ਡੰਪਿੰਗ ਪੁਆਇੰਟ ਨਹੀਂ, ਸਗੋਂ ਲੋਕਾਂ ਦੀ ਆਵਾਜਾਈ ਲਈ ਬਣੀ ਸੜਕ ਹੈ। ਇਸ ਦੇ ਬਾਵਜੂਦ ਲਗਾਤਾਰ ਸੜਕ ’ਤੇ ਕੂੜਾ ਸੁੱਟੇ ਜਾਣ ਕਾਰਨ ਹੁਣ ਰਸਤਾ ਹੀ ਬੰਦ ਹੋਣ ਦੀ ਸਥਿਤੀ ਬਣ ਗਈ ਹੈ। ਸਥਾਨਕ ਲੋਕਾਂ ਮੁਤਾਬਕ ਇਸ ਸੜਕ ਦੀ ਹਾਲਤ ਪਹਿਲਾਂ ਤੋਂ ਹੀ ਖਸਤਾ ਹੈ। ਥਾਂ-ਥਾਂ ਟੋਏ ਬਣੇ ਹੋਏ ਹਨ ਅਤੇ ਸੜਕ ਦੀ ਖਰਾਬ ਹਾਲਤ ਦਾ ਫਾਇਦਾ ਚੁੱਕ ਕੇ ਇੱਥੇ ਖੁੱਲ੍ਹੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ। ਸ਼ੁਰੂਆਤ ਵਿੱਚ ਸੜਕ ਦੇ ਕਿਨਾਰੇ ਕੂੜਾ ਸੁੱਟਿਆ ਜਾਂਦਾ ਸੀ, ਪਰ ਹੁਣ ਕੂੜੇ ਦਾ ਢੇਰ ਵਧਦੇ-ਵਧਦੇ ਸੜਕ ਦੇ ਵਿਚਕਾਰ ਤੱਕ ਪਹੁੰਚ ਗਿਆ ਹੈ। ਹਾਲਾਤ ਇਹ ਹਨ ਕਿ ਸੜਕ ਦਾ ਵੱਡਾ ਹਿੱਸਾ ਕੂੜੇ ਨਾਲ ਢਕ ਗਿਆ ਹੈ ਅਤੇ ਵਾਹਨਾਂ ਦੇ ਲੰਘਣ ਲਈ ਰਸਤਾ ਵੀ ਨਹੀਂ ਬਚਿਆ। ਫੋਕਲ ਪੁਆਇੰਟ ਇੰਡਸਟਰੀਅਲ ਏਰੀਆ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਇਸ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੇ ਵਾਹਨ ਸੜਕ ’ਤੇ ਜਮ੍ਹਾਂ ਕੂੜੇ ਕਾਰਨ ਅੱਗੇ ਨਹੀਂ ਲੰਘ ਸਕਦੇ। ਉਥੇ ਹੀ ਛੋਟੇ ਵਾਹਨ ਚਾਲਕ ਵੀ ਕਿਸੇ ਤਰ੍ਹਾਂ ਕਿਨਾਰੇ ਤੋਂ ਲੰਘਣ ਲਈ ਮਜਬੂਰ ਹਨ। ਕਈ ਵਾਰ ਵਾਹਨਾਂ ਨੂੰ ਵਾਪਸ ਮੋੜ ਕੇ ਦੂਜੇ ਰਸਤੇ ਰਾਹੀਂ ਜਾਣਾ ਪੈਂਦਾ ਹੈ, ਜਿਸ ਕਾਰਨ ਲੋਕਾਂ ਦਾ ਵਾਧੂ ਸਮਾਂ ਅਤੇ ਈਂਧਨ ਖਰਚ ਹੋ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਵੱਲੋਂ ਸੜਕ ’ਤੇ ਜਮ੍ਹਾਂ ਕੂੜਾ ਚੁਕਵਾਉਣ ਦੇ ਨਾਲ-ਨਾਲ ਇੱਥੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਕੂੜਾ ਚੁੱਕਣ ਨਾਲ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਵੇਗਾ, ਕਿਉਂਕਿ ਕਾਰਵਾਈ ਨਾ ਹੋਣ ਕਾਰਨ ਕੁਝ ਸਮੇਂ ਬਾਅਦ ਮੁੜ ਇਸੇ ਥਾਂ ’ਤੇ ਕੂੜਾ ਜਮ੍ਹਾਂ ਹੋ ਜਾਂਦਾ ਹੈ। ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਸੜਕ ਤੋਂ ਤੁਰੰਤ ਕੂੜਾ ਚੁਕਵਾ ਕੇ ਰਸਤਾ ਖੁੱਲ੍ਹਵਾਇਆ ਜਾਵੇ। ਇਸ ਦੇ ਨਾਲ ਹੀ ਇੱਥੇ ਨਿਗਰਾਨੀ ਵਧਾ ਕੇ ਸੜਕ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਸੜਕ ਨੂੰ ਮੁੜ ਕੂੜਾ ਡੰਪ ਕਰਨ ਵਾਲੀ ਥਾਂ ਨਾ ਬਣਾਇਆ ਜਾ ਸਕੇ।