ਪੰਜਾਬੀ ਸਾਹਿਤ ਸਾਂਝੀ ਸੱਥ ਵੱਲੋਂ ਘੁੰਗਰਾਲੀ ਰਾਜਪੂਤਾਂ ਦੀ ਧਰਤੀ 'ਤੇ ਸਾਹਿਤ ਦੀ ਮਹਿਕ ਬਿਖੇਰੀ
ਪੰਜਾਬੀ ਸਾਹਿਤ ਸਾਂਝੀ ਸੱਥ ਵੱਲੋਂ ਘੁੰਗਰਾਲੀ ਰਾਜਪੂਤਾਂ ਦੀ ਧਰਤੀ 'ਤੇ ਸਾਹਿਤ ਦੀ ਮਹਿਕ ਬਿਖੇਰੀ
Publish Date: Sun, 21 Jun 2026 07:59 PM (IST)
Updated Date: Mon, 22 Jun 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਪੰਜਾਬੀ ਸਾਹਿਤ ਸਾਂਝੀ ਸੱਥ ਖੰਨਾ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਅੱਜ ਸਰਕਾਰੀ ਹਾਈ ਸਮਾਰਟ ਸਕੂਲ, ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਸਾਹਿਤਕ ਤੇ ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮਾਹੌਲ ਵਿੱਚ ਸੰਪੰਨ ਹੋਈ। ਸ਼ਬਦਾਂ, ਸੁਰਾਂ ਤੇ ਭਾਵਨਾਵਾਂ ਦੇ ਇਸ ਸੁੰਦਰ ਮੇਲੇ ਦੀ ਪ੍ਰਧਾਨਗੀ ਸੱਥ ਦੇ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ, ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਤੇ ਉਪ ਪ੍ਰਧਾਨ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਕੀਤੀ। ਪੰਜਾਬੀ ਸਾਹਿਤ ਦੇ ਪ੍ਰਸਿੱਧ ਹਸਤਾਖਰ ਸਵਰਨ ਸਿੰਘ ਭੰਗੂ ਦੇ ਅਚਾਨਕ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਧਾਰਿਆ। ਹਾਜ਼ਰ ਸਾਹਿਤਕਾਰਾਂ ਨੇ ਉਨ੍ਹਾਂ ਦੀ ਸਾਹਿਤਕ ਦੇਣ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਰਚਨਾਵਾਂ ਦੇ ਦੌਰ ਨੇ ਮਾਨੋ ਇੱਕ ਸਾਹਿਤਕ ਦਰਬਾਰ ਦਾ ਰੂਪ ਧਾਰ ਲਿਆ। ਸਭ ਤੋਂ ਪਹਿਲਾਂ ਸੁਖਵਿੰਦਰ ਸਿੰਘ ਬਿੱਟੂ ਖੰਨੇਵਾਲਾ ਨੇ ਕੁਦਰਤ ਨਾਲ ਹੋ ਰਹੀ ਬੇਰਹਿਮ ਛੇੜਛਾੜ ਵਿਰੁੱਧ ਆਪਣੀ ਦਰਦ ਭਰੀ ਆਵਾਜ਼ ਬੁਲੰਦ ਕਰਦਿਆਂ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤਾ, ਜਿਸ ਨੇ ਸਰੋਤਿਆਂ ਨੂੰ ਗੰਭੀਰ ਚਿੰਤਨ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਮਨਦੀਪ ਮਾਣਕੀ, ਮਨਜੀਤ ਸਿੰਘ ਧੰਜਲ ਅਤੇ ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਆਪਣੇ ਸੁਰੀਲੇ ਗੀਤਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਨਰੇਸ਼ ਨਿਮਾਣਾ ਦੀ ਗ਼ਜ਼ਲ ਨੇ ਭਾਵਨਾਵਾਂ ਦੇ ਨਵੇਂ ਰੰਗ ਬਿਖੇਰੇ, ਜਦਕਿ ਹਰਬੰਸ ਸਿੰਘ ਸ਼ਾਨ ਬਗਲੀ ਨੇ ਧਾਰਮਿਕ ਕੁਰੀਤੀਆਂ ਤੇ ਤਿੱਖਾ ਵਿਅੰਗ ਕਰਦਿਆਂ ਸਮਾਜ ਨੂੰ ਸੱਚ ਦਾ ਆਈਨਾ ਵਿਖਾਇਆ। ਸੁਖਵਿੰਦਰ ਸਿੰਘ ਭਾਦਲਾ ਨੇ ਆਪਣੀ ਮਿੰਨੀ ਕਹਾਣੀ ਰਾਹੀਂ ਜੀਵਨ ਦੇ ਅਹਿਮ ਪੱਖਾਂ ਨੂੰ ਛੂਹਿਆ, ਜਦਕਿ ਕਿਰਨਦੀਪ ਸਿੰਘ ਕੁਲਾਰ ਦੀ ਗ਼ਜ਼ਲ ਨੇ ਸ਼ਾਇਰੀ ਦੇ ਰੰਗ ਵਿਖੇਰੇ। ਨਰਿੰਦਰ ਸਿੰਘ ਪਿੰਕੀ ਗਗੜੇਵਾਲਾ ਨੇ ਆਪਣੇ ਪ੍ਰਸਿੱਧ ਗੀਤ ਚੁੰਨੀਆਂ ਨਾਲ ਵਾਹ-ਵਾਹ ਖੱਟੀ। ਜਸਵੀਰ ਸਿੰਘ ਝੱਜ ਨੇ ਮਜ਼ਦੂਰਾਂ ਤੇ ਕਿਸਾਨਾਂ ਦੀ ਜਾਗਰੂਕਤਾ ਨੂੰ ਸਮਰਪਿਤ ਜੋਸ਼ੀਲਾ ਗੀਤ ਪੇਸ਼ ਕੀਤਾ। ਮਾਸਟਰ ਪ੍ਰਦੀਪ ਸਿੰਘ ਨੇ ਬੰਦੇ ਨੂੰ ਬੰਦੇ ਨਾਲ ਪਿਆਰ ਦਾ ਸੰਦੇਸ਼ ਦਿੰਦਾ ਮਨੁੱਖਤਾ-ਪ੍ਰੇਰਿਤ ਗੀਤ ਸੁਣਾ ਕੇ ਹਾਜ਼ਰੀਨ ਦੇ ਦਿਲਾਂ ਨੂੰ ਛੂਹ ਲਿਆ। ਦਵਿੰਦਰ ਸਿੰਘ ਘੁੰਗਰਾਲੀ ਰਾਜਪੂਤਾਂ, ਧਰਮਪਾਲ ਸਿੰਘ ਰਾਇਪੁਰ ਅਤੇ ਪਰਮਜੀਤ ਸਿੰਘ ਮੁੰਡੀਆਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ ਸਾਹਿਤਕ ਸਮਾਗਮ ਨੂੰ ਹੋਰ ਯਾਦਗਾਰ ਬਣਾਇਆ। ਸਮਾਗਮ ਦੇ ਅੰਤਿਮ ਪੜਾਅ ’ਚ ਅਵਤਾਰ ਸਿੰਘ ਉਟਾਲਾਂ ਨੇ ਪੰਜਾਬੀ ਵਿਰਾਸਤ, ਲੋਕ-ਸੱਭਿਆਚਾਰ ਤੇ ਮਿੱਟੀ ਦੀ ਮਹਿਕ ਨਾਲ ਰੰਗਿਆ ਗੀਤ ਸੁਣਾ ਕੇ ਸਮਾਗਮ ਨੂੰ ਸਿਖਰ ’ਤੇ ਪਹੁੰਚਾਇਆ। ਉਨ੍ਹਾਂ ਦੀ ਪੇਸ਼ਕਾਰੀ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਮਿਲੀ। ਮੀਟਿੰਗ ਦੀ ਕਾਰਵਾਈ ਸੁਖਵਿੰਦਰ ਸਿੰਘ ਭਾਦਲਾ ਨੇ ਬੜੇ ਸੁਚੱਜੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ। ਅੰਤ ’ਚ ਅਵਤਾਰ ਸਿੰਘ ਉਟਾਲਾਂ ਨੇ ਸਮੂਹ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਬੈਠਕਾਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਰੂਹ ਨੂੰ ਜਿਉਂਦਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਸਮਾਗਮ ਦੌਰਾਨ ਸਾਹਿਤ, ਸੰਗੀਤ ਤੇ ਸਮਾਜਿਕ ਚੇਤਨਾ ਦਾ ਅਜਿਹਾ ਸੁਮੇਲ ਵੇਖਣ ਨੂੰ ਮਿਲਿਆ ਜਿਸ ਨੇ ਹਾਜ਼ਰ ਸਰੋਤਿਆਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ।