
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੂੜੇ ਦੇ ਢੇਰਾਂ ’ਚ ਘਿਰਿਆ ਰਸੀਲਾ ਨਗਰ, ਬਰੇਲ ਭਵਨ ਨੇੜੇ ਗੰਦਗੀ ਤੋਂ ਲੋਕ ਪ੍ਰੇਸ਼ਾਨ, ਬਿਮਾਰੀਆਂ ਦਾ ਵਧਿਆ ਖ਼ਤਰਾ

-ਬਰੇਲ ਭਵਨ ਨੇੜੇ ਵਧਦੀ ਗੰਦਗੀ ਤੋਂ ਲੋਕ ਔਖੇ, ਬਿਮਾਰੀਆਂ ਫੈਲਣ ਦਾ ਵਧਿਆ ਖ਼ਦਸ਼ਾ
ਜਗਦੀਪ, ਪੰਜਾਬੀ ਜਾਗਰਣ, ਭਾਮੀਆਂ ਕਲਾਂ
ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਵਾਰਡ ਨੰਬਰ 22 ਦੇ ਰਸੀਲਾ ਨਗਰ ਵਿੱਚ ਸਫ਼ਾਈ ਵਿਵਸਥਾ ਦੇ ਮਾੜੇ ਹਾਲਾਤਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰੇਲ ਭਵਨ ਦੇ ਪਿਛਲੇ ਪਾਸੇ ਅਤੇ ਰਸੀਲਾ ਨਗਰ ਮਾਰਗ ’ਤੇ ਵੱਖ-ਵੱਖ ਥਾਵਾਂ ’ਤੇ ਲੱਗੇ ਕੂੜੇ ਦੇ ਢੇਰ ਗੰਦਗੀ ਨੂੰ ਸੱਦਾ ਦੇ ਰਹੇ ਹਨ। ਲੰਬੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਕਾਰਨ ਇਲਾਕਾ ਵਾਸੀਆਂ ਵਿੱਚ ਨਗਰ ਨਿਗਮ ਪ੍ਰਸ਼ਾਸਨ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਰਸੀਲਾ ਨਗਰ, ਗੋਬਿੰਦ ਕਾਲੋਨੀ, ਸ੍ਰੀ ਚੰਦ ਕਲੋਨੀ ਅਤੇ ਬਚਿੱਤਰ ਕਲੋਨੀ ਦੇ ਵਸਨੀਕਾਂ ਨੇ ਦੱਸਿਆ ਕਿ ਇਸ ਥਾਂ ’ਤੇ ਲੰਬੇ ਸਮੇਂ ਤੋਂ ਕੂੜਾ ਇਕੱਠਾ ਹੋ ਰਿਹਾ ਹੈ। ਕੁੱਝ ਸਮਾਂ ਪਹਿਲਾਂ ਇਲਾਕਾ ਕੌਂਸਲਰ ਵੱਲੋਂ ਕੂੜਾ ਚੁਕਵਾਇਆ ਗਿਆ ਸੀ, ਪਰ ਇਸ ਤੋਂ ਬਾਅਦ ਮੁੜ ਇੱਥੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਘਰਾਂ ਵਿੱਚੋਂ ਕੂੜਾ ਇਕੱਠਾ ਕਰਨ ਵਾਲੇ ਕੁਝ ਲੋਕ ਕੂੜਾ ਰੇੜ੍ਹੀਆਂ ਵਿੱਚ ਲਿਆ ਕੇ ਇਸੇ ਥਾਂ ’ਤੇ ਸੁੱਟ ਦਿੰਦੇ ਹਨ। ਜਦੋਂ ਲੋਕ ਉਨ੍ਹਾਂ ਨੂੰ ਕੂੜਾ ਇੱਥੇ ਨਾ ਸੁੱਟਣ ਲਈ ਕਹਿੰਦੇ ਹਨ, ਤਾਂ ਕਥਿਤ ਤੌਰ ’ਤੇ ਬਹਿਸ ਤੇ ਝਗੜੇ ਦੀ ਨੌਬਤ ਆ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਰਿਹਾ ਅਤੇ ਸਫ਼ਾਈ ਪ੍ਰਬੰਧ ਸਵਾਲਾਂ ਦੇ ਘੇਰੇ ਵਿੱਚ ਹਨ। ਵਸਨੀਕਾਂ ਨੇ ਕਿਹਾ ਕਿ ਬਰੇਲ ਭਵਨ ਦੇ ਨੇੜੇ ਲੱਗੇ ਕੂੜੇ ਦੇ ਢੇਰਾਂ ਕਾਰਨ ਬੱਚਿਆਂ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ। ਬਰਸਾਤੀ ਮੌਸਮ ਵਿੱਚ ਗੰਦਗੀ ਅਤੇ ਕੂੜੇ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਡੇਂਗੂ, ਮਲੇਰੀਆ ਅਤੇ ਹੋਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵਧ ਗਿਆ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਫ਼ਾਈ ਨਾ ਕਰਵਾਈ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਲੋਕਾਂ ਨੇ ਇਲਾਕਾ ਕੌਂਸਲਰ, ਨਗਰ ਨਿਗਮ ਦੇ ਮੇਅਰ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਰੇਲ ਭਵਨ ਦੀ ਬੈਕ ਸਾਈਡ ਸਮੇਤ ਰਸੀਲਾ ਨਗਰ ਮਾਰਗ ’ਤੇ ਲੱਗੇ ਕੂੜੇ ਦੇ ਢੇਰ ਤੁਰੰਤ ਚੁਕਵਾਏ ਜਾਣ ਅਤੇ ਇੱਥੇ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਥਾਂ ਮੁੜ ਕੂੜੇ ਦੇ ਡੰਪ ਵਿੱਚ ਤਬਦੀਲ ਨਾ ਹੋਵੇ।
ਇਸ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਰਸੀਲਾ ਨਗਰ ਮਾਰਗ ’ਤੇ ਕੀਤੇ ਗਏ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਵੀ ਮੰਗ ਕੀਤੀ ਹੈ। ਕੂੜੇ ਦੇ ਢੇਰਾਂ ਤੇ ਕਬਜ਼ਿਆਂ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਸਨੀਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਫ਼ਾਈ ਤੇ ਕਬਜ਼ਿਆਂ ਦੀਆਂ ਦੋਵੇਂ ਸਮੱਸਿਆਵਾਂ ਦਾ ਤੁਰੰਤ ਹੱਲ ਕਰ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।