
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬੇਖੌਫ ਚੋਰ ਸਾਹਨੇਵਾਲ ਚੌਂਕ ਵਿੱਚੋਂ ਹੀ ਦੁਕਾਨਾਂ ਤੋਂ ਕਰ ਗਏ ਤਾਰਾਂ ਚੋਰੀ

ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ /ਲੁਧਿਆਣਾ
ਕਸਬਾ ਸਾਹਨੇਵਾਲ ਅੰਦਰ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਸਾਹਨੇਵਾਲ ਮੇਨ ਚੌਂਕ ਜਿੱਥੇ ਹਰ ਸਮੇਂ ਪੁਲਿਸ ਦਾ ਨਾਕਾ ਲੱਗਿਆ ਹੁੰਦਾ ਹੈ ਉਸਦੇ ਬਿਲਕੁਲ ਨਾਲ ਲੱਗਦੀ ਸ਼ਰਮਾ ਟੈਲੀਕੋਮ ਅਤੇ ਮੇਜਰ ਸ਼ੂ ਸਟੋਰ ਦੇ ਉੱਪਰੋਂ ਬਿਨਾਂ ਕਿਸੇ ਖੌਫ ਦੇ ਏਸੀ ਦੀਆਂ ਤਾਰਾਂ ਕੱਟ ਕੇ ਲੈ ਗਏ। ਸ਼ੂ ਸਟੋਰ ਦੇ ਮਾਲਕ ਰਾਮ ਪ੍ਰਕਾਸ਼ ਅਤੇ ਸ਼ਰਮਾ ਟੈਲੀਕੋਮ ਦੇ ਦਮਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਤ ਸਮੇਂ ਆਪਣੀ ਦੁਕਾਨ ਸਹੀ ਸਲਾਮਤ ਬੰਦ ਕਰਕੇ ਗਏ ਸਨ ਜਦੋਂ ਉਨਾਂ ਨੇ ਸਵੇਰੇ ਆਪਣੀ ਆਪਣੀ ਦੁਕਾਨ ਦਾ ਏਸੀ ਚਲਾਇਆ ਤਾਂ ਇਹ ਸੀ ਨਹੀਂ ਚੱਲਿਆ। ਜਦੋਂ ਉਨ੍ਹਾਂ ਛੱਤ ਤੇ ਜਾ ਕੇ ਦੇਖਿਆ ਤਾਂ ਏਸੀ ਦੀਆਂ ਪਾਈਪਾਂ ਅਤੇ ਤਾਰਾਂ ਗਾਇਬ ਸਨ ਉਹ ਹੈਰਾਨ ਹਨ ਕਿ ਉਨਾਂ ਦੀਆਂ ਦੁਕਾਨਾਂ ਬਿਲਕੁਲ ਮੇਨ ਚੌਂਕ ਦੇ ਵਿੱਚ ਹਨ ਜਿੱਥੇ ਹਮੇਸ਼ਾ ਪੁਲਿਸ ਰਹਿੰਦੀ ਹੈ ਅਤੇ ਚੌਂਕ ਤੋਂ ਥਾਣਾ ਮਹਿਜ਼ ਕੁੱਝ ਦੂਰੀ ਦੇ ਉੱਤੇ ਹੀ ਹੈ। ਜੇਕਰ ਚੋਰ ਇਸ ਤਰ੍ਹਾਂ ਪੁਲਿਸ ਨਾਕੇ ਅਤੇ ਥਾਣੇ ਦੇ ਨੇੜੇਓ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ ਤਾਂ ਬਾਕੀ ਇਲਾਕਿਆਂ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਸਬੰਧੀ ਜਦੋਂ ਥਾਣਾ ਸਾਹਨੇਵਾਲ ਦੇ ਮੁਖੀ ਸਬ ਇੰਸਪੈਕਟਰ ਦਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕਿਸੇ ਨੇ ਵੀ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ।