
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਹਿਮ ਖ਼ਬਰ-ਲੁਧਿਆਣਾ ਮੀਟਿੰਗ ’ਚ ਮਨਪ੍ਰੀਤ ਬਾਦਲ ਦੇ ਮੁਕਾਬਲੇ ਬਿੱਟੂ ਦੀ ਵਰਕਰਾਂ ’ਚ ਘੱਟ ਹੋਈ ਪ੍ਰੀਤ

-ਕੇਂਦਰੀ ਮੰਤਰੀ ਦੀ ਕੁਰਸੀ ਖੁੱਸਣ ਉਪਰੰਤ ਮੰਚ ’ਤੇ ਬੈਠਣ ਲਈ ਬਿੱਟੂ ਨੂੰ ਨਹੀਂ ਮਿਲੀ ਥਾਂ
ਪੁਨੀਤ ਬਾਵਾ/ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ ਲੁਧਿਆਣਾ
ਲੁਧਿਆਣਾ ਵਿਖੇ ਅੱਜ ਭਾਜਪਾ ਦੇ 7 ਜ਼ਿਲ੍ਹਿਆਂ ਦੇ ਆਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਭਾਜਪਾ ਦੇ ਕੌਮੀ ਜਨਰਲ ਸਕੱਤਰ ਸੰਗਠਨ ਬੀਐਲ ਸੰਤੋਸ਼ ਵਿਸ਼ੇਸ਼ ਤੌਰ ’ਤੇ ਪੁੱਜੇ। ਮੀਟਿੰਗ ਵਿੱਚ ਭਾਜਪਾ ਦੇ ਕੌਮੀ ਉਪ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪੁੱਜੇ ਮਨਪ੍ਰੀਤ ਸਿੰਘ ਬਾਦਲ ਦਾ ਸ਼ਾਨਦਾਰ ਸਵਾਗਤ ਹੀ ਨਹੀਂ ਹੋਇਆ। ਸਗੋਂ ਉਨ੍ਹਾਂ ਨੂੰ ਮੰਚ ’ਤੇ ਬੈਠਣ ਲਈ ਵਿਸ਼ੇਸ਼ ਥਾਂ ਵੀ ਮਿਲੀ। ਜਦਕਿ ਕਿਸੇ ਸਮੇਂ ਆਗੂਆਂ ਤੇ ਵਰਕਰਾਂ ਦੀ ਖਿੱਚ ਦਾ ਕੇਂਦਰ ਰਹਿਣ ਵਾਲੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਜਲਵਾ ਫਿੱਕਾ ਨਜ਼ਰ ਆਇਆ ਅਤੇ ਉਨ੍ਹਾਂ ਨੂੰ ਜਿੱਥੇ ਮੰਚ ’ਤੇ ਥਾਂ ਨਹੀਂ ਮਿਲੀ, ਉੱਥੇ ਵਰਕਰਾਂ ਵਿੱਚ ਵੀ ਬਿੱਟੂ ਦੀ ਮਨਪ੍ਰੀਤ ਦੇ ਮੁਕਾਬਲੇ ਪ੍ਰੀਤ ਘੱਟ ਨਜ਼ਰ ਆਈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਭਾਜਪਾ ਨੇ ਸਨਮਾਨ ਦੇ ਕੇ ਰਾਤੋਂ ਰਾਤ ਉਨ੍ਹਾਂ ਦੀ ਸਿਆਸੀ ਤਕਦੀਰ ਬਦਲ ਦਿੱਤੀ। ਜਦਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਸ਼ਕਤੀ ਦੇਣ ਤੋਂ ਬਾਅਦ ਭਾਜਪਾ ਨੇ ਸ਼ਕਤੀਹੀਣ ਕਰ ਦਿੱਤਾ। ਉਨ੍ਹਾਂ ਨੂੰ ਨਾ ਕੇਂਦਰੀ ਟੀਮ ਅਤੇ ਨਾ ਹੀ ਪੰਜਾਬ ਟੀਮ ਵਿੱਚ ਕੋਈ ਆਹੁਦਾ ਦਿੱਤਾ ਗਿਆ। ਮੰਗਲਵਾਰ ਦੀ ਮੀਟਿੰਗ ਦਾ ਦ੍ਰਿਸ਼ ਇਹ ਸੰਕੇਤ ਦਿੰਦਾ ਨਜ਼ਰ ਆਇਆ ਕਿ ਸਿਆਸਤ ਵਿੱਚ ਸਮੇਂ ਦੇ ਨਾਲ ਨੇਤਾਵਾਂ ਦੀ ਭੂਮਿਕਾ ਅਤੇ ਕੱਦ ਵੀ ਬਦਲਦਾ ਰਹਿੰਦਾ ਹੈ। ਮਨਪ੍ਰੀਤ ਬਾਦਲ ਨੂੰ ਮਿਲਿਆ ਨਵਾਂ ਪ੍ਰੋਟੋਕੋਲ ਅਤੇ ਬਿੱਟੂ ਦੀ ਵਰਕਰਾਂ ਵਿਚਕਾਰ ਬੈਠਕ ਨੇ ਭਾਜਪਾ ਦੇ ਅੰਦਰ ਬਦਲ ਰਹੇ ਸਿਆਸੀ ਸਮੀਕਰਨਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ।
ਮੀਟਿੰਗ ਉਪਰੰਤ ਮਨਪ੍ਰੀਤ ਸਿੰਘ ਬਾਦਲ ਚਰਚਾ ਵਿੱਚ ਰਹੇ। ਭਾਜਪਾ ਦੇ ਕੌਮੀ ਸੰਗਠਨ ਮਹਾਸਚਿਵ ਬੀਐੱਲ ਸੰਤੋਸ਼ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੀ ਕਾਰ ਵਿੱਚ ਬਿਠਾ ਕੇ ਜਲੰਧਰ ਲਈ ਰਵਾਨਾ ਹੋ ਗਏ। ਪਾਰਟੀ ਵਰਕਰਾਂ ਵਿੱਚ ਇਸ ਨੂੰ ਮਨਪ੍ਰੀਤ ਬਾਦਲ ਦੇ ਸੰਗਠਨ ਵਿੱਚ ਵਧੇ ਪ੍ਰਭਾਵ ਅਤੇ ਪਾਰਟੀ ਹਾਈਕਮਾਂਡ ਦੇ ਭਰੋਸੇ ਦੇ ਸੰਕੇਤ ਵਜੋਂ ਦੇਖਿਆ ਗਿਆ। ਮੀਟਿੰਗ ਤੋਂ ਬਾਅਦ ਮਨਪ੍ਰੀਤ ਬਾਦਲ ਨਾਲ ਫੋਟੋ ਖਿਚਵਾਉਣ ਲਈ ਵੀ ਵਰਕਰਾਂ ਦੀ ਭੀੜ ਨਜ਼ਰ ਆਈ। ਮਨਪ੍ਰੀਤ ਸਿੰਘ ਬਾਦਲ ਦਾ ਸਿਆਸੀ ਕੱਦ ਪਿਛਲੇ ਕੁੱਝ ਸਮੇਂ ਦੌਰਾਨ ਤੇਜ਼ੀ ਨਾਲ ਵਧਿਆ ਹੈ। ਕਦੇ ਉਹ ਪਾਰਟੀ ਮੀਟਿੰਗਾਂ ਵਿੱਚ ਮੰਚ ਤੋਂ ਹੇਠਾਂ ਸੀਨੀਅਰ ਆਗੂਆਂ ਦੀ ਕਤਾਰ ਵਿੱਚ ਬੈਠਦੇ ਸਨ, ਪਰ ਹੁਣ ਭਾਜਪਾ ਦੇ ਕੌਮੀ ਉਪ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦਾ ਪ੍ਰੋਟੋਕੋਲ ਕਾਫ਼ੀ ਉੱਪਰ ਨਜ਼ਰ ਆ ਰਿਹਾ ਹੈ।