ਜੁਲਾਈ 'ਚ ਪੰਜਾਬ 'ਚ 50.7 ਮਿਲੀਮੀਟਰ ਘੱਟ ਵਰ੍ਹਿਆ ਮੀਂਹ, ਅਗਸਤ 'ਚ ਵੀ ਆਮ ਨਾਲੋਂ ਘੱਟ ਵਰਖਾ ਦੇ ਆਸਾਰ; ਭੂਜਲ ਤੇ ਖੇਤੀ 'ਤੇ ਵਧੇਗੀ ਚਿੰਤਾ ਪੰਜਾਬ ਵਿੱਚ ਇਸ ਸਾਲ ਮਾਨਸੂਨ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਕਮਜ਼ੋਰ ਰਹੀ ਹੈ। ਜੁਲਾਈ ਮਹੀਨੇ ਦੌਰਾਨ ਸੂਬੇ ਵਿੱਚ 210.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 260.9 ਮਿਲੀਮੀਟਰ ਦੇ ਮੁਕਾਬਲੇ 50.7 ਮਿਲੀਮੀਟਰ ਘੱਟ ਹੈ। ਮੌਸਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮੌਜੂਦਾ ਰੁਝਾਨਾਂ ਨੂੰ ਦੇਖਦੇ ਹੋਏ ਅਗਸਤ ਮਹੀਨੇ ਦੌਰਾਨ ਵੀ ਆਮ ਨਾਲੋਂ ਘੱਟ ਵਰਖਾ ਹੋਣ ਦੀ ਸੰਭਾਵਨਾ ਹੈ।
Publish Date: Sat, 01 Aug 2026 10:45 AM (IST)
Updated Date: Sat, 01 Aug 2026 10:46 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰ ਜਾਬ ਵਿੱਚ ਇਸ ਸਾਲ ਮਾਨਸੂਨ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਕਮਜ਼ੋਰ ਰਹੀ ਹੈ। ਜੁਲਾਈ ਮਹੀਨੇ ਦੌਰਾਨ ਸੂਬੇ ਵਿੱਚ 210.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 260.9 ਮਿਲੀਮੀਟਰ ਦੇ ਮੁਕਾਬਲੇ 50.7 ਮਿਲੀਮੀਟਰ ਘੱਟ ਹੈ। ਮੌਸਮ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਮੌਜੂਦਾ ਰੁਝਾਨਾਂ ਨੂੰ ਦੇਖਦੇ ਹੋਏ ਅਗਸਤ ਮਹੀਨੇ ਦੌਰਾਨ ਵੀ ਆਮ ਨਾਲੋਂ ਘੱਟ ਵਰਖਾ ਹੋਣ ਦੀ ਸੰਭਾਵਨਾ ਹੈ।
ਡਾ. ਕਿੰਗਰਾ ਨੇ ਕਿਹਾ ਕਿ ਜੁਲਾਈ ਖਰੀਫ਼ ਫਸਲਾਂ, ਖਾਸ ਕਰਕੇ ਝੋਨੇ ਲਈ ਸਭ ਤੋਂ ਮਹੱਤਵਪੂਰਨ ਮਹੀਨਾ ਹੁੰਦਾ ਹੈ। ਇਸ ਸਮੇਂ ਘੱਟ ਬਾਰਿਸ਼ ਕਾਰਨ ਕਿਸਾਨਾਂ ਨੂੰ ਟਿਊਬਵੈੱਲਾਂ ਰਾਹੀਂ ਵੱਧ ਸਿੰਚਾਈ ਕਰਨੀ ਪੈ ਰਹੀ ਹੈ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਖਪਤ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਭੂਜਲ ਦਾ ਡਿੱਗਦਾ ਪੱਧਰ ਹੋਰ ਗੰਭੀਰ ਸਮੱਸਿਆ ਬਣ ਸਕਦਾ ਹੈ।
ਅਸਮਾਨ ਵਰਖਾ ਨੇ ਵਧਾਈਆਂ ਮੁਸ਼ਕਲਾਂ ਮੌਸਮ ਮਾਹਿਰਾਂ ਅਨੁਸਾਰ ਇਸ ਵਾਰ ਜੁਲਾਈ ਦੌਰਾਨ ਕਈ ਖੇਤਰਾਂ ਵਿੱਚ ਵਰਖਾ ਦਾ ਵੰਡ ਅਸਮਾਨ ਰਿਹਾ। ਕੁਝ ਇਲਾਕਿਆਂ ਵਿੱਚ ਥੋੜ੍ਹੇ ਸਮੇਂ ਵਿੱਚ ਭਾਰੀ ਮੀਂਹ ਪਿਆ, ਜਦਕਿ ਕਈ ਖੇਤਰ ਲੰਬੇ ਸਮੇਂ ਤੱਕ ਸੁੱਕੇ ਰਹੇ। ਇਸ ਕਾਰਨ ਫਸਲਾਂ ਨੂੰ ਲੋੜੀਂਦੀ ਨਮੀ ਨਹੀਂ ਮਿਲ ਸਕੀ ਅਤੇ ਕਿਸਾਨਾਂ ਨੂੰ ਵਾਧੂ ਸਿੰਚਾਈ ਕਰਨੀ ਪਈ।
ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਦੀ ਅਪੀਲ ਡਾ. ਕਿੰਗਰਾ ਨੇ ਕਿਹਾ ਕਿ ਜੇ ਅਗਸਤ ਵਿੱਚ ਵੀ ਘੱਟ ਬਾਰਿਸ਼ ਰਹੀ ਤਾਂ ਝੋਨੇ ਦੀ ਫਸਲ ਲਈ ਸਿੰਚਾਈ ਦੀ ਲੋੜ ਹੋਰ ਵਧੇਗੀ। ਇਸ ਨਾਲ ਬਿਜਲੀ ਦੀ ਖਪਤ ਅਤੇ ਖੇਤੀ ਦੀ ਲਾਗਤ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ, ਪਾਣੀ ਬਚਾਉਣ ਵਾਲੀਆਂ ਤਕਨੀਕਾਂ ਅਪਣਾਉਣ ਅਤੇ ਮੌਸਮ ਵਿਭਾਗ ਦੀਆਂ ਭਵਿੱਖਬਾਣੀਆਂ ਨੂੰ ਧਿਆਨ ਵਿੱਚ ਰੱਖ ਕੇ ਸਿੰਚਾਈ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ।
ਮੌਸਮੀ ਤਬਦੀਲੀ ਦਾ ਵਧਦਾ ਅਸਰ ਮਾਹਿਰਾਂ ਦਾ ਕਹਿਣਾ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਵਰਖਾ ਦਾ ਪੈਟਰਨ ਤੇਜ਼ੀ ਨਾਲ ਬਦਲ ਰਿਹਾ ਹੈ। ਕਿਤੇ ਬਹੁਤ ਘੱਟ ਅਤੇ ਕਿਤੇ ਥੋੜ੍ਹੇ ਸਮੇਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਪ੍ਰਵਿਰਤੀ ਵਧ ਰਹੀ ਹੈ। ਅਜਿਹੇ ਹਾਲਾਤਾਂ ਵਿੱਚ ਵਰਖਾ ਦੇ ਪਾਣੀ ਦਾ ਸੰਚੈ, ਪਾਣੀ ਦੀ ਸੰਭਾਲ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਨੂੰ ਤਰਜੀਹ ਦੇਣ ਦੀ ਲੋੜ ਹੈ।