- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਹਿਮ ਖ਼ਬਰ-ਬਿਜਲੀ ਨਾ ਆਉਣ ਕਰਕੇ ਗਹਿਲੇਵਾਲ ਵਾਸੀ ਪੰਜ ਘੰਟੇ ਹਨੇਰੇ ’ਚ ਰਹਿਣ ਲਈ ਮਜਬੂਰ

-ਗਰਮੀ ’ਚ ਬੱਚਿਆਂ-ਬਜ਼ੁਰਗਾਂ ਦਾ ਬੁਰਾ ਹਾਲ, ਬਿਜਲੀ ਘਰ ਅੱਗੇ ਧਰਨਾ ਦੇਣ ਦੇ ਬਾਵਜੂਦ ਨਹੀਂ ਹੋਈ ਸੁਣਵਾਈ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਸਰਕਾਰ ਵੱਲੋਂ ਇੰਡਸਟਰੀ ਲਈ ਕੈਟਾਗਿਰੀ-2 ਤਹਿਤ ਲਗਾਏ ਜਾ ਰਹੇ ਬਿਜਲੀ ਕੱਟਾਂ ਦੀ ਮਾਰ ਹੁਣ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਨੂੰ ਵੀ ਝੱਲਣੀ ਪੈ ਰਹੀ ਹੈ। ਜਿੱਥੇ ਗਹਿਲੇਵਾਲ ਪਿੰਡ ਦੇ ਵਸਨੀਕ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਬਿਜਲੀ ਕੱਟ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਗਰਮੀ ਦੇ ਮੌਸਮ ਵਿੱਚ ਲਗਾਤਾਰ ਪੰਜ ਘੰਟਿਆਂ ਤੱਕ ਬਿਜਲੀ ਗੁੱਲ ਰਹਿਣ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਦੀ ਹਾਲਤ ਹੋਰ ਵੀ ਮੁਸ਼ਕਲ ਬਣ ਰਹੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਬੰਦ ਹੋਣ ਕਾਰਨ ਘਰਾਂ ਵਿੱਚ ਪੀਣ ਵਾਲੇ ਪਾਣੀ ਤੋਂ ਲੈ ਕੇ ਪੱਖੇ, ਕੂਲਰ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਾਜੜਾ ਸਥਿਤ ਬਿਜਲੀ ਦਫ਼ਤਰ ਅੱਗੇ ਧਰਨਾ ਵੀ ਲਗਾਇਆ ਗਿਆ, ਪਿੰਡ ਵਾਸੀਆਂ ਵੱਲੋਂ ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ ਰਾਤ ਬਿਜਲੀ ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਧਰਨੇ ਦੇ ਬਾਵਜੂਦ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ।
ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਕੈਟਾਗਿਰੀ-2 ਤਹਿਤ ਇੰਡਸਟਰੀ ’ਤੇ ਲਗਾਏ ਜਾ ਰਹੇ ਬਿਜਲੀ ਕੱਟ ਜ਼ਰੂਰੀ ਹਨ ਤਾਂ ਇਸ ਦੀ ਮਾਰ ਰਿਹਾਇਸ਼ੀ ਇਲਾਕਿਆਂ ਦੇ ਲੋਕ ਕਿਉਂ ਭੁਗਤਣ? ਸਰਕਾਰ ਵੱਲੋਂ ਬਿਜਲੀ ਸਰਪਲੱਸ ਹੋਣ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਗਹਿਲੇਵਾਲ ਦੇ ਲੋਕਾਂ ਲਈ ਸ਼ਾਮ ਤੋਂ ਅੱਧੀ ਰਾਤ ਤੱਕ ਬਿਜਲੀ ਦਾ ਇੰਤਜ਼ਾਰ ਉਨ੍ਹਾਂ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਿਹਾ ਹੈ।
ਰਿਹਾਇਸ਼ੀ ਇਲਾਕਿਆਂ ਨੂੰ ਮਿਕਸ ਫੀਡਰ ਤੋਂ ਵੱਖ ਕਰਨ ਜਾਂ ਕੱਟਾਂ ਦੌਰਾਨ ਬਦਲਵੀਂ ਸਪਲਾਈ ਦੇਣ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣਾ ਵੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਹੁਣ ਦੇਖਣਾ ਹੋਵੇਗਾ ਕਿ ਪੀਐਸਪੀਸੀਐਲ ਵੱਲੋਂ ਗਹਿਲੇਵਾਲ ਵਾਸੀਆਂ ਦੀ ਇਸ ਸਮੱਸਿਆ ਦਾ ਹੱਲ ਕਦੋਂ ਤੱਕ ਕੀਤਾ ਜਾਂਦਾ ਹੈ।
-ਬਾਕਸ-
-ਬਿਜਲੀ ਨੇ ਗਰਮੀ ’ਚ ਕੀਤਾ ਬੁਰਾ ਹਾਲ : ਸੁੱਖਾ
41) ਸੁਖਵਿੰਦਰ ਸਿੰਘ (ਸੁੱਖਾ)।
ਗਹਿਲੇਵਾਲ ਵਾਸੀ ਸੁਖਵਿੰਦਰ ਸਿੰਘ (ਸੁੱਖਾ) ਨੇ ਦੱਸਿਆ ਕਿ ਕਰੀਬ ਇੱਕ ਹਫ਼ਤੇ ਤੋਂ ਹਰ ਰੋਜ਼ ਸ਼ਾਮ 7 ਵਜੇ ਬਿਜਲੀ ਕੱਟ ਲੱਗ ਰਿਹਾ ਹੈ, ਜੋ ਕਈ ਵਾਰ ਰਾਤ 12 ਵਜੇ ਤੋਂ ਵੀ ਅੱਗੇ ਚਲਾ ਜਾਂਦਾ ਹੈ। ਗਰਮੀ ਦੇ ਮੌਸਮ ਵਿੱਚ ਇੰਨੇ ਲੰਬੇ ਸਮੇਂ ਤੱਕ ਬਿਜਲੀ ਬੰਦ ਰਹਿਣ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਸ਼ਾਂਤਮਈ ਢੰਗ ਨਾਲ ਮੁੜ ਧਰਨਾ ਦੇਣ ਲਈ ਮਜਬੂਰ ਹੋਣਗੇ।
-ਬਾਕਸ-
-ਬਿਜਲੀ ਨੇ ਰੋਜ਼ਾਨਾ ਦੀ ਜ਼ਿੰਦਗੀ ਕੀਤੀ ਪ੍ਰਭਾਵਿਤ : ਬੌਬੀ
43) ਬਲਵਿੰਦਰ ਸਿੰਘ (ਬੌਬੀ)
ਪਿੰਡ ਵਾਸੀ ਬਲਵਿੰਦਰ ਸਿੰਘ (ਬੋਬੀ) ਨੇ ਕਿਹਾ ਕਿ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨੇ ਪਿੰਡ ਵਾਸੀਆਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਗਰਮੀ ’ਚ ਪੰਜ ਘੰਟਿਆਂ ਦਾ ਬਿਜਲੀ ਕੱਟ ਲੋਕਾਂ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਦਫ਼ਤਰ ਅੱਗੇ ਧਰਨਾ ਦੇਣ ਦੇ ਬਾਵਜੂਦ ਜੇਕਰ ਵਿਭਾਗ ਸਮੱਸਿਆ ਦਾ ਹੱਲ ਨਹੀਂ ਕਰਦਾ ਤਾਂ ਲੋਕਾਂ ਵਿੱਚ ਰੋਸ ਹੋਰ ਵਧਣਾ ਸੁਭਾਵਿਕ ਹੈ।
ਬਿਜਲੀ ਦੀ ਕਮੀ ਕਾਰਨ ਲਾਉਣ ਪੈ ਰਹੇ ਨੇ ਕੱਟ : ਐਕਸੀਅਨ ਰਾਜੇਸ਼
ਇਸ ਸਬੰਧੀ ਜਦੋਂ ਪੀਐੱਸਪੀਸੀਐੱਲ ਦੇ ਐਕਸੀਅਨ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਹਿਲੇਵਾਲ ਇਲਾਕੇ ਵਿੱਚ ਕੈਟਾਗਿਰੀ-2 ਤਹਿਤ ਬਿਜਲੀ ਕੱਟ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਕਸ ਫੀਡਰ ਹੋਣ ਕਾਰਨ ਰਿਹਾਇਸ਼ੀ ਇਲਾਕਾ ਵੀ ਇਸ ਦੀ ਲਪੇਟ ਵਿੱਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਹੋਣ ਦੀ ਸਥਿਤੀ ਵਿੱਚ ਇਹ ਕੱਟ ਲਗਾਉਣੇ ਪੈਂਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੱਟ ਦੌਰਾਨ ਰਿਹਾਇਸ਼ੀ ਇਲਾਕੇ ਨੂੰ ਕਿਸੇ ਹੋਰ ਫੀਡਰ ਤੋਂ ਬਿਜਲੀ ਸਪਲਾਈ ਕਿਉਂ ਨਹੀਂ ਦਿੱਤੀ ਜਾਂਦੀ ਤਾਂ ਐਕਸੀਅਨ ਨੇ ਕਿਹਾ ਕਿ ਦੂਜੇ ਪਾਸੇ ਪਹਿਲਾਂ ਹੀ ਲੋਡ ਵੱਧ ਹੋਣ ਕਾਰਨ ਉੱਥੇ ਵੀ ਬਿਜਲੀ ਸਪਲਾਈ ਸਬੰਧੀ ਸਮੱਸਿਆ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਸਮੱਸਿਆ ਹੱਲ ਹੋਣ ਦੀ ਸੰਭਾਵਨਾ ਹੈ।