ਅੱਜ ਵੀ ਮੀਂਹ ਦੇ ਆਸਾਰ, ਕੱਲ ਤੋਂ ਬਦਲੇਗਾ ਮੌਸਮ ਦਾ ਮਿਜਾਜ਼
ਅੱਜ ਵੀ ਮੀਂਹ ਦੇ ਆਸਾਰ, ਕੱਲ ਤੋਂ ਬਦਲੇਗਾ ਮੌਸਮ ਦਾ ਮਿਜ਼ਾਜ
Publish Date: Sun, 29 Mar 2026 09:28 PM (IST)
Updated Date: Mon, 30 Mar 2026 04:12 AM (IST)

ਕੰਮਕਾਜ ਵਾਲਾ ਦਿਨ ਹੁੰਦਾ ਤੇ ਸਕੂਲ ਕਾਲਜ ਖੁੱਲ੍ਹੇ ਹੁੰਦੇ ਤਾਂ ਸਥਿਤੀ ਹੋਣੀ ਸੀ ਖਰਾਬ ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ ਸ਼ਨਿੱਚਰਵਾਰ ਰਾਤ ਤੋਂ ਪੈ ਰਿਹਾ ਮੀਂਹ ਐਤਵਾਰ ਸਵੇਰੇ ਵੀ ਜਾਰੀ ਰਿਹਾ। ਬੱਦਲਵਾਈ ਵੀ ਬਣੀ ਰਹੀ ਤੇ ਧੁੱਪ ਵੀ ਨਿਕਲੀ ਪਰ ਇਸ ਦੇ ਨਾਲ ਨਾਲ ਮੀਂਹ ਨੇ ਫਿਰ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਵਾਵਾਂ ਵੀ ਚੱਲਦੀਆਂ ਰਹੀਆਂ। ਮੌਸਮ ਕੇਂਦਰ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਵੀ ਐਤਵਾਰ ਵਰਗਾ ਮੌਸਮ ਹੀ ਰਹੇਗਾ ਤੇ ਮੀਂਹ ਪੈ ਸਕਦਾ ਹੈ। ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੰਗਲਵਾਰ ਨੂੰ ਮੁੜ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ, ਜਿਸ ਕਾਰਨ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਐਤਵਾਰ ਨੂੰ ਬੇਸ਼ੱਕ ਬਹੁਤ ਜ਼ਿਆਦਾ ਮੀਂਹ ਨਹੀਂ ਪਿਆ ਪਰ ਇਸ ਨਾਲ ਜਗ੍ਹਾ-ਜਗ੍ਹਾ ਚਿੱਕੜ ਤੇ ਪਾਣੀ ਭਰਨ ਨਾਲ ਆਵਾਜਾਈ ’ਚ ਵਿਘਨ ਪਿਆ। ਐਤਵਾਰ ਛੁੱਟੀ ਦਾ ਦਿਨ ਹੋਣ ਕਾਰਨ ਲੋਕ ਖਰੀਦੋ-ਫਰੋਖਤ ਕਰਨ ਲਈ ਨਿਕਲੇ ਪਰ ਮੀਂਹ ਦਾ ਕਦੇ ਪੈਣਾ ਤੇ ਕਦੇ ਰੁਕਣਾ ਉਨ੍ਹਾਂ ਦੀ ਦਿੱਕਤ ਦਾ ਸਬੱਬ ਬਣਿਆ ਰਿਹਾ। ਲੋਕ ਪਹਿਲਾਂ ਹੀ ਵਿਕਾਸ ਕਾਰਜਾਂ ਦੇ ਚੱਲਦੇ ਜਾਮ ਤੋਂ ਪਰੇਸ਼ਨ ਸਨ। ਮੀਂਹ ਨੇ ਉਨ੍ਹਾਂ ਦੀਆਂ ਮੁਸੀਬਤਾਂ ’ਚ ਵਾਧਾ ਕਰ ਦਿੱਤਾ। ਕੁੱਝ ਲੋਕਾਂ ਨੇ ਇਹ ਵੀ ਕਿਹਾ ਨਾ ਚੰਗੀ ਤਰ੍ਹਾਂ ਪਿਆ ਤੇ ਨਾ ਹੀ ਰੁਕਿਆ ਪਰ ਐਤਵਾਰ ਦੇ ਮੀਂਹ ਨੇ ਦਿਹਾੜੀ ਖਰਾਬ ਕਰ ਦਿੱਤੀ, ਜੇਕਰ ਕੰਮਕਾਜ ਵਾਲਾ ਦਿਨ ਹੁੰਦਾ ਤੇ ਸਕੂਲ-ਕਾਲਜ ਖੁੱਲ੍ਹੇ ਹੁੰਦੇ ਤਾਂ ਸਥਿਤੀ ਹੋਰ ਵੀ ਖਰਾਬ ਹੋਣੀ ਸੀ। ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਗੁਰਦੀਪ ਸਿੰਘ ਚਾਹਲ ਨੇ ਕਿਹਾ ਕਿ ਕਣਕ ਤੇ ਸਰ੍ਹੋਂ ਦੀ ਫਸਲ ਲੱਗਭਗ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਇਸ ਬੇ-ਮੌਸਮੀ ਬਰਸਾਤ ਨੇ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਫਸਲਾਂ ’ਚ ਪੈ ਰਹੀਆਂ ਮਾਰਾਂ, ਜਿਵੇਂ ਕਿ ਝੋਨੇ, ਮੱਕੀ, ਗੰਨਾ ਤੇ ਆਲੂ ਦੀ ਫਸਲ ਨੇ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਤੋੜ ਕੇ ਰੱਖ ਦਿੱਤਾ ਸੀ ਤੇ ਹੁਣ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਉੱਪਰ ਹੋ ਰਹੀ ਬੇ-ਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਤੇ ਜੇਕਰ ਇਹ ਬਰਸਾਤਾਂ ਮੌਸਮ ਵਿਭਾਗ ਵੱਲੋਂ ਦੱਸੇ ਗਏ ਅਨੁਮਾਨਾ ਅਨੁਸਾਰ ਲਗਾਤਾਰ ਪੈਂਦੀਆਂ ਰਹੀਆਂ ਤਾਂ ਫਿਰ ਪਹਿਲਾਂ ਹੀ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ ਨਾਂ ਮਿਲਣ ਕਾਰਨ ਆਰਥਿਕ ਤੌਰ ’ਤੇ ਟੁੱਟ ਚੁੱਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਉੱਪਰ ਪੈਣ ਲਈ ਮਜਬੂਰ ਹੋਣਗੇ, ਜਿਵੇ ਕਿ ਪਿਛਲੇ ਦਿਨੀ ਆਲੂਆਂ ਦੀ ਫਸਲ ’ਚ ਘਾਟਾ ਪੈਣ ਕਰ ਕੇ ਹੀ ਕਰਜ਼ੇ ਦੇ ਬੋਝ ਥੱਲੇ ਆਉਣ ਕਾਰਨ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀ ਨੌ ਦੇ 2 ਸਕੇ ਭਰਾਵਾਂ ਵੱਲੋਂ ਰੇਲਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਗਈ ਸੀ। ਇਸ ਲਈ ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਮੁਸ਼ਕਲ ਦੀ ਘੜੀ ’ਚ ਕਿਸਾਨਾਂ ਦੀ ਬਾਂਹ ਫੜੇ ਤੇ ਕਿਸਾਨਾਂ ਦੀਆਂ ਫਸਲਾਂ ਦੇ ਘਟੇ ਹੋਏ ਝਾੜ ਦਾ ਮੁਆਵਜਾ ਐਲਾਨ ਕਰੇ।