- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਚਲੂ ਨਗਰ ਦੀ ਧੱਸੀ ਸੜਕ ’ਤੇ 42 ਘੰਟਿਆਂ ਬਾਅਦ ਵੀ ਕਛੂਆ ਚਾਲ ਨਾਲ ਚੱਲ ਰਿਹਾ ਮੁਰੰਮਤ ਦਾ ਕੰਮ

ਫੋਟੋ ਨੰਬਰ-44, 48, 50, 51
* ਡੀਸੀ ਤੇ ਨਿਗਮ ਕਮਿਸ਼ਨਰ ਨੇ ਟੋਏ ਵਾਲੀ ਥਾਂ ਦੀ ਹੋ ਰਹੀ ਮੁਰੰਮਤ ਦਾ ਕੀਤਾ ਨਿਰੀਖਣ
* ਬਚਾਅ ਕਾਰਜਾਂ ’ਚ ਰੁਕਾਵਟ ਨਾ ਪਾਉਣ ਤੇ ਬਦਲਵੇਂ ਰਸਤੇ ਦੀ ਵਰਤੋਂ ਕਰਨ ਦੀ ਅਪੀਲ
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ
ਲੁਧਿਆਣਾ : ਸ਼ਹਿਰ ਦੇ ਪਾਸ਼ ਇਲਾਕੇ ਕਿਚਲੂ ਨਗਰ ਦੇ ਬੀ ਬਲਾਕ ’ਚ ਤੇਜ਼ ਮੀਂਹ ਤੋਂ ਬਾਅਦ ਧੱਸੀ ਮੁੱਖ ਸੜਕ ’ਤੇ 42 ਘੰਟੇ ਬੀਤਣ ਦੇ ਬਾਵਜੂਦ ਮੁਰੰਮਤ ਦਾ ਕੰਮ ਕਛੂਆ ਚਾਲ ਨਾਲ ਚੱਲ ਰਿਹਾ ਹੈ। ਮੀਂਹ ਦੇ ਬਣੇ ਮੌਸਮ ਨੂੰ ਲੈਕੇ 20 ਫੁੱਟ ਡੂੰਘੇ ਟੋਏ ਕਾਰਨ ਨੇੜਲੇ ਘਰਾਂ ਦੀ ਸੁਰੱਖਿਆ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਅਜੇ ਵੀ ਸਹਿਮ ਬਣਿਆ ਹੋਇਆ ਹੈ। ਨਗਰ ਨਿਗਮ ਵੱਲੋਂ ਫਿਲਹਾਲ ਪ੍ਰਭਾਵਿਤ ਮਕਾਨ ਨੂੰ ਸੁਰੱਖਿਅਤ ਕਰਨ ਲਈ ਟੋਏ ਨੂੰ ਮਿੱਟੀ ਨਾਲ ਭਰਨ ਤੇ ਆਰਸੀਸੀ ਸੁਰੱਖਿਅਤ ਦੀਵਾਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਪ੍ਰਭਾਵਿਤ ਮਕਾਨ ਦੇ ਮਾਲਕ ਕਮਲ ਸਿੰਘਾਨੀਆ ਨੇ ਨਿਗਮ ਵਲੋਂ ਕੀਤੇ ਜਾ ਰਹੇ ਮੁਰੰਮਤ ਦੇ ਕੰਮ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕੰਮ ਦੀ ਸਪੀਡ ਹੌਲੀ ਹੈ, ਪਰ ਠੀਕ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸੜਕ ਦੇ ਟੋਏ ਵਾਲੀ ਥਾਂ ਦੀ ਮੁਰੰਮਤ ਲਈ ਚੱਲ ਰਹੇ ਕੰਮ ਦਾ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਨਿਰੀਖਣ ਕੀਤਾ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਪ੍ਰਭਾਵਿਤ ਕੋਠੀ ਅਤੇ ਸੜਕ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਸੜਕ ਧੱਸਣ ਨਾਲ ਪ੍ਰਭਾਵਿਤ ਹੋਏ ਮਕਾਨ ਨੰਬਰ 67-ਬੀ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਅੱਜ ਮਕਾਨ ਦੇ ਸਾਹਮਣੇ ਬਣੇ ਟੋਏ ਵਿੱਚ ਸੀਵਰੇਜ ਦਾ ਪਾਣੀ ਆਉਣ ਕਾਰਨ ਮਕਾਨ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਸੁਰੱਖਿਆ ਆਰਸੀਸੀ ਦੀਵਾਰ ਬਣਾਈ ਜਾ ਰਹੀ ਹੈ। ਪਹਿਲੇ ਪੜਾਅ ਵਿੱਚ ਘਰ ਦੇ ਬਾਹਰ ਬਣੇ ਡੂੰਘੇ ਟੋਏ ਨੂੰ ਮਿੱਟੀ ਨਾਲ ਭਰਿਆ ਗਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਚਾਅ ਕਾਰਜਾਂ ਵਿੱਚ ਰੁਕਾਵਟ ਨਾ ਪਾਈ ਜਾਵੇ ਅਤੇ ਕਿਚਲੂ ਨਗਰ ਤੋਂ ਡੀਐਮਸੀ ਰੋਡ ਵੱਲ ਜਾਣ ਵਾਲੇ ਲੋਕ ਫਿਲਹਾਲ ਬਦਲਵੇਂ ਰਸਤੇ ਦੀ ਵਰਤੋਂ ਕਰਨ।
ਸੰਨੀ ਭੱਲਾ ਸਾਥੀਆਂ ਸਮੇਤ ਡਟੇ
ਇਲਾਕਾ ਕੌਂਸਲਰ ਦੀਪਿਕਾ ਭੱਲਾ ਦੇ ਪਤੀ ਸੰਨੀ ਭੱਲਾ ਆਪਣੇ ਸਾਥੀਆਂ ਨਾਲ ਦਿਨ ਰਾਤ ਸੜਕ ਧੱਸਣ ਵਾਲੀ ਥਾਂ ’ਤੇ ਚੱਲ ਰਹੇ ਕੰਮ ਦੀ ਦੇਖ ਰੇਖ ਕਰ ਰਹੇ ਹਨ। ਉਹ ਅਧਿਕਾਰੀਆਂ ਅਤੇ ਆਉਣ ਵਾਲੇ ਹਰ ਵਿਅਕਤੀ ਨਾਲ ਰਾਬਤਾ ਕਾਇਮ ਕਰਕੇ ਮੁਰੰਮਤ ਕਾਰਜਾਂ ਨੂੰ ਹੋਰ ਸਚਾਰੂ ਤਰੀਕੇ ਨਾਲ ਕਰਵਾਉਣ ਲਈ ਸੰਜੀਦਗੀ ਨਾਲ ਲੱਗੇ ਹੋਏ ਹਨ। ਹੋਰ ਤਾਂ ਹੋਰ ਸੰਨੀ ਭੱਲਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੌਕੇ ’ਤੇ ਹਰ ਪ੍ਰਕਾਰ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।