- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ੇਸ਼ ਖ਼ਬਰ-ਸਕੂਲਾਂ ਵਿੱਚ ਨਾਬਾਲਗਾਂ ਦੇ ਹੱਥਾਂ 'ਚ ਸਟੇਅਰਿੰਗ, ਦੋ ਪਹੀਆ ਤੇ 4 ਪਹੀਆਂ ਵਾਹਨ ਚਲਾਉਣ ਦਾ ਰੁਝਾਨ

-ਮੋਟਰ ਵਾਹਨ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਨਹੀਂ ਚਲਾ ਸਕਦਾ ਵਾਹਨ
-ਸਕੂਲਾਂ ਦੇ ਬਾਹਰ ਖੜ੍ਹੇ ਵਾਹਨ ਪੁਲਿਸ ਤੇ ਪ੍ਰਸ਼ਾਸਨ ਨੂੰ ਚਿੜ੍ਹਾਉਂਦੇ ਨੇ ਮੂੰਹ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਇੱਕ ਚਿੰਤਾਜਨਕ ਰੁਝਾਨ ਤੇਜ਼ੀ ਨਾਲ ਸਾਹਮਣੇ ਆ ਰਿਹਾ ਹੈ। ਕਈ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਰੋਜ਼ਾਨਾ ਦੋ ਪਹੀਆ ਅਤੇ ਕਈ ਵਾਰ ਕਾਰਾਂ ਚਲਾ ਕੇ ਸਕੂਲ ਪਹੁੰਚ ਰਹੇ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਅਜਿਹੇ ਵਿਦਿਆਰਥੀਆਂ ਦੀ ਹੁੰਦੀ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ। ਸਵਾਲ ਇਹ ਹੈ ਕਿ ਕੀ ਨਾਬਾਲਗ ਵਿਦਿਆਰਥੀਆਂ ਨੂੰ ਵਾਹਨ ਚਲਾਉਣ ਦੀ ਕਾਨੂੰਨੀ ਇਜਾਜ਼ਤ ਹੈ। ਜੇ ਨਹੀਂ, ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ।
ਭਾਰਤ ਦੇ ਮੋਟਰ ਵਾਹਨ ਕਾਨੂੰਨ ਅਨੁਸਾਰ 18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਬਿਨਾਂ ਡਰਾਈਵਿੰਗ ਲਾਇਸੈਂਸ ਦੇ ਮੋਟਰਸਾਈਕਲ, ਸਕੂਟਰ (ਗੇਅਰ ਵਾਲਾ) ਜਾਂ ਕਾਰ ਨਹੀਂ ਚਲਾ ਸਕਦਾ। 16 ਤੋਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਰਫ਼ ਖ਼ਾਸ ਸ੍ਰੇਣੀ ਦੇ ਘੱਟ ਸਮਰੱਥਾ ਵਾਲੇ ਗਿਅਰ-ਰਹਿਤ ਦੋਪਹੀਆ ਵਾਹਨ ਲਈ ਹੀ ਨਿਯਮਾਂ ਅਨੁਸਾਰ ਲਰਨਿੰਗ ਜਾਂ ਡਰਾਈਵਿੰਗ ਲਾਇਸੈਂਸ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਨਾਬਾਲਗ ਵੱਲੋਂ ਕਾਰ ਜਾਂ ਆਮ ਮੋਟਰਸਾਈਕਲ ਚਲਾਉਣਾ ਗੈਰ-ਕਾਨੂੰਨੀ ਹੈ।
ਸਕੂਲਾਂ ਦੇ ਬਾਹਰ ਹਰ ਰੋਜ਼ ਦਰਜਨਾਂ ਦੋਪਹੀਆ ਅਤੇ ਚਾਰ ਪਹੀਆ ਵਾਹਨ ਖੜ੍ਹੇ ਦਿਖਾਈ ਦਿੰਦੇ ਹਨ। ਕਈ ਵਿਦਿਆਰਥੀ ਨਾ ਤਾਂ ਹੈਲਮੈਟ ਪਾਉਂਦੇ ਹਨ ਤੇ ਨਾ ਹੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਛੁੱਟੀ ਸਮੇਂ ਤੇਜ਼ ਰਫ਼ਤਾਰ ਨਾਲ ਨਿਕਲਦੇ ਇਹ ਵਾਹਨ ਹੋਰ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਵੀ ਖ਼ਤਰਾ ਬਣ ਜਾਂਦੇ ਹਨ।
ਮੋਟਰ ਵਾਹਨ (ਸੋਧ) ਐਕਟ, 2019 ਅਨੁਸਾਰ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਫੜਿਆ ਜਾਂਦਾ ਹੈ, ਤਾਂ ਇਸ ਦੀ ਜ਼ਿੰਮੇਵਾਰੀ ਵਾਹਨ ਦੇ ਮਾਲਕ ਜਾਂ ਮਾਪਿਆਂ 'ਤੇ ਵੀ ਆ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਭਾਰੀ ਜੁਰਮਾਨਾ, ਕੈਦ ਦੀ ਸਜ਼ਾ ਅਤੇ ਵਾਹਨ ਦੀ ਰਜਿਸਟ੍ਰੇਸ਼ਨ ਰੱਦ ਜਾਂ ਮੁਅੱਤਲ ਕਰਨ ਵਰਗੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਨਾਬਾਲਗ ਨੂੰ ਨਿਰਧਾਰਿਤ ਸਮੇਂ ਤੱਕ ਡਰਾਈਵਿੰਗ ਲਾਇਸੈਂਸ ਜਾਰੀ ਕਰਨ 'ਤੇ ਵੀ ਪਾਬੰਦੀ ਲੱਗ ਸਕਦੀ ਹੈ।
ਟ੍ਰੈਫਿਕ ਮਾਹਿਰਾਂ ਅਨੁਸਾਰ ਨਾਬਾਲਗਾਂ ਕੋਲ ਡਰਾਈਵਿੰਗ ਦਾ ਤਜਰਬਾ ਤੇ ਖ਼ਤਰੇ ਦਾ ਸਹੀ ਅੰਦਾਜ਼ਾ ਲਾਉਣ ਦੀ ਸਮਰੱਥਾ ਘੱਟ ਹੁੰਦੀ ਹੈ। ਇਸ ਕਾਰਨ ਉਹ ਤੇਜ਼ ਰਫ਼ਤਾਰ, ਗਲਤ ਓਵਰਟੇਕ ਤੇ ਮੋਬਾਈਲ ਦੀ ਵਰਤੋਂ ਜਿਹੀਆਂ ਗਲਤੀਆਂ ਕਰਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਸੜਕ ਸੁਰੱਖਿਆ ਮਾਹਿਰਾਂ ਅਨੁਸਾਰ ਸਕੂਲਾਂ ਦੇ ਆਲੇ-ਦੁਆਲੇ ਨਿਯਮਤ ਚੈਕਿੰਗ, ਸੀਸੀਟੀਵੀ ਨਿਗਰਾਨੀ ਅਤੇ ਸਖ਼ਤ ਕਾਰਵਾਈ ਨਾਲ ਇਸ ਸਮੱਸਿਆ 'ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਉਤਨਾ ਹੀ ਜ਼ਰੂਰੀ ਹੈ।
-ਬਾਕਸ-
-ਸਕੂਲਾਂ ਦੀ ਇਸ ਮਾਮਲੇ ’ਚ ਹੈ ਅਹਿਮ ਭੂਮਿਕਾ
ਸਕੂਲਾਂ ਦੀ ਵੀ ਇਸ ਮਾਮਲੇ ਵਿੱਚ ਮਹੱਤਵਪੂਰਨ ਭੂਮਿਕਾ ਹੈ। ਸਕੂਲ ਪ੍ਰਬੰਧਨ ਵਿਦਿਆਰਥੀਆਂ ਲਈ ਵਾਹਨ ਪਾਰਕਿੰਗ ਸਬੰਧੀ ਨਿਯਮ ਬਣਾ ਸਕਦੇ ਹਨ, ਨਾਬਾਲਗਾਂ ਨੂੰ ਵਾਹਨ ਲਿਆਉਣ ਤੋਂ ਰੋਕ ਸਕਦੇ ਹਨ ਅਤੇ ਮਾਪਿਆਂ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਸਕਦੇ ਹਨ। ਸਮੇਂ-ਸਮੇਂ 'ਤੇ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਸਕਦੇ ਹਨ।
-ਬਾਕਸ
-ਸਭ ਤੋਂ ਵੱਧ ਬੱਚਿਆਂ ਦੇ ਮਾਪੇ ਜ਼ਿੰਮੇਵਾਰ
ਮਾਪਿਆਂ ਦੀ ਜ਼ਿੰਮੇਵਾਰੀ ਸਭ ਤੋਂ ਵੱਧ ਹੈ। ਕਈ ਵਾਰ ਬੱਚਿਆਂ ਦੀ ਜ਼ਿੱਦ ਜਾਂ ਸਹੂਲਤ ਦੇ ਨਾਂ 'ਤੇ ਉਨ੍ਹਾਂ ਨੂੰ ਵਾਹਨ ਦੇ ਦਿੱਤਾ ਜਾਂਦਾ ਹੈ, ਪਰ ਇੱਕ ਛੋਟੀ ਜਿਹੀ ਲਾਪਰਵਾਹੀ ਜਾਨਲੇਵਾ ਸਾਬਤ ਹੋ ਸਕਦੀ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਤੇ ਬੱਚਿਆਂ ਨੂੰ ਉਦੋਂ ਤੱਕ ਵਾਹਨ ਨਾ ਚਲਾਉਣ ਦੇਣ ਜਦੋਂ ਤੱਕ ਉਹ ਕਾਨੂੰਨੀ ਤੌਰ 'ਤੇ ਯੋਗ ਨਾ ਹੋ ਜਾਣ।
-ਬਾਕਸ-
-ਕੀ ਕਹਿੰਦਾ ਹੈ ਕਾਨੂੰਨ
-18 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਆਮ ਮੋਟਰਸਾਈਕਲ ਜਾਂ ਕਾਰ ਨਹੀਂ ਚਲਾ ਸਕਦਾ।
-ਬਿਨਾਂ ਲਾਇਸੈਂਸ ਵਾਹਨ ਚਲਾਉਣਾ ਕਾਨੂੰਨੀ ਉਲੰਘਣਾ ਹੈ।
-ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 25 ਹਜ਼ਾਰ ਰੁਪਏ ਜ਼ੁਰਮਾਨਾ ਜਾਂ 3 ਸਾਲ ਦੀ ਉਮਰ ਕੈਦ ਜਾਂ ਦੋਵੇਂ ਹੋ ਸਕਦਾ ਹੈ।
-ਨਾਬਾਲਗ ਵੱਲੋਂ ਵਾਹਨ ਚਲਾਉਣ 'ਤੇ ਵਾਹਨ ਮਾਲਕ ਜਾਂ ਮਾਪਿਆਂ ਖ਼ਿਲਾਫ਼ ਵੀ ਕਾਰਵਾਈ ਹੋ ਸਕਦੀ ਹੈ।
-ਸਕੂਲਾਂ ਤੇ ਮਾਪਿਆਂ ਦੋਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਾਬਾਲਗਾਂ ਨੂੰ ਵਾਹਨ ਚਲਾ ਕੇ ਸਕੂਲ ਨਾ ਆਉਣ ਦਿੱਤਾ ਜਾਵੇ।
-ਬਾਕਸ-
-ਟ੍ਰੈਫ਼ਿਕ ਮਾਹਿਰਾਂ ਨੇ ਦਿੱਤੇ ਸੁਝਾਅ
-ਸਕੂਲ ਨਾਬਾਲਗ ਵਿਦਿਆਰਥੀਆਂ ਦੇ ਵਾਹਨਾਂ ਦੀ ਪਾਰਕਿੰਗ 'ਤੇ ਪਾਬੰਦੀ ਲਾਉਣ।
- ਟ੍ਰੈਫਿਕ ਪੁਲਿਸ ਸਕੂਲਾਂ ਦੇ ਬਾਹਰ ਨਿਯਮਤ ਚੈਕਿੰਗ ਕਰੇ।
-ਮਾਪੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਬੱਚਿਆਂ ਨੂੰ ਵਾਹਨ ਨਾ ਦੇਣ।
-ਵਿਦਿਆਰਥੀਆਂ ਵਿੱਚ ਸੜਕ ਸੁਰੱਖਿਆ ਬਾਰੇ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈ ਜਾਵੇ।
-ਬਾਕਸ-
-ਨਾਬਾਲਗ ਵਾਹਨ ਨਹੀਂ ਚਲਾ ਸਕਦੇ, ਕਾਰਵਾਈ ਕਰਾਂਗੇ : ਆਰਟੀਓ ਚਾਹਲ
ਖੇਤਰੀ ਟਰਾਂਸਪੋਰਟ ਅਥਾਰਿਟੀ (ਆਰਟੀਓ) ਲੁਧਿਆਣਾ ਮਨਕੰਵਲ ਸਿੰਘ ਚਾਹਲ ਨੇ ਸੰਪਰਕ ਕਰਨ ’ਤੇ ਕਿਹਾ ਕਿ ਨੋ-ਪਾਰਕਿੰਗ' (ਪਾਰਕਿੰਗ-ਮਨਾਹੀ) ਖੇਤਰ ਵਿੱਚ ਖੜ੍ਹੇ ਕੀਤੇ ਗਏ ਕਿਸੇ ਵੀ ਵਾਹਨ ਦਾ ਚਲਾਨ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਟ੍ਰੈਫਿਕ ਪੁਲਿਸ ਕਾਰਵਾਈ ਕਰ ਰਹੀ ਹੈ। ਨਾਬਾਲਗਾਂ ਦੁਆਰਾ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਕੂਲ ਪ੍ਰਿੰਸੀਪਲਾਂ ਨੂੰ 'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ। ਚਾਹਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-ਬਾਕਸ-
-ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਨੂੰ ਨਹੀਂ ਬਖ਼ਸ਼ਾਂਗੇ : ਏਸੀਪੀ ਬਾਂਸਲ
ਏਸੀਪੀ ਟ੍ਰੈਫ਼ਿਕ ਜਤਿਨ ਬਾਂਸਲ ਨੇ ਸੰਪਰਕ ਕਰਨ ’ਤੇ ਆਖਿਆ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਦੋ ਤੇ ਚਾਰ ਪਹੀਆ ਵਾਹਨ ਨਹੀਂ ਚਲਾ ਸਕਦਾ। ਪੁਲਿਸ ਵੱਲੋਂ ਨਾਕਿਆਂ ਤੇ ਚੌਂਕਾਂ ਵਿੱਚ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਸਕੂਲਾਂ ਵਿੱਚ ਸੈਮੀਨਾਰਾਂ ਰਾਹੀਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾਂ ਕਰਨ ਬਾਰੇ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਂਦੇ ਹਨ। ਬਾਂਸਲ ਨੇ ਕਿਹਾ ਕਿ ਸਕੂਲ ਦੇ ਬਾਹਰ ਵੀ ਵਿਸ਼ੇ਼ਸ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਨਿਯਮ ਤੋੜਨ ਵਾਲਿਆਂ ਨੂੰ ਬਖ਼ਿਆ ਨਹੀਂ ਜਾਵੇਗਾ।