ਕਣਕ, ਆਲੂਆਂ ਤੇ ਬਾਗ਼ਬਾਨੀ ਫ਼ਸਲਾਂ ਲਈ ਵਰਦਾਨ ਸਾਬਤ ਹੋਵੇਗਾ ਮੀਂਹ
ਕਣਕ, ਆਲੂਆਂ ਤੇ ਬਾਗਬਾਨੀ ਫ਼ਸਲਾਂ ਲਈ ਵਰਦਾਨ ਸਾਬਤ ਹੋਵੇਗਾ ਮੀਂਹ
Publish Date: Fri, 23 Jan 2026 07:08 PM (IST)
Updated Date: Sat, 24 Jan 2026 04:13 AM (IST)

ਫੋਟੋ ਨੰਬਰ-36 ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ ਲੁਧਿਆਣਾ : 22 ਤੇ 23 ਜਨਵਰੀ ਨੂੰ ਪਏ ਮੀਂਹ ਨੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਲੈ ਆਂਦੀ ਹੈ। ਡਾ. ਬਲਦੇਵ ਸਿੰਘ ਸਾਬਕਾ ਨਿਰਦੇਸ਼ਕ ਖੇਤੀਬਾੜੀ ਵਿਭਾਗ ਪੰਜਾਬ ਨੇ ਦੱਸਿਆ ਕਿ ਸਿਆਲ ਰੁੱਤ ਦਾ ਮੀਂਹ ਕੇਵਲ ਫ਼ਸਲਾਂ ਲਈ ਹੀ ਨਹੀਂ ਬਲਕਿ ਪੂਰੀ ਪ੍ਰਕਿਰਤੀ ਲਈ ਬਹੁਤ ਮਹੱਤਤਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਸਿਆਲੂ ਮੀਂਹ ਕੇਵਲ ਕਣਕ ਲਈ ਨਹੀਂ ਬਲਕਿ ਆਲੂਆਂ ਤੇ ਬਾਗਬਾਨੀ ਦੀਆਂ ਫ਼ਸਲਾਂ ਲਈ ਵੀ ਵਰਦਾਨ ਤੋਂ ਘੱਟ ਨਹੀਂ ਹੁੰਦਾ। ਠੰਢ ਤੇ ਧੁੰਦ ਕਾਰਨ ਕਣਕ ਤੇ ਆਲੂਆਂ ਦੇ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਜਦਕਿ ਮੀਂਹ ਪਿਛੋਂ ਇਨ੍ਹਾਂ ਉਪਰ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ। ਮੀਂਹ ਦੇ ਪਾਣੀ ’ਚ ਨਾਈਟਰੋਜਨ ਦੇ ਤੱਤ ਹੁੰਦੇ ਹਨ, ਜੋ ਹਾੜੀ ਦੀਆਂ ਫਸਲਾਂ ਨੂੰ ਘਿਓ ਵਾਂਗ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਲਗਪਗ 35 ਲੱਖ 15 ਹਜ਼ਾਰ ਹੈਕਟੇਅਰ ਪੈਲੀ ’ਚ ਕਣਕ ਦੀ ਫਸਲ ਖ਼ੜ੍ਹੀ ਹੈ ਜਦਕਿ 1 ਲੱਖ ਹੈਕਟੇਅਰ ਪੈਲੀ ’ਚ ਆਲੂਆਂ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਨਵੰਬਰ, ਦਸੰਬਰ ਜਾਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਮੀਂਹ ਪੈ ਜਾਂਦਾ ਹੈ ਪਰ ਇਸ ਵਾਰ ਮੀਂਹ ਦੇਰ ਨਾਲ ਪਿਆ ਹੈ। ਉਨ੍ਹਾਂ ਦੱਸਿਆ ਕਿ ਮੀਂਹ ਨਾਲ ਸਿੰਜਾਈ ਦਾ ਪਾਣੀ ਬਚੇਗਾ। ਜਿਹੜੇ ਕਿਸਾਨਾਂ ਨੇ ਆਲੂਆਂ ਦੀ ਫਸਲ ਦੀ ਪੁਟਾਈ ਕਰ ਲਈ ਹੈ, ਉਹ ਸੂਰਜਮੁੱਖੀ ਤੇ ਮੱਕੀ ਦੀ ਫ਼ਸਲ ਦੀ ਬਿਜਾਈ ਬਿਨਾਂ ਸਿੰਜਾਈ ਕਰਨ ਤੋਂ ਕਰ ਸਕਦੇ ਹਨ, ਇਸ ਤਰ੍ਹਾਂ ਇਹ ਮੀਂਹ ਸੂਰਜ ਮੁੱਖੀ ਤੇ ਮੱਕੀ ਦੀ ਫਸਲ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਇਥੇ ਹੀ ਗੱਲ ਨਹੀਂ ਮੁੱਕਦੀ ਸਿਆਲੂ ਮੀਂਹ ਬਾਗਬਾਨੀ ਦੀਆਂ ਫਸਲਾਂ ਲਈ ਚੰਗਾ ਮੰਨਿਆ ਜਾਂਦਾ ਹੈ, ਨਵੇਂ ਪੱਤੇ ਆਉਂਦੇ ਹਨ ਤੇ ਫਲ਼ ਲਈ ਬੂਰ ਪੈਂਦਾ ਹੈ। ਸਾਰਿਆਂ ਰੁੱਖਾਂ, ਫਲਦਾਰ ਤੇ ਫੁੱਲਾਂ ਵਾਲੇ ਬੂਟਿਆਂ ਉਪਰ ਜੰਮੀ ਮਿੱਟੀ ਧੂੜ ਦੀ ਤਹਿ ਲਹਿ ਜਾਂਦਾ ਹੈ, ਜਿਸ ਪਿੱਛੋਂ ਫੁੱਲ, ਬੂਟੇ ਵਧਦੇ-ਫੁਲਦੇ ਹਨ, ਵਾਤਾਵਰਣ ਸਾਫ਼ ਹੋ ਜਾਂਦਾ ਹੈ, ਠੰਡ ਘਟਣੀ ਸ਼ੁਰੂ ਹੋ ਜਾਂਦੀ ਹੈ, ਖੰਘ ਜ਼ੁਕਾਮ ਤੇ ਬੁਖਾਰ ਤੋਂ ਛੁਟਕਾਰਾ ਮਿਲਦਾ ਹੈ। ਠੰਡ ਘਟਣ ਪਿਛੋਂ ਪਸ਼ੂ, ਪੰਛੀਆਂ ਵੀ ਠੰਡ ਤੋਂ ਰਾਹਤ ਮਹਿਸੂਸ ਕਰਦੇ ਹਨ। ਕਿਸਾਨ ਸੁਖਵਿੰਦਰ ਸਿੰਘ ਬਸੈਮੀ ਨੇ ਕਿਹਾ ਕਿ ਆਮ ਨਾਲੋਂ ਇਸ ਵਾਰ ਮੀਂਹ ਭਾਵੇਂ ਪਛੜ ਕੇ ਪਿਆ ਹੈ, ਪਰ ਪਿਆ ਵਧੀਆ ਹੈ, ਜੋ ਕਣਕ ਦੀ ਫਸਲ ਲਈ ਚੰਗਾ ਹੋਵੇਗਾ। ਕਣਕ ਦੇ ਬੂਟਿਆਂ ਦਾ ਰੁਕਿਆ ਵਿਕਾਸ ਮੁੜ ਚਾਲੂ ਹੋਵੇਗਾ। ਇਸੇ ਤਰ੍ਹਾਂ ਹੀ ਕਿਸਾਨ ਜਸਪਾਲ ਸਿੰਘ ਨੂਰਪੁਰ ਬੇਟ ਨੇ ਕਿਹਾ ਕਿ ਇਸ ਮੀਂਹ ਨਾਲ ਕਣਕ ਦਾ ਝਾੜ ਚੰਗਾ ਹੋਣ ਦੀ ਸੰਭਾਵਨਾ ਹੈ। ਕਿਸਾਨ ਚਰਨਦਾਸ ਤਲਵੰਡੀ ਕਲਾਂ ਨੇ ਕਿਹਾ ਕਿ ਭਵਿੱਖ ਵਿੱਚ ਜੇ ਕੋਈ ਬਿਮਾਰੀ ਨਾ ਲੱਗੇ ਤਾਂ ਇਹ ਮੀਂਹ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰੇਗਾ।