- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਲੁਧਿਆਣਾ ਦੱਖਣੀ ਦੇ ਵਸਨੀਕ ਨਰਕ ਭਰੀ ਜਿੰਦਗੀ ਜਿਓਣ ਲਈ ਮਜ਼ਬੂਰ

-ਕਾਂਗਰਸ ਦੇ ਇੰਚਾਰਜ ਚੀਮਾ ਅਨੁਸਾਰ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ :
ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਈਸ਼ਵਰਜੋਤ ਸਿੰਘ ਚੀਮਾ ਨੇ ਹਲਕੇ ਦਾ ਦੌਰਾ ਕਰਦੇ ਹੋਏ ਇਸ ਦੇ ਬਦ ਤੋਂ ਬਦਤਰ ਬਣੇ ਹੋਏ ਹਾਲਾਤਾਂ ਤੇ ਪ੍ਰਤੀਕਿਰਿਆ ਜਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਪੰਜਾਬ ਸਰਕਾਰ ਨੂੰ ਸਭ ਤੋਂ ਵੱਧ ਮਾਲੀਆ ਦੇਣ ਵਾਲਾ ਹਲਕਾ ਦੱਖਣੀ ਸਰਕਾਰਾਂ, ਨਿਗਮ ਪ੍ਰਸਾਸ਼ਨ ਅਤੇ ਖਾਸ ਕਰਕੇ ਹਲਕਾ ਵਿਧਾਇਕ ਵਲੋਂ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਾਢੇ 4 ਸਾਲ ਸਰਕਾਰ ਬਣਨ ਉਪਰੰਤ ਪਾਈ ਗਈ ਹਲਕੇ ਵਿੱਚ ਫੇਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਰਧਮਾਨ ਗਰੁੱਪ ਵਲੋਂ ਬਣਾਈ ਗਈ ਪ੍ਰਾਇਮਰੀ ਸਕੂਲ ਲੁਹਾਰਾ ਦੀ ਇਮਾਰਤ ਦਾ ਉਦਘਾਟਨ ਕਰਕੇ ਕਥਿਤ ਚੋਰਾਂ ਵਾਂਗ ਨਿਕਲ ਗਏ।
ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਕਿਸੇ ਗਰਾਂਟ ਦਾ ਐਲਾਨ ਨਹੀਂ ਕੀਤਾ, ਇਥੋਂ ਤੱਕ ਕਿ ਜਿਹੜੇ ਸਕੂਲ ਦੀ ਇਮਾਰਤ ਦਾ ਤੁਸੀਂ ਉਦਘਾਟਨ ਕਰ ਰਹੇ ਹੋ ਘਟੋ ਘਟ ਉਸਨੂੰ ਤਾਂ ਅਪਗ੍ਰੇਡ ਕਰਨ ਦਾ ਐਲਾਨ ਕਰ ਦਿਓ। ਚੀਮਾ ਨੇ ਹੋਰ ਕਿਹਾ ਕਿ ਉਸ ਸਮੇਂ ਨਾਂ ਤਾਂ ਹਲਕਾ ਵਿਧਾਇਕ ਬੀਬੀ ਰਜਿੰਦਰ ਪਾਲ ਕੌਰ ਛੀਨਾ ਨੇ ਹਲਕੇ ਦੇ ਵਿਕਾਸ ਲਈ ਕੋਈ ਮੰਗ ਰੱਖੀ ਅਤੇ ਨਾਂ ਹੀ ਇਸ ਹਲਕੇ ਤੋਂ ਕਥਿਤ ਚੋਣ ਲੜਣ ਦੀ ਇੱਛਾ ਰੱਖਣ ਵਾਲੀ ਮੌਜੂਦਾ ਮੇਅਰ ਨਗਰ ਨਿਗਮ ਲੁਧਿਆਣਾ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਹਲਕੇ ਲਈ ਕੁਝ ਮੰਗਣਾ ਮੁਨਾਸਿਬ ਸਮਝਿਆ। ਚੀਮਾ ਨੇ ਮੀਂਹ ਪੈਣ ਦੇ ਤਿੰਨ ਦਿਨ ਲੰਘ ਜਾਣ ਉਪਰੰਤ ਹਲਕੇ ਦੀਆਂ ਮੁੱਖ ਸੜਕਾਂ ਦੇ ਗੋਡੇ ਗੋਡੇ ਖੜ੍ਹਿਆ ਪਾਣੀ ਦਿਖਾਉਂਦੇ ਹੋਏ ਕਿਹਾ ਕਿ ਇਸ ਹਲਕੇ ਦੇ ਵਸਨੀਕ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੀਆਂ ਨਲਾਇਕੀਆਂ ਕਾਰਨ ਨਰਕ ਭਰੀ ਜ਼ਿੰਦਗੀ ਜਿਓਣ ਲਈ ਮਜਬੂਰ ਹਨ। ਕਿਉਂ ਕਿ ਉਹ ਰੋਜ਼ਮਰਾ ਦੇ ਕੰਮਾਂ ਲਈ ਘਰੋਂ ਤਿਆਰ ਹੋ ਕੇ ਨਿਕਲਦੇ ਹਨ ਤੇ ਕੋਈ ਨਾ ਕੋਈ ਵਾਹਨ ਉਨ੍ਹਾਂ ਨੂੰ ਚਿੱਕੜ ਵਿੱਚ ਲਿਬੇੜ ਲੰਘ ਜਾਂਦਾ ਹੈ, ਸਕੂਲ ਜਾਣ ਵਾਲੇ ਬੱਚਿਆਂ ਨਾਲ ਤਾਂ ਇਸ ਤੋਂ ਵੀ ਬੁਰਾ ਹੁੰਦਾ ਹੈ, ਕਈ ਵਾਰ ਆਟੋ ਪਲਟ ਜਾਂਦਾ ਹੈ, ਜਿਸ ਨਾਲ ਬੱਚੇ ਚਿੱਕੜ ਵਿੱਚ ਲਿਬੜਨ ਦੇ ਨਾਲ ਸੱਟਾਂ ਵੀ ਲੂਆ ਬੈਠਦੇ ਹਨ।
ਉਨ੍ਹਾਂ ਹੋਰ ਕਿਹਾ ਕਿ ਹਲਕੇ ਵਿੱਚ ਜਿੱਥੇ ਸੜਕਾਂ ਤੇ ਗੋਡੇ ਗੋਡੇ ਪਾਣੀ ਦੇਖ ਨੂੰ ਮਿਲ ਜਾਂਦਾ ਹੈ ਉਥੇ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦੇਖਣ ਨੂੰ ਮਿਲਦੀ ਹੈ ਅਤੇ ਕਈ ਇਲਾਕਿਆਂ ਵਿਚ 4-5 ਦਿਨ ਤੋਂ ਪਾਣੀ ਹੀ ਨਹੀਂ ਆਇਆ। ਚੀਮਾ ਨੇ ਹਲਕੇ ਵਿੱਚ ਚੱਲ ਰਹੇ ਵੱਡੇ ਕਾਰਖ਼ਾਨਿਆਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਨ੍ਹਾਂ ਕਾਰਖ਼ਾਨਿਆਂ ਵਿੱਚ ਕੱਚਾ ਮਾਲ ਬੜੀ ਮੁਸ਼ਕਿਲ ਨਾਲ ਪੁੱਜਦਾ ਹੈ ਅਤੇ ਕਈ ਵਾਰ ਤਾਂ ਗੱਡੀਆਂ ਦੇ ਐਕਸਲ ਤੱਕ ਟੁੱਟ ਜਾਂਦੇ ਹਨ, ਇਸੇ ਤਰਾਂ ਤਿਆਰ ਮਾਲ ਭੇਜਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੇ ਕਥਿਤ ਲਾਲਚਵੱਸ ਇਸ ਹਲਕੇ ਦਾ ਤਾਣਾ ਬਾਣਾ ਇਨ੍ਹਾਂ ਕਿ ਉਲਝਾ ਦਿੱਤਾ ਹੈ ਕਿ ਜੇਕਰ ਹਲਕਾ ਨਿਵਾਸੀਆਂ ਨੇ ਮੈਨੂੰ ਮਾਣ ਬਖਸ਼ਿਆ ਤਾਂ ਮੈਨੂੰ ਵੀ ਬੜੀ ਮਿਹਨਤ ਕਰਨੀ ਪਵੇਗੀ। ਚੀਮਾ ਨੇ ਕਿਹਾ ਕਿ ਇਹੋ ਜਿਹੇ ਹਾਲਾਤ ਲਗਭਗ ਹਰੇਕ ਹਲਕੇ ਦੇ ਹੀ ਹਨ, ਕਿੱਤੇ ਵੱਧ ਤੇ ਕਿਤੇ ਘੱਟ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਦੇ ਹਾਲਾਤ ਸੁਧਾਰਦੇ ਹੋਏ ਸੂਬੇ ਵਿਚ ਸਰਬਪੱਖੀ ਵਿਕਾਸ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ।