ਸਕੂਲ ’ਚ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਰਘਵੀਰ ਸਿੰਘ ਫਰੀਡਮ ਫਾਈਟਰ ਪੀਐਮ ਸ਼੍ਰੀ ਸਰਕਾਰੀ ਹਾਈ ਸਕੂਲ ਵਿਖੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Tue, 27 Oct 2026 08:11 PM (IST)
Updated Date: Tue, 27 Oct 2026 08:13 PM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ ਖੰਨਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਨਿਰਦੇਸ਼ਾਂ ਤੇ ਸਬ-ਡਿਵੀਜ਼ਨਲ ਕਾਨੂੰਨੀ ਸੇਵਾਵਾਂ ਕਮੇਟੀ ਖੰਨਾ ਦੀ ਅਗਵਾਈ ਹੇਠ ਸੁਰੱਖਿਅਤ ਬਚਪਨ ਅਭਿਆਨ ਪੈਨ ਇੰਡੀਆ ਸਕੂਲ ਜਾਗਰੂਕਤਾ ਮੁਹਿੰਮ ਤਹਿਤ ਮੰਗਲਵਾਰ ਨੂੰ ਰਘਵੀਰ ਸਿੰਘ ਫਰੀਡਮ ਫਾਈਟਰ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਅਮਲੋਹ ਰੋਡ ਖੰਨਾ ਵਿਖੇ ਇੱਕ ਵਿਸ਼ੇਸ਼ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ’ਚ ਸਿਵਲ ਜੱਜ ਜੂਨੀਅਰ ਡਿਵੀਜ਼ਨ ਆਸ਼ੀਆ ਜਿੰਦਲ ਡਿਊਟੀ ਜੱਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਜੱਜ ਸਾਹਿਬਾ ਨੇ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਪੋਕਸੋ ਐਕਟ-2012 ਤੇ ਨਾਲਸਾ ਦੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਵਜੋਂ ਪਹੁੰਚੇ ਐਡਵੋਕੇਟ ਰਾਘਵ ਸੂਦ, ਐਡਵੋਕੇਟ ਨਈਅਰ ਤੇ ਐਡਵੋਕੇਟ ਹਿਮਾਂਸ਼ੂ ਖੰਨਾ ਦੇ ਨਾਲ-ਨਾਲ ਪੀਐਲਵੀ ਪੈਰਾ ਲੀਗਲ ਵਲੰਟੀਅਰ ਤੇਜਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਕਾਨੂੰਨੀ ਪਹਿਲੂਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਲੈਕਚਰ ਦਿੱਤੇ। ਸੈਮੀਨਾਰ ਦੇ ਅਖੀਰ ’ਚ ਸਕੂਲ ਮੁਖੀ ਬਲਵਿੰਦਰ ਸਿੰਘ ਵੱਲੋਂ ਜੱਜ ਸਾਹਿਬਾ ਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਧੰਨਵਾਦ ਕੀਤਾ ਗਿਆ। ਇਸ ਪੂਰੇ ਸਮਾਗਮ ਦੇ ਮੰਚ ਸੰਚਾਲਨ ਕੋਆਰਡੀਨੇਟਰ ਦੀ ਭੂਮਿਕਾ ਜੋਤੀ ਵਰਮਾ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਰਮਨਦੀਪ ਕੌਰ, ਮਨੀਲਾ ਖ਼ਾਨ, ਰੋਹਨ ਜੱਸਲ, ਦੇਵਿੰਦਰ ਸਿੰਘ, ਕੈਂਪਸ ਮੈਨੇਜਰ ਜਸਪਾਲ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।