23 ਅਗਸਤ ਨੂੰ ਮੁੱਖ ਮੰਤਰੀ ਦੇ ਪਿੰਡ ਵੱਲ ਕੂਚ ਕਰਨਗੇ ਪੰਜਾਬ ਦੇ NPS ਮੁਲਾਜ਼ਮ—ਜੱਸੋਵਾਲ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਕਨਵੀਨਰ ਅਜੀਤ ਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ 4 ਜੁਲਾਈ ਨੂੰ ਮੋਗਾ ਵਿਖੇ ਹੋਈ ਕਨਵੈਨਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਵਿਚਾਰ-ਵਟਾਂਦਰੇ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
Publish Date: Thu, 20 Aug 2026 04:44 PM (IST)
Updated Date: Thu, 20 Aug 2026 04:47 PM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ। ਪੰਜਾਬ ’ਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਤਿੰਨ ਪ੍ਰਮੁੱਖ ਜਥੇਬੰਦੀਆਂ—ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਸੀ.ਪੀ.ਐੱਫ. ਕਰਮਚਾਰੀ ਯੂਨੀਅਨ ਪੰਜਾਬ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੰਚ ਦੇ ਬੈਨਰ ਹੇਠ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੱਦੀ ਪਿੰਡ ਸਤੌਜ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਕੋ-ਕਨਵੀਨਰ ਅਜੀਤ ਪਾਲ ਸਿੰਘ ਜੱਸੋਵਾਲ ਨੇ ਦੱਸਿਆ ਕਿ 4 ਜੁਲਾਈ ਨੂੰ ਮੋਗਾ ਵਿਖੇ ਹੋਈ ਕਨਵੈਨਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਪੁਰਾਣੀ ਪੈਨਸ਼ਨ ਬਹਾਲੀ ਬਾਰੇ ਵਿਚਾਰ-ਵਟਾਂਦਰੇ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਸੱਦੇ ਨੂੰ ਸਵੀਕਾਰ ਨਾ ਕਰਨ ਕਾਰਨ ਹੁਣ ਸਾਂਝਾ ਮੰਚ ਵੱਲੋਂ 23 ਅਗਸਤ ਨੂੰ ਸਤੌਜ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਬਲਾਕ ਡੇਹਲੋਂ ਦੀ ਰਵਿੰਦਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਬਲਾਕ ਡੇਹਲੋਂ ਤੋਂ ਐੱਨ.ਪੀ.ਐੱਸ. ਪੀੜਤ ਮੁਲਾਜ਼ਮਾਂ ਦਾ ਵੱਡਾ ਜਥਾ ਸਤੌਜ ਰੈਲੀ ’ਚ ਸ਼ਾਮਲ ਹੋਵੇਗਾ।
ਇਸ ਮੌਕੇ ਮੁਲਾਜ਼ਮ ਆਗੂ ਨਰਿੰਦਰ ਸਿੰਘ ਧੂਰਕੋਟ, ਜ਼ਿਲ੍ਹਾ ਵਿੱਤ ਸਕੱਤਰ ਤਰਨਜੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਦਵਿੰਦਰ ਸਿੰਘ ਬੁਟਾਰੀ, ਜਨਰਲ ਸਕੱਤਰ ਜਸਵਿੰਦਰ ਸਿੰਘ ਗਰਚਾ, ਵਿੱਤ ਸਕੱਤਰ ਜਸਵਿੰਦਰ ਕੌਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ 18 ਨਵੰਬਰ 2022 ਨੂੰ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਅਜੇ ਤੱਕ ਮੁਲਾਜ਼ਮਾਂ ਦੇ ਜੀ.ਪੀ.ਐੱਫ. ਖਾਤੇ ਨਹੀਂ ਖੋਲ੍ਹੇ ਗਏ ਅਤੇ ਨਵੀਂ ਭਰਤੀ ’ਚ ਵੀ ਐੱਨ.ਪੀ.ਐੱਸ. ਜਾਰੀ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਮੁਲਾਜ਼ਮਾਂ ਦਾ ਸਬਰ ਹੁਣ ਜਵਾਬ ਦੇ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ 23 ਅਗਸਤ ਦੇ ਸਤੌਜ ਮਾਰਚ ’ਚ ਵੱਡੀ ਗਿਣਤੀ ’ਚ ਮੁਲਾਜ਼ਮ ਸ਼ਮੂਲੀਅਤ ਕਰਨਗੇ।
ਇਸ ਮੌਕੇ ਜਗਤਾਰ ਸਿੰਘ ਜੁਗੀਆਨਾ, ਤਜਿੰਦਰਪਾਲ ਸਿੰਘ ਕੈਂਡ, ਅਮਰਜੀਤ ਸਿੰਘ ਆਲਮਗੀਰ, ਗੁਰਵਿੰਦਰ ਸਿੰਘ ਡੇਹਲੋਂ, ਜਸਵਿੰਦਰ ਸਿੰਘ, ਗੁਰਦੀਪ ਕੌਰ ਅਤੇ ਬਲਜਿੰਦਰ ਕੌਰ ਸਮੇਤ ਹੋਰ ਆਗੂ ਹਾਜ਼ਰ ਸਨ।