ਅੱਖਾਂ ’ਚ ਮਿਰਚਾਂ ਪਾ ਕੇ ਲੁੱਟਿਆ ਈ-ਰਿਕਸ਼ਾ
ਅੱਖਾਂ ਵਿੱਚ ਮਰਚਾਂ ਪਾ ਕੇ ਲੁੱਟਿਆ ਈ ਰਿਕਸ਼ਾ
Publish Date: Tue, 24 Feb 2026 09:32 PM (IST)
Updated Date: Tue, 24 Feb 2026 09:34 PM (IST)

-ਮਾਮਲਾ ਦਰਜ ਕਰਵਾਉਣ ਲਈ ਪੀੜਤ ਨੂੰ ਖਾਣੇ ਪੈ ਰਹੇ ਨੇ ਚੌਕੀਆਂ ਦੇ ਧੱਕੇ -ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਲਗਾਈ ਇਨਸਾਫ ਦੀ ਗੁਹਾਰ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਆਪਣੇ ਮਹਿਲਾ ਸਾਥੀ ਨਾਲ ਮਿਲ ਕੇ ਇੱਕ ਈ ਰਿਕਸ਼ਾ ਚਾਲਕ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦਾ ਵਾਹਨ ਲੁੱਟ ਲਿਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਏ, ਪਰ ਪੀੜਤ ਈ ਰਿਕਸ਼ਾ ਚਾਲਕ ਨੂੰ ਹੁਣ ਮਾਮਲਾ ਦਰਜ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਪੀੜਤ ਨੇ ਪੁਲਿਸ ਕਮਿਸ਼ਨਰ ਨੂੰ ਗੁਹਾਰ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ। ਡਾਬਾ ਰੋਡ ਸ਼ਿਮਲਾਪੁਰੀ ਦੇ ਰਹਿਣ ਵਾਲੇ ਰਾਮ ਪ੍ਰਕਾਸ਼ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਇੱਕ ਲਿਖਤੀ ਸ਼ਿਕਾਇਤ ਦਿੱਤੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਈ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ 23 ਫਰਵਰੀ 2026 ਨੂੰ ਰਾਤ 9 ਵਜੇ ਗਿਆਸਪੁਰਾ ਪੁੱਲ ਦੇ ਹੇਠਾਂ ਤੋਂ ਉਸ ਨੇ ਇੱਕ 28 ਕੁ ਸਾਲਾ ਵਿਅਕਤੀ ਅਤੇ ਇੱਕ 22 ਕੁ ਸਾਲ ਦੀ ਔਰਤ ਨੂੰ ਆਪਣੇ ਈ ਰਿਕਸ਼ਾ ਵਿੱਚ ਬਿਠਾਇਆ ਸੀ। ਉਸ ਨੇ ਦੋਵਾਂ ਨੂੰ ਈਸ਼ਰ ਨਗਰ ਚੌਂਕ ਗਿੱਲਜ ਗਾਰਡਨ ਵਿਖੇ ਉਤਾਰ ਦਿੱਤਾ। ਸਵਾਰੀਆਂ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਨੂੰ ਥੋੜਾ ਅੱਗੇ ਉਤਾਰ ਦਿਓ। ਮੁਲਜ਼ਮਾਂ ਨੇ ਗੱਲਾਂ ਵਿੱਚ ਲਗਾ ਕੇ ਈ ਰਿਕਸ਼ਾ ਚਾਲਕ ਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਅਤੇ ਉਸ ਦਾ ਈ ਰਿਕਸ਼ਾ ਖੋਹ ਲਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਲੁੱਟ ਦੀ ਵਾਰਦਾਤ ਤੋਂ ਬਾਅਦ ਬੇਹੱਦ ਨਿਰਾਸ਼ ਹੋ ਗਿਆ ਸੀ। ਇਸ ਸਬੰਧੀ ਉਸ ਨੇ ਪੁਲਿਸ ਰਿਪੋਰਟ ਲਿਖਵਾਉਣ ਲਈ ਮਰਾਡੋ ਚੌਕੀ ਨਾਲ ਸੰਪਰਕ ਕੀਤਾ। ਉਸ ਵੇਲੇ ਤਾਂ ਚੌਕੀ ਦੇ ਮੁਲਾਜ਼ਮਾਂ ਨੇ ਇੱਕ ਕੱਚੀ ਰਿਪੋਰਟ ਦਰਜ ਕਰ ਲਈ ਅਤੇ ਇਨਸ਼ੋਰੈਂਸ ਅਤੇ ਈ ਰਿਕਸ਼ਾ ਦਾ ਬਿੱਲ ਲਿਆਉਣ ਲਈ ਆਖਿਆ। ਅਗਲੇ ਦਿਨ ਸਵੇਰੇ 9:30 ਵਜੇ ਜਦ ਰਾਮ ਪ੍ਰਕਾਸ਼ ਇਨਸ਼ੋਰੈਂਸ ਅਤੇ ਬਿੱਲ ਲੈ ਕੇ ਉੱਥੇ ਗਿਆ ਤਾਂ ਮੁਲਾਜ਼ਮ ਗੁਰਪ੍ਰੀਤ ਸਿੰਘ ਨੇ ਇਹ ਆਖਿਆ ਕਿ ਉਸ ਨੇ ਸਵਾਰੀਆਂ ਗਿਆਸਪੁਰਾ ਤੋਂ ਬਿਠਾਈਆਂ ਸਨ ਇਸ ਲਈ ਗਿਆਸਪੁਰਾ ਚੌਕੀ ਵਿੱਚ ਸ਼ਿਕਾਇਤ ਦਿੱਤੀ ਜਾਵੇ। ਜਦ ਰਾਮ ਪ੍ਰਕਾਸ਼ ਗਿਆਸਪੁਰਾ ਚੌਕੀ ਵਿੱਚ ਗਿਆ ਤਾਂ ਅਧਿਕਾਰੀ ਨੇ ਮੌਕਾ ਦੇਖਣ ਲਈ ਇਕ ਮੁਲਾਜ਼ਮ ਨੂੰ ਭੇਜਿਆ। ਉਨ੍ਹਾਂ ਨੇ ਮੌਕਾ ਦੇਖ ਕੇ ਇਹ ਆਖਿਆ ਕਿ ਹੱਦਬੰਦੀ ਚੌਕੀ ਸ਼ੇਰਪੁਰ ਦੀ ਬਣਦੀ। ਮੁਲਾਜ਼ਮ ਰਾਮ ਪ੍ਰਕਾਸ਼ ਨੂੰ ਲੈ ਕੇ ਸ਼ੇਰਪੁਰ ਚੌਕੀ ਚਲੇ ਗਏ। ਉੱਥੇ ਪਹੁੰਚਦੇ ਹੀ ਚੌਕੀ ਦੇ ਮੁਲਾਜ਼ਮਾਂ ਨੇ ਇਹ ਆਖਿਆ ਕਿ ਤੁਸੀਂ ਮਰਾਡੋ ਚੌਕੀ ਵਿੱਚ ਜਾਓ ਕਿਉਂਕਿ ਵਕੂਆ ਮਰਾਡੋ ਚੌਕੀ ਦਾ ਬਣਦਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਇਨਸਾਫ ਦੀ ਗੁਹਾਰ ਲਗਾਉਂਦਿਆਂ ਆਖਿਆ ਕਿ ਉਹ ਸਵੇਰ ਤੋਂ ਸ਼ਾਮ ਤੱਕ ਚੌਕੀਆਂ ਦੇ ਧੱਕੇ ਖਾ ਰਿਹਾ ਹੈ, ਪਰ ਉਸ ਨੂੰ ਇਨਸਾਫ ਨਹੀਂ ਮਿਲ ਰਿਹਾ। ਉਸ ਨੇ ਆਖਿਆ ਕਿ ਉਸ ਨੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਈ ਰਿਕਸ਼ਾ ਫਾਇਨਾਂਸ ਕਰਵਾਇਆ ਹੋਇਆ ਹੈ ਅਤੇ ਅਜੇ ਤੱਕ ਉਸ ਨੇ ਇਸ ਦੀਆਂ ਕਿਸਤਾਂ ਵੀ ਨਹੀਂ ਦਿੱਤੀਆਂ। ਪੁਲਿਸ ਕਮਿਸ਼ਨਰ ਨੂੰ ਇਨਸਾਫ ਦੀ ਗੁਹਾਰ ਲਗਾਉਂਦਿਆਂ ਰਾਮ ਪ੍ਰਕਾਸ਼ ਨੇ ਅਪੀਲ ਕੀਤੀ ਕਿ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕਰਕੇ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਉਸ ਨੂੰ ਇਨਸਾਫ ਮਿਲ ਸਕੇ ਤੇ ਉਹ ਈ ਰਿਕਸ਼ਾ ਚਲਾਕੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੇ।