‘ਆਪ’ ਦੇ ਮਦਦਗਾਰ ਬਣੇ ਕਾਂਗਰਸੀ ਕੌਂਸਲਰਾਂ ਨੂੰ ਜੱਫੀ ’ਚ ਲੈਂਦਿਆਂ ਬੋਲੇ ਰਾਜਾ ਵੜਿੰਗ ਇਹ ਸਾਡੇ ਆ’
‘ਆਪ’ ਦੇ ਮਦਦਗਾਰ ਬਣੇ ਕਾਂਗਰਸੀ ਕੌਂਸਲਰਾਂ ਨੂੰ ਜੱਫੀ ’ਚ ਲੈਂਦਿਆਂ ਬੋਲੇ ਰਾਜਾ ਵੜਿੰਗ ਇਹ ਸਾਡੇ ਆ’
Publish Date: Mon, 16 Feb 2026 07:29 PM (IST)
Updated Date: Tue, 17 Feb 2026 04:09 AM (IST)

-ਮਹੀਨਾ ਪਹਿਲਾਂ ਕਾਂਗਰਸ ’ਚੋਂ ਕੱਢੇ ਕੌਂਸਲਰਾਂ ’ਤੇ ਕਾਂਗਰਸ ਦਾ ‘ਯੂ-ਟਰਨ’, ਜ਼ਿਲ੍ਹਾ ਪ੍ਰਧਾਨ ਬੋਲੇ ਕੱਢੇ ਨਹੀਂ ਸਨ, ਉਨ੍ਹਾਂ ਦੇ ਜਵਾਬ ’ਤੇ ਹਾਈਕਮਾਂਡ ਸੰਤੁਸ਼ਟ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੇ ਸੀਨੀਅਰ ਅਤੇ ਮੀਤ ਪ੍ਰਧਾਨ ਦੀ ਚੋਣ ’ਚ ਆਮ ਆਦਮੀ ਪਾਰਟੀ ਦੇ ਮਦਦਗਾਰ ਬਣੇ ਚਾਰ ਕਾਂਗਰਸੀ ਕੌਂਸਲਰਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਕਹਾਣੀ ਨੇ ਮਹੀਨੇ ਬਾਅਦ ਯੂ ਟਰਨ ਲੈ ਲਿਆ। ਇਨ੍ਹਾਂ ਕੌਂਸਲਰਾਂ ਦੇ ਪਤੀ ਅਤੇ ਰਿਸ਼ਤੇਦਾਰਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਬਾਹਰ ਕੱਢਣ ਦਾ ਫੈਸਲਾ ਹੀ ਬਾਹਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਇਹ ਕਿਹਾ ਕਿ ਕਾਂਗਰਸ ਵੱਲੋਂ ਬਾਈਕਾਟ ਕੀਤੀ ਮੀਟਿੰਗ ਵਿਚ ਉਕਤ ਕੌਂਸਲਰਾਂ ਦੇ ਜਾਣ ਨੂੰ ਲੈ ਕੇ ਕੁਝ ਸੂਚਨਾ ਦੇ ਅਦਾਨ ਪ੍ਰਦਾਨ ਵਿਚ ਖਾਮੀਆਂ ਰਹਿ ਗਈਆਂ ਸਨ। ਇਸ ਸਬੰਧੀ ਉਕਤ ਕੌਂਸਲਰਾਂ ਅਤੇ ਕਾਂਗਰਸੀਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਦਿੱਤਾ ਗਿਆ ਜਵਾਬ ਸਹੀ ਪਾਇਆ ਗਿਆ, ਜਿਸ ’ਤੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦੀ ਕੋਈ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਜਾਵੇਗਾ। ਵਰਣਨਯੋਗ ਹੈ ਕਿ ਬੀਤੀ 19 ਜਨਵਰੀ ਨੂੰ ਜਗਰਾਓਂ ਨਗਰ ਕੌਂਸਲ ਦੇ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਮੀਟਿੰਗ ਰੱਖੀ ਗਈ ਸੀ। ਇਸ ਮੀਟਿੰਗ ਦਾ ਕਾਂਗਰਸ ਨੇ ਬਾਈਕਾਟ ਕੀਤਾ ਸੀ ਪਰ ਇਸ ਦੇ ਬਾਵਜੂਦ ਕਾਂਗਰਸ ਧੜੇ ਦੇ ਸੁਧਾ ਭਾਰਦਵਾਜ, ਰਾਜਿੰਦਰ ਕੌਰ ਠੁਕਰਾਲ, ਅਨੀਤਾ ਸਭਰਵਾਲ, ਪਰਮਿੰਦਰ ਕੌਰ ਕਲਿਆਣ ਮੀਟਿੰਗ ਵਿਚ ਪਹੁੰਚੇ ਅਤੇ ਇਨ੍ਹਾਂ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਣ ਵੀ ਦਿੱਤਾ ਗਿਆ। ਜਿਸ ਕਾਰਨ ਇਸ ਦਿਨ ਜਗਰਾਓਂ ਨਗਰ ਕੌਂਸਲ ਤੋਂ ਕਾਂਗਰਸ ਦਾ ਪੱਤਾ ਸਾਫ ਹੋ ਗਿਆ, ਜਦਕਿ ਕਾਂਗਰਸ ਕੋਲ ਬਹੁਮਤ ਵੀ ਸੀ। ਇਸ ’ਤੇ ਉਸੇ ਦਿਨ ਜਗਰਾਓਂ ਕਾਂਗਰਸ ਦੇ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਸਾਬਕਾ ਪ੍ਰਧਾਨ ਕਰਨ ਸੋਨੀ ਗਾਲਿਬ ਸਮੇਤ ਅਹੁਦੇਦਾਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਕਤ ਚਾਰੇ ਕੌਂਸਲਰਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਸਾਬਕਾ ਬਲਾਕ ਪ੍ਰਧਾਨ ਰਵਿੰਦਰ ਸਭਰਵਾਲ ਫੀਨਾ, ਅਜੀਤ ਸਿੰਘ ਠੁਕਰਾਲ, ਠੇਕੇਦਾਰ ਰਾਜ ਭਾਰਦਵਾਜ ਅਤੇ ਅਮਰਨਾਥ ਕਲਿਆਣ ਦੀ ਪਾਰਟੀ ਵਿਚੋਂ ਛੁੱਟੀ ਕਰ ਦਿੱਤੀ ਸੀ। ਇਸ ਗੱਲ ਨੂੰ ਅਜੇ ਮਹੀਨਾ ਵੀ ਨਹੀਂ ਬੀਤਿਆ ਕਿ ਇਨ੍ਹਾਂ ਕਾਂਗਰਸੀਆਂ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੀਟਿੰਗ ਹੋਈ। ਮੀਟਿੰਗ ਵਿਚ ਉਕਤ ਸਾਰਿਆਂ ਦਾ ਪੱਖ ਸੁਨਣ ਤੋਂ ਬਾਅਦ ਉਨ੍ਹਾਂ ਨੂੂੰ ਪਾਰਟੀ ਵਿਚੋਂ ਕੱਢਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਗਿਆ। ਇਸ ’ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪਰ ਨੇ ਕਿਹਾ ਕਿ ਉੁਸ ਦਿਨ ਮੀਟਿੰਗ ਦੇ ਬਾਈਕਾਟ ਨੂੰ ਲੈ ਕੇ ਇਨ੍ਹਾਂ ਕੌਂਸਲਰਾਂ ਨਾਲ ਕੀਤੇ ਗਏ ਤਾਲਮੇਲ ਵਿਚ ਕੁਝ ਕਮੀਆਂ ਰਹਿ ਗਈਆਂ ਸਨ। ਜਿਸ ਸਬੰੰਧੀ ਇਨ੍ਹਾਂ ਸਾਰਿਆਂ ਵੱਲੋਂ ਪਾਰਟੀ ਪ੍ਰਧਾਨ ਨੂੰ ਜੋ ਨੋਟਿਸ ਦਾ ਜਵਾਬ ਦਿੱਤਾ ਗਿਆ ਹੈ, ਉਸ ’ਤੇ ਪ੍ਰਧਾਨ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ ਹੈ। ਇਸ ਲਈ ਇਹ ਸਾਰੇ ਕਾਂਗਰਸ ਪਾਰਟੀ ਦੇ ਹੀ ਸਿਪਾਸਲਾਰ ਹਨ। ਇਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਵੇਗੀ।