ਖਾਟੂ ਸ਼ਿਆਮ ਮੰਦਿਰ ਤੱਕ ਮਨਜ਼ੂਰ ਸਟ੍ਰੀਟ ਲਾਈਟ ਪਰੋਜੈਕਟ ’ਚ ਦੇਰੀ ਲਈ ਮੰਗੀ ਰਿਪੋਰਟ ਖਾਟੂ ਸ਼ਿਆਮ ਮੰਦਿਰ ਤੱਕ ਮਨਜ਼ੂਰ ਸਟ੍ਰੀਟ ਲਾਈਟ ਪਰੋਜੈਕਟ ’ਚ ਦੇਰੀ ਲਈ ਮੰਗੀ ਰਿਪੋਰਟ
Publish Date: Tue, 29 Sep 2026 07:58 PM (IST)
Updated Date: Wed, 30 Sep 2026 04:09 AM (IST)
ਜ਼ੋਰ ਲਗਾ ਕੇ ਪਾਸ ਕਰਵਾਈ ਸੜਕ ਦਾ ਕੰਮ ਸਿਆਸੀ ਕਾਰਨਾਂ ਕਰਕੇ ਰੁਕਵਾਇਆ: ਵਾਲੀਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਖੰਨਾ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਫ਼ੰਡ ਪਾਸ ਕਰਵਾਉਣ ਦੇ ਬਾਵਜੂਦ ਸਮਰਾਲਾ ਰੋਡ ਤੇ ਲਾਈਟਾਂ ਅਤੇ ਸੜਕ ਦੇ ਰੁਕੇ ਕੰਮਾਂ ਦੇ ਮੁੱਦੇ ਤੇ ਭਾਜਪਾ ਨੇਤਾ ਪਰਮਜੀਤ ਸਿੰਘ ਵਾਲੀਆ ਨੇ ਗੰਭੀਰ ਦੋਸ਼ ਲਗਾਏ। ਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਕਾਫ਼ੀ ਮਿਹਨਤ ਕਰ ਕੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਮਨਜ਼ੂਰ ਕਰਵਾਏ ਅਤੇ ਸਮਰਾਲਾ ਤੋਂ ਸ਼ੁਰੂ ਹੁੰਦੀ ਖੰਨਾ ਦੀ ਦਹਿਲੀਜ਼ ਤੋਂ ਲੈ ਕੇ ਸ਼੍ਰੀ ਖਾਟੂ ਸ਼ਿਆਮ ਮੰਦਿਰ ਤੱਕ ਸੜਕ ਦਾ ਨਿਰਮਾਣ ਕਾਰਜ ਪੂਰਾ ਜ਼ੋਰ ਲਾ ਕੇ ਪੂਰਾ ਕਰਵਾਇਆ ਪਰ ਜਿਵੇਂ ਹੀ ਕੰਮ ਮਨਜ਼ੂਰ ਹੋਇਆ ਤੇ ਰਾਜਨੀਤਕ ਖ਼ੁੰਦਕ ਕੱਢਣ ਲਈ ਇੱਕ ਫ਼ੋਨ ਕਰ ਕੇ ਮੰਦਿਰ ਅਤੇ ਕਾਲਜ ਤੋਂ ਖੰਨਾ ਤੱਕ ਦੇ ਸੜਕ ਨਿਰਮਾਣ ਕਾਰਜ ਨੂੰ ਵਿਚਾਲੇ ਹੀ ਰੁਕਵਾ ਦਿੱਤਾ। ਵਾਲੀਆ ਨੇ ਸਿੱਧਾ ਦੋਸ਼ ਲਾਇਆ ਕਿ ਸਿਆਸੀ ਵਿਅਕਤੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਢਾਲ ਬਣਾ ਕੇ ਜਨਹਿਤ ਦੇ ਵਿਕਾਸ ਕਾਰਜਾਂ ’ਚ ਲਗਾਤਾਰ ਰੋੜਾ ਅਟਕਾ ਰਹੇ ਹਨ ਤੇ ਕੰਮ ਲਟਕਾ ਰਹੇ ਹਨ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਵਾਲੀਆ ਵੱਲੋਂ ਰਾਜਪਾਲ ਪੰਜਾਬ ਤੋਂ ਵਿਸ਼ੇਸ਼ ਸਮਰਾਲਾ ਰੋਡ ਤੋਂ ਸ੍ਰੀ ਖਾਟੂ ਸ਼ਿਆਮ ਮੰਦਿਰ ਤੱਕ 129.00 ਲੱਖ ਰੁਪਏ ਦੀ ਸਟ੍ਰੀਟ ਲਾਈਟ ਪ੍ਰੋਜੈਕਟ ਤੇ ਸੜਕ ਅੱਪਗ੍ਰੇਡੇਸ਼ਨ ਦਾ ਬਜਟ ਮਨਜ਼ੂਰ ਕਰਵਾਇਆ ਗਿਆ ਸੀ ਪਰ ਹਾਲੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ ਸੀ। ਵਾਲੀਆ ਨੇ ਕਿਹਾ ਕਿ ਐਸਟੀਮੇਟ ਮਨਜ਼ੂਰ ਹੋਣ ਦੇ ਡੇਢ ਸਾਲ ਬਾਅਦ ਵੀ ਕੰਮ ਲਟਕਾ ਕੇ ਰੱਖਣ ਕਾਰਨ 4.3 ਕਿਲੋਮੀਟਰ ਲੰਬੇ ਇਸ ਮਾਰਗ ਤੇ ਰਾਤ ਨੂੰ ਹਨ੍ਹੇਰਾ ਰਹਿੰਦਾ ਹੈ, ਜਿਸ ਨਾਲ ਗੰਭੀਰ ਹਾਦਸੇ ਅਤੇ ਅਪਰਾਧਿਕ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਵਾਲੀਆਂ ਨੇ ਦੱਸਿਆ ਕਿ 24 ਸਤੰਬਰ 2026 ਨੂੰ ਉਨ੍ਹਾਂ ਵੱਲੋਂ ਦਰਜ ਕਰਵਾਈ ਗਈ ਅਧਿਕਾਰਤ ਸ਼ਿਕਾਇਤ ਤੋਂ ਬਾਅਦ ਹੀ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨੀਂਦ ਖੁੱਲ੍ਹੀ ਹੈ। ਸ਼ਿਕਾਇਤ ’ਚ ਪੱਤਰ ਸੰਖਿਆ 403 ਮਿਤੀ 25/03/2025 ਦੇ ਤਹਿਤ ਮਨਜ਼ੂਰ 129.00 ਲੱਖ ਰੁਪਏ ਦੀ ਸਟ੍ਰੀਟ ਲਾਈਟ ਪ੍ਰੋਜੈਕਟ ’ਚ ਹੋਈ ਪ੍ਰਸ਼ਾਸਨਿਕ ਦੇਰੀ ਦੀ ਤੁਰੰਤ ਸਥਿਤੀ ਰਿਪੋਰਟ ਤੇ ਲਿਖਤੀ ਸਪੱਸ਼ਟੀਕਰਨ ਦੀ ਮੰਗ ਕੀਤੀ ਗਈ ਸੀ। ਉੱਚ ਅਧਿਕਾਰੀਆਂ ਨੂੰ ਭੇਜੀ ਗਈ ਸ਼ਿਕਾਇਤ ਤੇ ਤੁਰੰਤ ਐਕਸਨ ਲੈਂਦੇ ਹੋਏ ਵਿਭਾਗ ’ਚ ਹਲਚਲ ਤੇਜ਼ ਹੋ ਗਈ ਹੈ। ਚੀਫ਼ ਇੰਜੀਨੀਅਰ ਦਫ਼ਤਰ ਦੇ ਨਿਗਰਾਨ ਇੰਜੀਨੀਅਰ ਇੰਜ ਬਨਕੇਸ਼ ਸ਼ਰਮਾ ਨੇ 28 ਸਤੰਬਰ 2026 ਨੂੰ ਸਖ਼ਤ ਹੁਕਮ ਜਾਰੀ ਕਰਦੇ ਹੋਏ ਰਾਸ਼ਟਰੀ ਰਾਜਮਾਰਗ ਮੰਡਲ (ਫ਼ਿਰੋਜ਼ਪੁਰ) ਦੇ ਨਿਗਰਾਨ ਇੰਜੀਨੀਅਰ ਇੰਜ ਇੰਦਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਖ਼ੁਦ ਜਾਂਚ ਕਰ ਕੇ 3 ਦਿਨਾਂ ਦੇ ਅੰਦਰ ਲਾਜ਼ਮੀ ਤੌਰ ਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਚੀਫ਼ ਇੰਜੀਨੀਅਰ (ਮੁੱਖ ਦਫ਼ਤਰ) ਤੋਂ 3 ਦਿਨਾਂ ’ਚ ਰਿਪੋਰਟ ਤਲਬ ਹੁੰਦੇ ਹੀ ਫ਼ਿਰੋਜ਼ਪੁਰ ਮੰਡਲ ਦੇ ਉੱਚ ਅਧਿਕਾਰੀਆਂ ਵੱਲੋਂ ਨਿਗਰਾਨ ਇੰਜੀਨੀਅਰ ਇੰਜ. ਇੰਦਰਜੀਤ ਸਿੰਘ ਨੇ ਤੁਰੰਤ ਇਹ ਮਾਮਲਾ ਐਕਸੀਅਨ ਨਿਰਮਾਣ ਮੰਡਲ ਨੰਬਰ 1, ਲੁਧਿਆਣਾ) ਇੰਜ. ਕਮਲਜੀਤ ਸਿੰਘ ਨੂੰ ਭੇਜਦੇ ਹੋਏ ਨਿਰਮਾਣ ਕਾਰਜ ਤੇ ਜ਼ਰੂਰੀ ਕਾਰਵਾਈ ਅਤੇ ਰਿਪੋਰਟ ਤੁਰੰਤ ਭੇਜਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।