ਮੀਂਹ ਨੇ ਖੋਲ੍ਹੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ: ਸੜਕਾਂ ਬਣੀਆਂ ਤਲਾਬ, ਲੋਕ ਪ੍ਰੇਸ਼ਾਨ, ਵਾਹਨ ਚਾਲਕ ਹੋਏ ਹਾਲੋ-ਬੇਹਾਲ ਸ਼ਹਿਰ ’ਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇੱਕ ਪਾਸੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਪਰ ਦੂਜੇ ਪਾਸੇ ਨਗਰ ਨਿਗਮ ਦੇ ਸੜਕਾਂ ਦੇ ਕਰਵਾਏ ਵਿਕਾਸ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਦਿੱਤੀ। ਸ਼ਹਿਰ ਦੇ ਗਿੱਲ ਰੋਡ, ਦੁੱਗਰੀ ਰੋਡ, ਸੂਆ ਰੋਡ, ਢੰਡਾਰੀ, ਜਸਪਾਲ ਬਾਂਗਰ ਰੋਡ, ਗਿਆਸਪੁਰਾ ਰੋਡ, ਈਸਟਮੈਨ ਚੌਂਕ, ਪਿੱਪਲ ਚੌਂਕ ਅਤੇ ਬਾਪੂ ਮਾਰਕੀਟ ਤੋਂ ਇਲਾਵਾ ਅੰਦਰੂਨੀ ਸ਼ਹਿਰ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਮੀਂਹ ਮਗਰੋਂ ਸਾਫ਼ ਨਜ਼ਰ ਆਈ।
Publish Date: Sun, 26 Jul 2026 12:44 PM (IST)
Updated Date: Sun, 26 Jul 2026 12:47 PM (IST)
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ। ਸ਼ਹਿਰ ’ਚ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਇੱਕ ਪਾਸੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿੱਤੀ ਪਰ ਦੂਜੇ ਪਾਸੇ ਨਗਰ ਨਿਗਮ ਦੇ ਸੜਕਾਂ ਦੇ ਕਰਵਾਏ ਵਿਕਾਸ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹ ਦਿੱਤੀ। ਸ਼ਹਿਰ ਦੇ ਗਿੱਲ ਰੋਡ, ਦੁੱਗਰੀ ਰੋਡ, ਸੂਆ ਰੋਡ, ਢੰਡਾਰੀ, ਜਸਪਾਲ ਬਾਂਗਰ ਰੋਡ, ਗਿਆਸਪੁਰਾ ਰੋਡ, ਈਸਟਮੈਨ ਚੌਂਕ, ਪਿੱਪਲ ਚੌਂਕ ਅਤੇ ਬਾਪੂ ਮਾਰਕੀਟ ਤੋਂ ਇਲਾਵਾ ਅੰਦਰੂਨੀ ਸ਼ਹਿਰ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਮੀਂਹ ਮਗਰੋਂ ਸਾਫ਼ ਨਜ਼ਰ ਆਈ।
ਇਸ ਤੋਂ ਇਲਾਵਾ, ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਵਿਛਾਈਆਂ ਗਈਆਂ ਪਾਈਪ ਲਾਈਨਾਂ ਕਾਰਨ ਪੁੱਟੀਆਂ ਸੜਕਾਂ ਦੀ ਅਜੇ ਤੱਕ ਮੁਰੰਮਤ ਨਹੀਂ ਕੀਤੀ ਗਈ, ਜਿਸ ਕਾਰਨ ਕਈ ਸੜਕਾਂ ਦੀ ਹਾਲਤ ਹੋਰ ਵੀ ਨਾਜ਼ੁਕ ਬਣ ਗਈ ਹੈ। ਗਿਆਸਪੁਰਾ ਦੇ ਰਹਿਣ ਵਾਲੇ ਪੰਕਜ ਮਿਸ਼ਰਾ, ਰਾਜੂ ਦੂਬੇ, ਜਸਪਾਲ ਬਾਂਗਰ ਦੇ ਰਹਿਣ ਵਾਲੇ ਮਲਕੀਤ ਢਿੱਲੋਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਮੀਂਹ ਦਾ ਪਾਣੀ ਸੜਕਾਂ 'ਤੇ ਖੜ੍ਹਾ ਹੋਣ ਕਾਰਨ ਡੂੰਘੇ ਖੱਡੇ ਦਿਖਾਈ ਨਹੀਂ ਦਿੱਤੇ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਕਈ ਥਾਵਾਂ 'ਤੇ ਵਾਹਨ ਖੱਡਿਆਂ ਵਿੱਚ ਫਸ ਗਏ, ਜਦਕਿ ਦੋਪਹੀਆ ਵਾਹਨ ਚਾਲਕਾਂ ਦਾ ਸੰਤੁਲਨ ਵੀ ਵਿਗੜਦਾ ਨਜ਼ਰ ਆਇਆ। ਪੈਦਲ ਲੰਘਣ ਵਾਲਿਆਂ ਨੂੰ ਵੀ ਚਿੱਕੜ ਅਤੇ ਖੜ੍ਹੇ ਪਾਣੀ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਕਈ ਸੜਕਾਂ ਦੀ ਹਾਲਤ ਅਜਿਹੀ ਸੀ ਕਿ ਲੋਕ ਕਹਿਣ ਲਈ ਮਜਬੂਰ ਹੋ ਗਏ ਕਿ "ਸੜਕਾਂ ਵਿੱਚ ਖੱਡੇ ਨਹੀਂ, ਸਗੋਂ ਖੱਡਿਆਂ ਵਿੱਚ ਸੜਕਾਂ ਬਣੀਆਂ ਹੋਈਆਂ ਹਨ।
ਗਿੱਲ ਰੋਡ 'ਤੇ ਘਰ ਤੋਂ ਆਪਣੀ ਵਰਕਸ਼ਾਪ ਜਾ ਰਹੇ ਬਲਵੀਰ ਸਿੰਘ, ਓਂਕਾਰ ਸਿੰਘ, ਕਿਰਪਾਲ ਉਭੀ ਅਤੇ ਦੁੱਗਰੀ ਰੋਡ ਦੇ ਵਾਸੀ ਹਰਕੀਰਤ ਕੌਰ, ਮੋਹਨ ਭੰਡਾਰੀ ਨੇ ਦੱਸਿਆ ਕਿ ਸੜਕਾਂ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਹਨ, ਪਰ ਸਬੰਧਿਤ ਵਿਭਾਗ ਵੱਲੋਂ ਮੁਰੰਮਤ ਲਈ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਹਰ ਮੀਂਹ ਤੋਂ ਬਾਅਦ ਹਾਲਾਤ ਹੋਰ ਵੀ ਵਿਗੜ ਜਾਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਿਰਫ਼ ਭਰੋਸੇ ਹੀ ਮਿਲੇ ਹਨ, ਜਦਕਿ ਜ਼ਮੀਨੀ ਪੱਧਰ 'ਤੇ ਕੋਈ ਠੋਸ ਕਾਰਵਾਈ ਨਜ਼ਰ ਨਹੀਂ ਆਉਂਦੀ।
ਉਨ੍ਹਾਂ ਦੱਸਿਆ ਕਿ ਟੁੱਟੀਆਂ ਸੜਕਾਂ ਕਾਰਨ ਨਾ ਸਿਰਫ਼ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਸਗੋਂ ਹਾਦਸਿਆਂ ਦਾ ਖ਼ਤਰਾ ਵੀ ਲਗਾਤਾਰ ਬਣਿਆ ਹੋਇਆ ਹੈ। ਸਕੂਲੀ ਬੱਚਿਆਂ, ਬਜ਼ੁਰਗਾਂ ਅਤੇ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਹਿਰ ਵਾਸੀਆਂ ਨੇ ਨਗਰ ਨਿਗਮ ਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ ਦੀਆਂ ਟੁੱਟੀਆਂ ਸੜਕਾਂ ਦੀ ਜਲਦ ਤੋਂ ਜਲਦ ਮੁਰੰਮਤ ਕਰਵਾਈ ਜਾਵੇ ਅਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਬਰਸਾਤੀ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।