ਰਿਸ਼ਤੇ ਦੀ ਨਾਂਹ ਪਈ ਮਹਿੰਗੀ : ਕੁੜੀ ਵਾਲਿਆਂ ਨੇ ਨੌਜਵਾਨ 'ਤੇ ਕੀਤਾ ਕਾਤਲਾਨਾ ਹਮਲਾ, ਇਲਾਜ ਲਈ ਹਸਪਤਾਲ ਕਰਵਾਇਆ ਭਰਤੀ
ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਦੀ ਲੜਕੀ ਨਾਲ ਰਿਸ਼ਤਾ ਕਰਨ ਤੋਂ ਮਨ੍ਹਾ ਕੀਤਾ ਤਾਂ ਗੁੱਸੇ ਵਿੱਚ ਕੁੜੀ ਵਾਲਿਆਂ ਨੇ ਲੜਕੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਗੁਆਂਡੀਆਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਕਰੀਬ 23 ਸਾਲ ਦਾ ਨੌਜਵਾਨ ਲਕਸ਼ੇ ਗੰਭੀਰ ਰੂਪ ਨਾਲ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਸੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
Publish Date: Sun, 15 Feb 2026 12:56 PM (IST)
Updated Date: Sun, 15 Feb 2026 01:00 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਗੁਆਂਢ ਵਿੱਚ ਰਹਿਣ ਵਾਲੇ ਪਰਿਵਾਰ ਦੀ ਲੜਕੀ ਨਾਲ ਰਿਸ਼ਤਾ ਕਰਨ ਤੋਂ ਮਨ੍ਹਾ ਕੀਤਾ ਤਾਂ ਗੁੱਸੇ ਵਿੱਚ ਕੁੜੀ ਵਾਲਿਆਂ ਨੇ ਲੜਕੇ ਉੱਪਰ ਜਾਨਲੇਵਾ ਹਮਲਾ ਕਰ ਦਿੱਤਾ। ਗੁਆਂਡੀਆਂ ਵੱਲੋਂ ਕੀਤੀ ਗਈ ਕੁੱਟਮਾਰ ਕਾਰਨ ਕਰੀਬ 23 ਸਾਲ ਦਾ ਨੌਜਵਾਨ ਲਕਸ਼ੇ ਗੰਭੀਰ ਰੂਪ ਨਾਲ ਫੱਟੜ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਸੀਐਮਸੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਫੱਟੜ ਲਕਸ਼ੇ ਦੀ ਮਾਂ ਪੂਜਾ ਰਾਣੀ ਮੁਤਾਬਕ ਉਸ ਦਾ ਲੜਕਾ ਲਕਸ਼ੇ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਜਦ ਗੁਆਂਢੀਆਂ ਨੂੰ ਉਸ ਦੇ ਵਿਦੇਸ਼ ਜਾਣ ਦਾ ਪਤਾ ਲੱਗਾ ਤਾਂ ਆਪਣੀ ਧੀ ਦਾ ਲਕਸ਼ੇ ਨਾਲ ਵਿਆਹ ਕਰਵਾਕੇ ਵਿਦੇਸ਼ ਭੇਜਣ ਦੀ ਇੱਛਾ ਰੱਖਣ ਵਾਲੇ ਗੁਆਂਢੀਆਂ ਨੇ ਉਨ੍ਹਾਂ ਉੱਪਰ ਆਪਣੇ ਲੜਕੀ ਦਾ ਰਿਸ਼ਤਾ ਕਰਨ ਦੀ ਇੱਛਾ ਜਾਹਿਰ ਕੀਤੀ। ਪੀੜਿਤ ਪਰਿਵਾਰ ਨੇ ਮੁਹੱਲੇ ਵਿੱਚ ਹੀ ਆਪਣੇ ਲੜਕੇ ਦਾ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਗੱਲ ਨੂੰ ਇੱਜਤ ਦਾ ਸਵਾਲ ਬਣਾ ਕੇ ਕੁੜੀ ਵਾਲਿਆਂ ਨੇ ਲਕਸ਼ੇ ਉਪਰ ਰਾਡਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਹਮਲਾਵਰਾਂ ਦੀ ਸਾਰੀ ਕਰਤੂਤ ਕੈਦ ਹੋ ਗਈ। ਵੀਡੀਓ ਵਿੱਚ ਨਜ਼ਰ ਆਇਆ ਕਿ ਲਕਸ਼ੇ ਆਪਣੇ ਦੋਸਤਾਂ ਨਾਲ ਖੜ੍ਹਾ ਗਲੀ ਵਿੱਚ ਗੱਲਬਾਤ ਕਰ ਰਿਹਾ ਸੀ ਅਤੇ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਹਥਿਆਰਬੰਦ ਨੌਜਵਾਨਾਂ ਨੇ ਲਕਸ਼ੇ ਉੱਪਰ ਬਿਨ੍ਹਾਂ ਕੋਈ ਗੱਲਬਾਤ ਕੀਤੇ ਹਮਲਾ ਕਰ ਦਿੱਤਾ। ਇਸ ਅਚਨਚੇਤ ਹੋਏ ਹਮਲੇ ਵਿੱਚ ਨੌਜਵਾਨ ਗੰਭੀਰ ਰੂਪ ਨਾਲ ਫੱਟੜ ਹੋ ਗਿਆ।
ਜਿਸ ਨੂੰ ਆਂਢੀਆਂ ਗੁਆਂਢੀਆਂ ਦੀ ਮਦਦ ਨਾਲ ਇਲਾਜ ਲਈ ਸਥਾਨਕ ਸੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਕਤ ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਪੀੜਿਤ ਪਰਿਵਾਰ ਦੀ ਸ਼ਿਕਾਇਤ ਉੱਪਰ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗ ਕਬਜ਼ੇ ਵਿੱਚ ਲੈਣ ਮਗਰੋਂ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।