- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁੰਮਸ ਭਰੀ ਗਰਮੀ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ
ਲੁਧਿਆਣਾ : ਐਤਵਾਰ ਨੂੰ ਮਹਾਂਨਗਰ ਲੁਧਿਆਣਾ ’ਚ ਪਏ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ। ਬਾਅਦ ਦੁਪਹਿਰ 2 ਵਜੇ ਦੇ ਕਰੀਬ ਬੱਦਲਵਾਈ ਦੇ ਦਰਮਿਆਨ ਹਵਾਵਾਂ ਚੱਲੀਆਂ ਅਤੇ ਕੁੱਝ ਸਮੇਂ ਪਿੱਛੋਂ ਹਲਕੀ ਬਾਰਿਸ਼ ਸ਼ੁਰੂ ਹੋਈ ਜੋ ਇੱਕ ਦਮ ਤੇਜ਼ ਰੂਪ ਵਿੱਚ ਬਦਲ ਗਈ। ਇਸ ਮੀਂਹ ਨੇ ਲੋਕਾਂ ਦੇ ਚੇਹਰਿਆਂ ਤੇ ਖੁਸ਼ੀ ਲੈ ਆਂਦੀ। ਸਵੇਰੇ ਤੋਂ ਹੀ ਲੋਕ ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਰਹੇ। ਸਵੇਰ ਦੇ ਸਮੇਂ ਹੀ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਦੁਪਹਿਰ ਤੱਕ ਧੁੱਪ ਕਾਫ਼ੀ ਤੇਜ਼ ਰਹੀ ਅਤੇ ਨਮੀ ਜ਼ਿਆਦਾ ਹੋਣ ਕਾਰਨ ਹੁੰਮਸ ਵੀ ਮਹਿਸੂਸ ਕੀਤੀ ਗਈ। ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਗਰਮੀ ਕਾਰਨ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਕੁੱਝ ਘੱਟ ਨਜ਼ਰ ਆਈ ਅਤੇ ਲੋਕ ਲੋੜ ਪੈਣ ’ਤੇ ਹੀ ਘਰਾਂ ਤੋਂ ਬਾਹਰ ਨਿਕਲੇ। ਮੀਂਹ ਪਿੱਛੋਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਅਤੇ ਵਾਤਾਵਰਨ ਸੁਹਾਵਣਾ ਹੋ ਗਿਆ।
ਮੌਸਮ ਵਿੱਚ ਆਈ ਇਸ ਤਬਦੀਲੀ ਨਾਲ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਦਿਖਾਈ ਦਿੱਤੀ। ਲੋਕ ਵੱਡੀ ਗਿਣਤੀ ਵਿੱਚ ਮੌਸਮ ਦਾ ਆਨੰਦ ਮਾਣਦੇ ਨਜ਼ਰ ਆਏ। ਲੁਧਿਆਣਾ ਵਿੱਚ ਦੁਪਹਿਰ ਬਾਅਦ ਪਏ ਮੀਂਹ ਨੇ ਜਿੱਥੇ ਗਰਮੀ ਅਤੇ ਹੁੰਮਸ ਤੋਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ, ਉੱਥੇ ਹੀ ਕਈ ਥਾਵਾਂ ’ਤੇ ਮੁਸ਼ਕਿਲਾਂ ਵੀ ਸਾਹਮਣੇ ਆਈਆਂ। ਕਈ ਸੜਕਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹ ਗਿਆ। ਟ੍ਰੈਫਿਕ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਕਈ ਥਾਵਾਂ ’ਤੇ ਜਾਮ ਦੀ ਸਥਿਤੀ ਬਣੀ। ਦੋਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪਈ। ਕੁੱਝ ਇਲਾਕਿਆਂ ਵਿੱਚ ਸੀਵਰੇਜ ਪ੍ਰਣਾਲੀ ’ਤੇ ਦਬਾਅ ਵਧਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਈ। ਬਾਜ਼ਾਰਾਂ ਵਿੱਚ ਖਰੀਦਦਾਰੀ ਵੀ ਕੁੱਝ ਸਮੇਂ ਲਈ ਪ੍ਰਭਾਵਿਤ ਰਹੀ। ਮੌਸਮ ਵਿਭਾਗ ਦੇ ਅਨੁਸਾਰ ਲੁਧਿਆਣਾ ਵਿੱਚ ਅਗਲੇ ਕੁੱਝ ਦਿਨਾਂ ਤੱਕ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ। ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ। ਇਸ ਕਾਰਨ ਦਿਨ ਦੇ ਤਾਪਮਾਨ ਵਿੱਚ ਕੁੱਝ ਕਮੀ ਰਹੇਗੀ, ਪਰ ਨਮੀ ਦਾ ਪੱਧਰ ਉੱਚਾ ਰਹਿ ਸਕਦਾ ਹੈ। ਲੋਕਾਂ ਨੂੰ ਮੀਂਹ ਦੌਰਾਨ ਟ੍ਰੈਫਿਕ ਅਤੇ ਪਾਣੀ ਭਰਨ ਵਾਲੇ ਇਲਾਕਿਆਂ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।