ਮੀਂਹ ਨੇ ਖੋਲੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ, ਸ਼ਹਿਰ ਫਿਰ ਹੋਇਆ ਜਲਮਗਨ ਮੀਂਹ ਨੇ ਖੋਲੀ ਨਗਰ ਨਿਗਮ ਦੇ ਦਾਬਿਆਂ ਦੀ ਪੋਲ, ਸ਼ਹਿਰ ਫਿਰ ਹੋਇਆ ਜਲਮਗਨ
Publish Date: Sat, 11 Jul 2026 09:39 PM (IST)
Updated Date: Sun, 12 Jul 2026 04:16 AM (IST)
1700 ਕੈਮਰਿਆਂ ਦਾ ਮਾਨਸੂਨ ਵਾਰ ਰੂਮ ਵੀ ਨਹੀਂ ਦੇ ਸਕਿਆ ਲੋਕਾਂ ਨੂੰ ਰਾਹਤ ਸਿਟੀ ਸੈਂਟਰ ਨੇੜੇ ਮੁੜ ਧੱਸੀ ਸੜਕ, ਮੀਂਹ ਦਾ ਪਾਣੀ ਭਰਨ ਨਾਲ ਸ਼ਹਿਰ ਦੇ ਕਈ ਇਲਾਕੇ ਹੋਏ ਬੇਹਾਲ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਨਿਵਾਸੀਆਂ ਨੂੰ ਮੀਂਹ ਦੌਰਾਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਅਜੇ ਕੁਝ ਹੀ ਦਿਨ ਪਹਿਲਾ ਮੇਅਰ ਪ੍ਰਿੰਸੀਪਲ ਇੰਦਰਹੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜੰਸਵੀ ਅਲੰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ, ਪਰ ਇਹ ਕੁਝ ਹੀ ਦਿਨਾਂ ਬਾਅਦ ਪਏ ਪਹਿਲੇ ਮੀਂਹ ’ਚ ਰੁੜਦੇ ਦਿਖਾਈ ਦਿੱਤੇ। ਬੀਤੀ ਦੇਰ ਰਾਤ ਕਰੀਬ 2 ਵਜੇ ਅਚਾਨਕ ਭਾਰੀ ਮੀਂਹ ਨੇ ਲੁਧਿਆਣਾ ’ਚ ਦਸਤਕ ਦਿੱਤੀ ਤੇ ਇਸ ਦੌਰਾਨ ਆਸਮਾਨ ਤੋਂ ਗਿਰੇ ਪਾਣੀ ਨੇ ਨਗਰ ਨਿਗਮ ਦੇ ਮਾਨਸੂਨ ਵਾਰ ਦੇ ਦਾਅਵੇ ਨੂੰ ਵੀ ਨਾਲ ਹੀ ਵਹਾਅ ਦਿੱਤਾ। ਇਸ ਦੌਰਾਨ ਨਗਰ ਨਿਗਮ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਪ੍ਰਬੰਧਾਂ ਦੀ ਹਕੀਕਤ ਵੀ ਸਾਹਮਣੇ ਲਿਆ ਦਿੱਤੀ। ਬੀਤੀ ਦੇਰ ਰਾਤ ਪਏ ਮੀਂਹ ਨੇ ਸ਼ਹਿਰ ’ਚ ਕਈ ਥਾਵਾਂ ’ਤੇ ਸੜਕਾਂ ਤੇ ਗਲੀਆਂ ’ਚ ਪਾਣੀ ਭਰ ਦਿੱਤਾ, ਜਿਸ ਕਾਰਨ ਲੋਕਾਂ ਨੂੰ ਸਵੇਰ ਸਮੇਂ ਵੀ ਆਪਣੀ ਮੰਜ਼ਿਲ ਵੱਲ ਜਾਣ ਲਈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਕੁਝ ਦਿਨ ਪਹਿਲਾ ਪਏ ਮੀਂਹ ਕਾਰਨ ਸ਼ਹੀਦ ਭਗਤ ਸਿੰਘ ਨਗਰ ਦੀ ਸਿਟੀ ਸੈਂਟਰ ਵਾਲੀ ਜੋ ਸੜਕ ਬਣੀ ਸੀ, ਇਕ ਵਾਰ ਫਿਰ ਮੀਂਹ ਦੇ ਪਾਣੀ ’ਚ ਵਹਿ ਗਈ। ਉਧਰ ਮੀਂਹ ਸ਼ੁਰੂ ਹੋਣ ਤੋਂ ਬਾਅਦ ਜਿਵੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਨਾਲਿਆਂ ਦੇ ਹਾਲਾਤ ਚਿੰਤਾਜਨਕ ਬਣਨ ਲੱਗੇ ਤਾਂ ਲੋਕਾਂ ਨਗਰ ਨਿਗਮ ਵੱਲੋਂ ਜਾਰੀ ਕੀਤੇ ਨੰਬਰ ਤੇ ਐਪ ਤੇ ਸੰਪਰਕ ਸ਼ੁਰੂ ਕੀਤਾ ਪਰ ਕਿਸੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੱਲ ਤਵੱਜੋ ਨਹੀਂ ਦਿੱਤੀ, ਜਿਸ ਕਾਰਨ ਸ਼ਨਿੱਚਰਵਾਰ ਦੀ ਸਵੇਰ ਤੋਂ ਨਗਰ ਨਿਗਮ ਖਿਲਾਫ ਸ਼ਹਿਰ ਵਾਸੀਆਂ ’ਚ ਗੁੱਸਾ ਦਿਖਾਈ ਦਿੱਤਾ। ਉਧਰ ਸਿਟੀ ਸੈਂਟਰ ਦੇ ਨਾਲ ਦੀ ਸੜਕ ਧਸਣ ਕਾਰਨ ਪਏ ਟੋਏ ਦੋਪਹੀਆ ਵਾਹਨ ਚਾਲਕ ਫਸਦੇ ਰਹੇ, ਜਿਨ੍ਹਾਂ ਨੂੰ ਸਥਾਨਕ ਨਿਵਾਸੀਆਂ ਨੇ ਬਾਹਰ ਕੱਢਿਆ। ਇਸ ਦੌਰਾਨ ਇਕ ਇਨੋਵਾ ਕਾਰ ਵੀ ਹਾਦਸੇ ਦਾ ਸ਼ਿਕਾਰ ਹੋਈ, ਜਿਸ ਦਾ ਨੁਕਸਾਨ ਵੀ ਹੋਇਆ। ਸਥਾਨਕ ਲੋਕਾਂ ਦੀ ਮੂਸਤੈਦੀ ਕਾਰਨ ਰਾਹਗੀਰਾਂ ਦਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਆਰਟੀਆਈ ਐਕਟੀਵਿਸਟ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਸੜਕ ਧਸਣ ਦੀ ਜਾਣਕਾਰੀ ਮਿਲੀ ਤਾਂ ਉਹ ਸਵੇਰ ਤੋਂ ਲਗਤਾਰ ਨਗਰ ਨਿਗਮ ਨੂੰ ਇਸ ਦੀ ਜਾਣਕਾਰੀ ਦੇਣ ਲਈ ਦੇ ਮਾਨਸੂਨ ਵਾਰ ਰੂਮ ’ਤੇ ਸੰਪਰਕ ਕਰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਕਾਲ ਨੂੰ ਰਿਸੀਵ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਹਲਾਤ ’ਚ ਵੀ ਨਗਰ ਨਿਗਮ ਦੇ ਮਾਨਸੂਨ ਲਈ ਤਿਆਰ ਕੀਤੇ 1700 ਕੈਮਰਿਆਂ ਵਾਲੇ ਵਾਰ ਰੂਮ ’ਚ ਕੋਈ ਕਾਲ ਰਿਸੀਵ ਨਹੀਂ ਕਰਦਾ ਤਾਂ ਅਜਿਹੇ ਐਲਾਨਾਂ ਦਾ ਕੀ ਫਾਇਦਾ ਹੈ। ਉਧਰ ਨਗਰ ਨਿਗਮ ਦੇ ਜ਼ੋਨ ਬੀ ਦੇ ਮੁਲਾਜ਼ਮ ਦੇ ਦੱਸਣ ਮੁਤਾਬਕ ਮੀਂਹ ਦੌਰਾਨ ਚੰਡੀਗੜ੍ਹ ਰੋਡ ’ਤੇ ਸਥਿਤ ਪੁਲਿਸ ਕਾਲੋਨੀ ਚੌਕ ਦੇ ਸੀਵਰੇਜ ਚੈਂਬਰ ਦੇ ਢੱਕਣ ਪਾਣੀ ਨਾਲ ਖੁੱਲ੍ਹ ਗਏ, ਜਿਸ ਕਾਰਨ ਚੈਂਬਰ ’ਚੋਂ ਪਾਣੀ ਉਬਾਲੇ ਮਾਰ ਕੇ ਬਾਹਰ ਆਉਣ ਲੱਗਾ। ਇਸੇ ਤਰ੍ਹਾਂ ਗਿੱਲ ਰੋਡ, ਬੀਆਰਐੱਸ ਨਗਰ, ਹੰਬੜਾ ਰੋਡ, ਢੋਲੇਵਾਲ ਚੌਕ, ਪਾਹਵਾ ਰੋਡ, ਰਾਹੋਂ ਰੋਡ, 33 ਫੁੱਟਾ ਰੋਡ, ਪੰਜਾਪੀਰ ਰੋਡ, ਜੱਸੀਆਂ ਰੋਡ, ਡਾਬਾ ਲੁਹਾਰਾ ਰੋਡ ਸਮੇਤ ਸ਼ਹਿਰ ਦੀ ਕਈ ਹੋਰ ਇਲਾਕਿਆਂ ’ਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ। ਇਸ ਕਾਰਨ ਸਵੇਰ ਸਮੇਂ ਵੀ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਦੁਪਹਿਰ ਤੱਕ ਜ਼ਿਆਦਾਤਰ ਥਾਵਾਂ ਤੋਂ ਪਾਣੀ ਦੀ ਨਿਕਾਸੀ ਹੋ ਗਈ ਪਰ ਵੇਰਕਾ ਮਿਲਕ ਪਲਾਂਟ ਅੰਡਰਪਾਸ ’ਚ ਦੁਪਹਿਰ ਬਾਅਦ ਵੀ ਪਾਣੀ ਭਰਿਆ ਰਿਹਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਉੱਧਰ ਸਿਲਾਈ ਮਸ਼ੀਨ ਮਾਰਕੀਟ ’ਚ ਇੱਕ ਪੁਰਾਣੇ ਮਕਾਨ ਦੀ ਕੰਧ ਅਚਾਨਕ ਢਹਿ ਗਈ। ਕੰਧ ਦੀ ਲਪੇਟ ’ਚ ਆ ਕੇ ਇੱਕ ਰਾਹਗੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਲਗਾਤਾਰ ਪਏ ਮੀਂਹ ਕਾਰਨ ਸ਼ਿਵਾਜੀ ਨਗਰ ਵਿੱਚੋਂ ਲੰਘਦਾ ਨਾਲਾ ਓਵਰਫਲੋਅ ਹੋ ਗਿਆ। ਇਸ ਨਾਲ ਨਾਲੇ ਦਾ ਪਾਣੀ ਸੜਕਾਂ ’ਤੇ ਆ ਗਿਆ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਟੀਮਾਂ ਨੂੰ ਮੌਕੇ ’ਤੇ ਭੇਜਿਆ, ਜਿਨ੍ਹਾਂ ਸੜਕਾਂ ’ਤੇ ਫੈਲੀ ਗੰਦਗੀ ਨੂੰ ਹਟਾ ਕੇ ਸੜਕਾਂ ਨੂੰ ਸਾਫ ਕੀਤਾ। ਨਗਰ ਨਿਗਮ ਵੱਲੋਂ ਮੀਂਹ ਦੌਰਾਨ ਬਣਨ ਵਾਲੇ ਹਾਲਾਤ ਤੋਂ ਲੋਕਾਂ ਨੂੰ ਬਚਾਉਣ ਲਈ ਕੁਝ ਦਿਨ ਪਹਿਲਾ ਸ਼ੁਰੂ ਕੀਤੇ 1700 ਕੈਮਰਿਆਂ ਵਾਲੇ ਮਾਨਸੂਨ ਵਾਰ ਰੂਮ ਤੋਂ ਬਾਅਦ ਹਾਲਾਤ ਅਜਿਹੇ ਬਣੇ ਤਾਂ ਨਗਰ ਨਿਗਮ ਵੱਲੋਂ ਕੀਤੇ ਪ੍ਰਬੰਧਾਂ ਆਪਣੇ-ਆਪ ਨਜ਼ਰ ਆਉਦੇ ਹਨ। ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਅਗਲੇ ਦਿਨਾਂ ਲਈ ਇਸ ’ਚ ਕੀ ਸੁਧਾਰ ਕੀਤਾ ਜਾਂਦਾ ਹੈ।