- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਸਭਾ ਵਲੋਂ ਨੇਤਰ ਸਿੰਘ ਮੁੱਤੋਂ ਦੀ ਕਿਤਾਬ ‘ਭੁਖਿਆ ਭੁਖ ਨ ਉਤਰੀ’ ਲੋਕ ਅਰਪਣ

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ
ਸ੍ਰੀ ਮਾਛੀਵਾੜਾ ਸਾਹਿਬ : ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਕਿਤਾਬ ਲੋਕ ਅਰਪਣ ਸਮਾਗਮ ਕੀਤਾ ਗਿਆ, ਜਿਸ ਵਿਚ ਲੇਖਕ ਨੇਤਰ ਸਿੰਘ ਮੁੱਤੋਂ ਦੀ ਕਿਤਾਬ ‘ਭੁਖਿਆ ਭੁਖ ਨ ਉਤਰੀ’ ਲੋਕ ਅਰਪਣ ਕੀਤੀ ਗਈ। ਪਹਿਲੇ ਸ਼ੈਸ਼ਨ ਦੇ ਪ੍ਰਧਾਨਗੀ ਮੰਡਲ ’ਚ ਸੰਦੀਪ ਸ਼ਰਮਾ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ, ਗੁਰਸੇਵਕ ਸਿੰਘ ਢਿੱਲੋਂ, ਡਾ. ਕਮਲਜੀਤ ਕੌਰ ਬਾਂਗਾ ਮੁਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ ਮਾਛੀਵਾੜਾ ਸ਼ਾਮਲ ਹੋਏ। ਕਿਤਾਬ ਦਾ ਪਰਚਾ ਰਜਿੰਦਰ ਕੌਰ ਪੰਨੂ ਅਤੇ ਤੇਲੂ ਰਾਮ ਕੁਹਾੜਾ ਨੇ ਪੜ੍ਹਿਆ। ਸੰਦੀਪ ਸ਼ਰਮਾ ਨੇ ਕਿਤਾਬ ਬਾਰੇ ਬੋਲਦਿਆ ਕਿਹਾ ਕਿ ਨੇਤਰ ਸਿੰਘ ਮੁੱਤੋਂ ਸਫ਼ਲ ਲੇਖਕ ਹੈ ਜਿਨ੍ਹਾਂ ਦੇ ਲੇਖ ਚਿੰਤਨਸ਼ੀਲ ਹਨ। ਡਾ. ਕਮਲਜੀਤ ਕੌਰ ਬਾਂਗਾ ਨੇ ਆਖਿਆ ਕਿ ਸਾਹਿਤ ਸਭਾਵਾਂ ਦੇ ਸਮਾਗਮਾਂ ਵਿਚ ਸਾਨੂੰ ਸਕੂਲ ਅਤੇ ਕਾਲਜ ਦੇ ਬੱਚਿਆਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਨਵੀਂ ਪੀੜ੍ਹੀ ਸਾਹਿਤ ਪ੍ਰਤੀ ਉਤਸ਼ਾਹਿਤ ਹੋ ਸਕੇ। ਉਹ ਆਪਣੇ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਸਮਾਗਮ ਵਿਚ ਨਾਲ ਲੈ ਕੇ ਆਏ। ਜਸਵੀਰ ਸਿੰਘ ਝੱਜ ਅਤੇ ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਜੀਵਨ ਦੇ ਵਿਕਾਸ ਅਤੇ ਤਰੱਕੀ ਲਈ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹਰਨਾਮ ਸਿੰਘ ਡੱਲਾ, ਸੰਤ ਸਿੰਘ ਸੋਹਲ, ਸੁਭਾਸ਼ ਬਜਾਜ ਨੇ ਵੀ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਲੇਖਕ ਨੇਤਰ ਸਿੰਘ ਮੁੱਤੋਂ ਨੇ ਬੁਲਾਰਿਆਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਨੂੰ ਸਵੀਕਾਰ ਕਰਦਿਆਂ ਆਖਿਆ ਕਿ ਉਹ ਤਾਂ ਸਿਖਿਆਰਥੀ ਹੈ ਤੁਸੀਂ ਸਾਰੇ ਉਸ ਦੇ ਰਾਹ ਦਸੇਰਾ ਹੋ। ਗ਼ਜ਼ਲਗੋ ਜੋਰਾਵਰ ਸਿੰਘ ਪੰਛੀ ਵੱਲੋਂ ਗਾਏ ਪ੍ਰਸੰਗ ਨਾਨਕ ਤੇ ਕੌਡਾ ਰਾਖਸ਼ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ।
ਸਭਾ ਵੱਲੋਂ ਸੰਦੀਪ ਸ਼ਰਮਾ, ਡਾਕਟਰ ਕਮਲਜੀਤ ਕੌਰ ਬਾਂਗਾ, ਨੇਤਰ ਸਿੰਘ ਮੁੱਤੋਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਦੂਸਰੇ ਸ਼ੈਸ਼ਨ ਵਿਚ ਸ਼ਾਨਦਾਰ ਕਵੀ ਦਰਬਾਰ ਹੋਇਆ ਜਿਸ ਵਿਚ ਹਰਬੰਸ ਸਿੰਘ ਰਾਏ, ਜਗਤਾਰ ਸਿੰਘ ਰਾਈਆਂ, ਪੱਪੂ ਬਲਬੀਰ, ਕਰਨੈਲ ਸਿੰਘ ਸਿਵੀਆ, ਅਮਰਿੰਦਰ ਸੋਹਲ ਪ੍ਰਧਾਨ ਪੰਜਾਬੀ ਲਿਖਾਰੀ ਸਭਾ ਰਾਮਪੁਰ, ਬਲਵੰਤ ਸਿੰਘ ਵਿਰਕ, ਹਰਬੰਸ ਸਿੰਘ ਮਾਲਵਾ, ਜਗਜੀਤ ਸਿੰਘ ਗੁਰਮ, ਮਨਜੀਤ ਸਿੰਘ ਧੰਜਲ, ਮੀਤ ਪਾਣੀਪਤ, ਵੀਰ ਇੰਦਰ ਸਿੰਘ, ਨਵਦੀਪ ਸਿੰਘ, ਨਰਵਿੰਦਰਜੀਤ ਸਿੰਘ, ਗੁਰਮੁਖ ਸਿੰਘ, ਅਮਨਿੰਦਰ ਸਿੰਘ ਕੰਗ, ਦਰਸ਼ਨ ਤੂਰ ਬਲਾਲਾ, ਨਰਿੰਦਰ ਮਣਕੂ, ਹਾਕਮ ਸਿੰਘ ਮੀਤ, ਅਮਰਜੀਤ ਕੌਰ ਨੂਰੀ, ਪ੍ਰਿੰਸ ਗਰੇਵਾਲ, ਬਵਨ ਦੀਪ ਕੌਰ ਮਾਂਗਟ, ਹਰਨੀਰ ਕੌਰ, ਕਮਲਜੋਤ ਸਿੰਘ, ਮਨਮਿੰਦਰ ਕੌਰ, ਹਰਮਨਦੀਪ ਕੌਰ, ਮੋਹਨ ਲਾਲ ਰਾਹੀ, ਹਰਨੂਰ ਕੌਰ, ਜਸਵੀਰ ਕੌਰ ਜੱਸੀ, ਕੁਲਵਿੰਦਰ ਸਿੰਘ, ਮਨਦੀਪ ਮਾਂਗਟ, ਰਾਜਵੀਰ ਸਿੰਘ ਉਟਾਲਾਂ, ਸੋਮਨਾਥ ਭੱਟੀ ਹਰਨਾਮਪੁਰਾ, ਹਰਿੰਦਰਜੀਤ ਸਿੰਘ ਕਲੇਰ, ਸੰਦੀਪ ਸਿੰਘ, ਦੀਪਕ ਸਿੰਘ, ਕਰਮਜੀਤ ਸਿੰਘ ਆਦਿਕ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਤੋਂ ਇਲਾਵਾ ਸਰਪੰਚ ਬਹਾਦਰ ਸਿੰਘ, ਪੰਚ ਪਰਮਜੀਤ ਸਿੰਘ, ਬਲਦੇਵ ਸਿੰਘ ਆਦਿਕ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। ਸਟੇਜ ਦੀ ਕਾਰਵਾਈ ਕਹਾਣੀਕਾਰ ਤਰਨ ਬੱਲ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।