ਮਸ਼ਹੂਰ ਪੰਜਾਬੀ ਗਾਇਕ ਨੂੰ ਵਿਦੇਸ਼ੀ ਨੰਬਰਾਂ ਤੋਂ ਆਈਆਂ ਧਮਕੀ ਭਰੀਆਂ ਕਾਲਾਂ, ਧਮਕੀ ਭਰੇ ਵੋਇਸ ਮੈਸੇਜਾਂ ਤੋਂ ਬਾਅਦ ਚਿੰਤਾ 'ਚ ਗਾਇਕ; ਪੁਲਿਸ ਕੋਲ ਲਗਾਈ ਗੁਹਾਰ
ਸਰਾਭਾ ਨਗਰ ਦੇ ਰਹਿਣ ਵਾਲੇ ਗਾਇਕ ਕਮਲ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਰਾਭਾ ਨਗਰ ਵਿੱਚ ਆਪਣੀ ਸੰਗੀਤ ਕੰਪਨੀ ਚਲਾਉਂਦੇ ਹਨ। ਕੰਪਨੀ ਦੇ ਦਫ਼ਤਰ ਵਿੱਚ ਦੋ ਕਰਮਚਾਰੀ ਤਾਇਨਾਤ ਹਨ, ਜੋ ਕੰਪਨੀ ਦੇ ਮੋਬਾਈਲ ਨੰਬਰ ਰਾਹੀਂ ਲਾਈਵ ਸੰਗੀਤਕ ਪ੍ਰੋਗਰਾਮਾਂ ਦੀਆਂ ਆਨਲਾਈਨ ਬੁਕਿੰਗਾਂ ਦਾ ਕੰਮ ਸੰਭਾਲਦੇ ਹਨ।
Publish Date: Thu, 05 Nov 2026 11:00 AM (IST)
Updated Date: Thu, 05 Nov 2026 12:10 PM (IST)
ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ, ਲੁਧਿਆਣਾ। ਲੁਧਿਆਣਾ ਵਿੱਚ ਪੰਜਾਬੀ ਗਾਇਕ ਕਮਲਜੀਤ ਸਿੰਘ ਗਰੇਵਾਲ ਉਰਫ਼ ਕਮਲ ਗਰੇਵਾਲ ਨੂੰ ਰੋਹਿਤ ਗੋਦਾਰਾ ਗੈਂਗ ਦੇ ਨਾਂ ’ਤੇ ਧਮਕੀਆਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ੀ ਨੰਬਰ ਤੋਂ ਆਈਆਂ ਕਾਲਾਂ ਅਤੇ ਆਵਾਜ਼ੀ ਵੋਇਸ ਮੈਸੇਜ ਰਾਹੀਂ ਗਾਇਕ ਨੂੰ ਧਮਕਾਉਣ ਦਾ ਦੋਸ਼ ਹੈ। ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਗਾਇਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਗਿੱਲੀ ਰਾਣਾ ਨਾਮਕ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਨੇ ਕਥਿਤ ਤੌਰ ’ਤੇ ਖ਼ੁਦ ਨੂੰ ਰੋਹਿਤ ਗੋਦਾਰਾ ਗੈਂਗ ਦਾ ਮੈਂਬਰ ਦੱਸਿਆ ਸੀ।
ਸਰਾਭਾ ਨਗਰ ਦੇ ਰਹਿਣ ਵਾਲੇ ਗਾਇਕ ਕਮਲ ਗਰੇਵਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਰਾਭਾ ਨਗਰ ਵਿੱਚ ਆਪਣੀ ਸੰਗੀਤ ਕੰਪਨੀ ਚਲਾਉਂਦੇ ਹਨ। ਕੰਪਨੀ ਦੇ ਦਫ਼ਤਰ ਵਿੱਚ ਦੋ ਕਰਮਚਾਰੀ ਤਾਇਨਾਤ ਹਨ, ਜੋ ਕੰਪਨੀ ਦੇ ਮੋਬਾਈਲ ਨੰਬਰ ਰਾਹੀਂ ਲਾਈਵ ਸੰਗੀਤਕ ਪ੍ਰੋਗਰਾਮਾਂ ਦੀਆਂ ਆਨਲਾਈਨ ਬੁਕਿੰਗਾਂ ਦਾ ਕੰਮ ਸੰਭਾਲਦੇ ਹਨ।
ਗਾਇਕ ਅਨੁਸਾਰ ਬੀਤੇ ਦਿਨੀ ਜਦੋਂ ਉਹ ਪਟਿਆਲਾ ਵਿੱਚ ਸਮਾਗਮ ਦੌਰਾਨ ਆਪਣੀ ਪੇਸ਼ਕਾਰੀ ਦੇ ਰਹੇ ਸਨ ਤਾਂ ਕੰਪਨੀ ਦੇ ਮੋਬਾਈਲ ਫੋਨ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਕਈ ਮਿਸਡ ਕਾਲਾਂ ਅਤੇ ਵੋਇਸ ਮੈਸੇਜ ਆਏ। ਉਸ ਸਮੇਂ ਸਮਾਗਮ ਵਿੱਚ ਰੁੱਝੇ ਹੋਣ ਕਾਰਨ ਉਹ ਇਨ੍ਹਾਂ ਆਡੀਓ ਮੈਸੇਜ ਨੂੰ ਸੁਣ ਨਹੀਂ ਸਕੇ। ਅਗਲੇ ਦਿਨ ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਕਾਲ ਕਰਨ ਵਾਲੇ ਵਿਅਕਤੀ ਨੇ ਖ਼ੁਦ ਦੀ ਪਛਾਣ ਗਿੱਲੀ ਰਾਣਾ ਵਜੋਂ ਦੱਸਦਿਆਂ ਰੋਹਿਤ ਗੋਦਾਰਾ ਗੈਂਗ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ।
ਸ਼ਿਕਾਇਤ ਵਿੱਚ ਅੱਗੇ ਦੱਸਿਆ ਗਿਆ ਕਿ ਹੁਣ ਜਦੋਂ ਕਮਲ ਗਰੇਵਾਲ ਆਪਣੇ ਦਫ਼ਤਰ ਵਿੱਚ ਮੌਜੂਦ ਸਨ ਤਾਂ ਉਸੇ ਤਰ੍ਹਾਂ ਦੇ ਵਿਦੇਸ਼ੀ ਨੰਬਰ ਤੋਂ ਮੁੜ ਦੋ ਕਾਲਾਂ ਆਈਆਂ। ਲਗਾਤਾਰ ਮਿਲ ਰਹੀਆਂ ਕਾਲਾਂ ਅਤੇ ਪਹਿਲਾਂ ਦਿੱਤੀਆਂ ਧਮਕੀਆਂ ਕਾਰਨ ਗਾਇਕ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕਰਕੇ ਪੂਰੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।
ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਜੁਗਰਾਜ ਕੌਰ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਭਾਰਤੀ ਨਿਆਂ ਸੰਹਿਤਾ ਦੀ ਧਾਰਾ 308(4) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਵਿਦੇਸ਼ੀ ਨੰਬਰ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੇ ਨਾਲ-ਨਾਲ ਉਸ ਦੇ ਟਿਕਾਣੇ ਅਤੇ ਫੋਨ ਕਾਲਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।