- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਹਤ-ਸਿੰਘਾਨੀਆ ਪਰਿਵਾਰ ਦਾ ਘਰ ਸੁਰੱਖਿਅਤ, ਗੰਭੀਰ ਖੱਡਾ ਭਰਨ ’ਚ ਲੱਗੇਗਾ ਇਕ ਹਫ਼ਤਾ

-ਦੂਜੇ ਪਾਸੇ ਕੰਧ ਬਣਾਉਣ ਲਈ ਕੰਮ ਸ਼ੁਰੂ, ਹਾਲੇ ਤਕ ਕੇਬਲ ਕੰਪਨੀ ਨੇ ਨਹੀਂ ਕੀਤਾ ਖੁਲਾਸਾ
ਵਰਿੰਦਰ ਰਾਣਾ, ਪੰਜਾਬੀ ਜਾਗਰਣ ਲੁਧਿਆਣਾ
ਕਿਚਲੂ ਨਗਰ ਬਲਾਕ-ਬੀ ਵਿੱਚ ਰਹਿੰਦੇ ਸਿੰਘਾਨੀਆ ਪਰਿਵਾਰ ਲਈ ਐਤਵਾਰ ਦੀ ਸਵੇਰ ਵੱਡੀ ਰਾਹਤ ਲੈ ਕੇ ਆਈ। ਜਿਸ ਘਰ ਦੀ ਨੀਂਹ ਦੇ ਬਿਲਕੁਲ ਨੇੜੇ ਕਰੀਬ 20 ਫੁੱਟ ਡੂੰਘਾ ਅਤੇ 40 ਫੁੱਟ ਚੌੜਾ ਖੱਡਾ ਬਣਨ ਕਾਰਨ ਮਕਾਨ ’ਤੇ ਡਿੱਗਣ ਦਾ ਖ਼ਤਰਾ ਮੰਡਰਾ ਰਿਹਾ ਸੀ, ਉਸ ਘਰ ਨੂੰ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਗਿਆ ਹੈ। ਨਗਰ ਨਿਗਮ ਵੱਲੋਂ ਘਰ ਨੂੰ ਬਚਾਉਣ ਲਈ ਇਕ ਪਾਸੇ ਕਾਂਕਰੀਟ ਦੀ ਕੰਧ ਤਿਆਰ ਕਰ ਦਿੱਤੀ ਗਈ ਹੈ ਅਤੇ ਘਰ ਦੀ ਨੀਂਹ ਦੇ ਹੇਠਾਂ ਵੀ ਕੰਕਰੀਟ ਭਰ ਕੇ ਉਸ ਨੂੰ ਮਜ਼ਬੂਤ ਕਰ ਦਿੱਤਾ ਹੈ। ਹੁਣ ਨਿਗਮ ਵੱਲੋਂ ਟੋਏ ਦੇ ਦੂਜੇ ਪਾਸੇ ਕੰਕਰੀਟ ਦੀ ਕੰਧ ਬਣਾਉਣ ਲਈ ਬੇਸ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਕ ਸੋਮਵਾਰ ਸਵੇਰ ਤੱਕ ਬੇਸ ਤਿਆਰ ਕਰਨ ਦਾ ਕੰਮ ਮੁਕੰਮਲ ਹੋਣ ਦੀ ਆਸ ਹੈ। ਇਸ ਤੋਂ ਬਾਅਦ ਕੰਕਰੀਟ ਦੀ ਕੰਧ ਬਣਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਹਾਲਾਂਕਿ ਪੂਰੇ ਖੱਡੇ ਨੂੰ ਮਿੱਟੀ ਅਤੇ ਹੋਰ ਸਮੱਗਰੀ ਨਾਲ ਭਰਨ ਵਿੱਚ ਕਰੀਬ ਇਕ ਹਫ਼ਤਾ ਲੱਗਣ ਦੀ ਸੰਭਾਵਨਾ ਹੈ।
ਐਤਵਾਰ ਨੂੰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਧੀ ਸਾਕਸ਼ੀ ਅਰੋੜਾ ਵੀ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੱਗੂ ਚੌਕ ਤੋਂ ਹੰਬੜਾਂ ਰੋਡ ਵੱਲ ਜਾਣ ਵਾਲੀ ਮੁੱਖ ਸੜਕ ਕਿਚਲੂ ਨਗਰ ਬਲਾਕ-ਬੀ ਦੇ ਕੋਨੇ ’ਤੇ ਅਚਾਨਕ ਧੱਸ ਗਈ ਸੀ। ਸੜਕ ਦੇ ਹੇਠਾਂ ਕਰੀਬ 11 ਫੁੱਟ ਉੱਚੀ ਸੀਵਰੇਜ ਲਾਈਨ ਲੰਘ ਰਹੀ ਹੈ। ਜਿਸ ਥਾਂ ਸੜਕ ਧੱਸੀ, ਉੱਥੇ ਇਕ ਸੀਵਰੇਜ ਚੈਂਬਰ ਬਣਿਆ ਹੋਇਆ ਸੀ, ਜਿਸ ਦਾ ਆਕਾਰ ਕਰੀਬ ਛੇ ਫੁੱਟ ਚੌੜਾ ਅਤੇ ਚਾਰ ਫੁੱਟ ਉੱਚਾ ਸੀ।
ਜਾਣਕਾਰੀ ਅਨੁਸਾਰ ਕਿਸੇ ਕੇਬਲ ਕੰਪਨੀ ਵੱਲੋਂ ਤਾਰ ਪਾਉਣ ਸਮੇਂ ਸੀਵਰੇਜ ਚੈਂਬਰ ਦੀ ਕੰਧ ਨੂੰ ਭੇਦ ਕੇ ਤਾਰ ਕੱਢ ਦਿੱਤੀ ਗਈ। ਇਸ ਕਾਰਨ ਸੀਵਰੇਜ ਮੈਨਹੋਲ ਵਿੱਚੋਂ ਹੌਲੀ-ਹੌਲੀ ਪਾਣੀ ਰਿਸਦਾ ਰਿਹਾ ਅਤੇ ਸੜਕ ਦੇ ਹੇਠੋਂ ਮਿੱਟੀ ਖਿਸਕਦੀ ਰਹੀ। ਪਹਿਲਾਂ ਬੁੱਧਵਾਰ ਨੂੰ ਇੱਥੇ ਡੂੰਘਾ ਖੱਡਾ ਬਣਿਆ ਸੀ, ਜਿਸ ਨੂੰ ਮਿੱਟੀ ਪਾ ਕੇ ਭਰ ਦਿੱਤਾ ਗਿਆ ਸੀ। ਪਰ ਸ਼ੁੱਕਰਵਾਰ ਨੂੰ ਮੁੜ ਹਾਲਾਤ ਵਿਗੜ ਗਏ, ਜਦੋਂ ਇੱਟਾਂ ਨਾਲ ਭਰੀ ਟਰਾਲੀ ਦਾ ਟਾਇਰ ਉਸੇ ਥਾਂ ਧੱਸ ਗਿਆ। ਇਸ ਤੋਂ ਬਾਅਦ ਸੀਵਰੇਜ ਚੈਂਬਰ ਪੂਰੀ ਤਰ੍ਹਾਂ ਟੁੱਟ ਕੇ ਹੇਠਾਂ ਲੰਘ ਰਹੀ 11 ਫੁੱਟ ਉੱਚੀ ਸੀਵਰੇਜ ਲਾਈਨ ਵਿੱਚ ਜਾ ਡਿੱਗਿਆ। ਇਸ ਕਾਰਨ ਕਰੀਬ 20 ਫੁੱਟ ਡੂੰਘਾ ਅਤੇ 40 ਫੁੱਟ ਚੌੜਾ ਖੱਡਾ ਬਣ ਗਿਆ। ਖੱਡਾ ਵੱਡਾ ਹੋਣ ਕਾਰਨ ਸਿੰਘਾਨੀਆ ਪਰਿਵਾਰ ਦੇ ਘਰ ਦੀ ਨੀਂਹ ਹੇਠੋਂ ਮਿੱਟੀ ਖਿਸਕ ਗਈ ਅਤੇ ਮਕਾਨ ’ਤੇ ਗੰਭੀਰ ਖ਼ਤਰਾ ਪੈਦਾ ਹੋ ਗਿਆ। ਘਰ ਨੂੰ ਬਚਾਉਣਾ ਪ੍ਰਸ਼ਾਸਨ ਅਤੇ ਨਗਰ ਨਿਗਮ ਲਈ ਵੱਡੀ ਚੁਣੌਤੀ ਬਣ ਗਿਆ ਸੀ।
‘ਘਰ ਬਚ ਗਿਆ, ਹੁਣ ਪ੍ਰਸ਼ਾਸਨ ਸੀਵਰੇਜ ਲਾਈਨ ਦੀ ਜਾਂਚ ਕਰਵਾਏ’
ਸਿੰਘਾਨੀਆ ਪਰਿਵਾਰ ਦੇ ਮੈਂਬਰ ਤੇ ਕਾਰੋਬਾਰੀ ਕਮਲ ਸਿੰਘਾਨੀਆ ਨੇ ਕਿਹਾ ਕਿ ਸ਼ੁੱਕਰਵਾਰ ਸਵੇਰ ਤੋਂ ਉਨ੍ਹਾਂ ਦਾ ਪਰਿਵਾਰ ਠੀਕ ਤਰ੍ਹਾਂ ਸੌਂ ਨਹੀਂ ਸਕਿਆ। ਦਿਨ ਹੋਵੇ ਜਾਂ ਰਾਤ, ਪਰਿਵਾਰਕ ਮੈਂਬਰ ਖੱਡੇ ਦੇ ਆਲੇ-ਦੁਆਲੇ ਦੇ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਐਤਵਾਰ ਸਵੇਰੇ ਜਦੋਂ ਘਰ ਦੀ ਨੀਂਹ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਗਿਆ, ਤਾਂ ਉਨ੍ਹਾਂ ਨੇ ਰਾਹਤ ਦਾ ਸਾਹ ਲਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਨੇ ਪਿਛਲੇ ਦੋ ਦਿਨਾਂ ਦੌਰਾਨ ਘਰ ਨੂੰ ਬਚਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਹੁਣ ਨਿਗਮ ਨੂੰ ਇਸ ਇਲਾਕੇ ਵਿੱਚੋਂ ਲੰਘ ਰਹੀ ਸੀਵਰੇਜ ਲਾਈਨ ਦੀ ਪੂਰੀ ਤਰ੍ਹਾਂ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਘਰ ਜਾਂ ਵਿਅਕਤੀ ਦੀ ਜਾਨ ਨੂੰ ਖ਼ਤਰਾ ਨਾ ਪੈਦਾ ਹੋਵੇ। ਕਮਲ ਸਿੰਘਾਨੀਆ ਨੇ ਦੱਸਿਆ ਕਿ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਵੀ ਗੱਲਬਾਤ ਕਰਕੇ ਸੀਵਰੇਜ ਲਾਈਨ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਪਹਿਲਾਂ ਵੀ ਕਈ ਵਾਰ ਸੜਕ ਧਸਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਅੰਡਰਗਰਾਊਂਡ ਕੇਬਲ ਪਾਉਣ ਦੇ ਕੰਮ ’ਤੇ ਵੀ ਨਿਗਰਾਨੀ ਅਤੇ ਲਗਾਮ ਲਗਾਉਣ ਦੀ ਲੋੜ ਹੈ, ਤਾਂ ਜੋ ਕਿਸੇ ਹੋਰ ਦਾ ਆਸ਼ਿਆਨਾ ਖ਼ਤਰੇ ਵਿੱਚ ਨਾ ਪਵੇ।
-‘ਸਭ ਤੋਂ ਮੁਸ਼ਕਲ ਕੰਮ ਨੀਂਹ ਤਿਆਰ ਕਰਨਾ ਸੀ’
ਨਗਰ ਨਿਗਮ ਦੀ ਓਐਂਡਐਮ ਬ੍ਰਾਂਚ ਦੇ ਐੱਸਈ ਏਕਜੋਤ ਸਿੰਘ ਨੇ ਕਿਹਾ ਕਿ ਘਰ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਕਰ ਦਿੱਤਾ ਗਿਆ ਹੈ। ਹੁਣ ਦੂਜੇ ਪਾਸੇ ਕਾਂਕਰੀਟ ਦੀ ਕੰਧ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੰਧ ਦੀ ਨੀਂਹ ਲਈ ਥਾਂ ਤਿਆਰ ਕਰਨ ਤੇ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਮੁਸ਼ਕਲ ਕੰਮ ਨੀਂਹ ਤਿਆਰ ਕਰਨਾ ਹੀ ਹੁੰਦਾ ਹੈ। ਨੀਂਹ ਤਿਆਰ ਹੋਣ ਤੋਂ ਬਾਅਦ ਕੰਧ ਇਕ ਦਿਨ ਵਿੱਚ ਬਣਾਈ ਜਾ ਸਕਦੀ ਹੈ। ਇਸ ਤੋਂ ਬਾਅਦ ਲੈਂਟਰ ਪਾਇਆ ਜਾਵੇਗਾ ਅਤੇ ਉਸ ’ਤੇ ਮੁੜ ਸੀਵਰੇਜ ਚੈਂਬਰ ਬਣਾਇਆ ਜਾਵੇਗਾ। ਉਨ੍ਹਾਂ ਆਸ ਜਤਾਈ ਕਿ ਪੂਰਾ ਕੰਮ ਕਰੀਬ ਇਕ ਹਫ਼ਤੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ।