ਦਿਹਾਤੀ ਖੇਤਰਾਂ ’ਚ ਲੱਗੇ ਰੰਗਾਈ ਕਾਰਖ਼ਾਨਿਆਂ ਨਾਲ ਵਾਤਾਵਰਨ ਹੋ ਰਿਹੈ ਦੂਸ਼ਿਤ ਦਿਹਾਤੀ ਖੇਤਰਾਂ ’ਚ ਲੱਗੇ ਰੰਗਾਈ ਕਾਰਖ਼ਾਨਿਆਂ ਨਾਲ ਪਿੰਡਾਂ ਦਾ ਪੌਣ-ਪਾਣੀ ਹੋ ਰਿਹਾ ਦੂਸ਼ਿਤ
Publish Date: Tue, 18 Aug 2026 08:09 PM (IST)
Updated Date: Wed, 19 Aug 2026 04:04 AM (IST)
-ਵਿਭਾਗ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਨਹੀਂ ਹੋਇਆ ਕੋਈ ਹੱਲ, ਪਿੰਡ ਵਾਸੀਆਂ ਨੂੰ ਸੀਐੱਮ ਨੂੰ ਅਪੀਲ ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ ਪੰਜਾਬ ਦੇ ਪਿੰਡ ਕਦੇ ਖੂਬਸੂਰਤ ਵਾਤਾਵਰਨ ਸ਼ੁੱਧ ਪਾਣੀ ਤੇ ਹਵਾ ਕਰਕੇ ਜਾਣੇ ਜਾਂਦੇ ਸਨ, ਪਰ ਵਿਧਾਨ ਸਭਾ ਹਲਕਾ ਸਾਨੇਵਾਲ ਅਧੀਨ ਪਿੰਡਾਂ ’ਚ ਧੜਾ-ਧੜ ਨਿਯਮਾਂ ਨੂੰ ਛਿੱਕੇ ਟੰਗ ਕੇ ਲੱਗ ਰਹੇ ਰੰਗਾਈ ਕਾਰਖ਼ਾਨਿਆਂ ਨੇ ਪਿੰਡਾਂ ਦੇ ਪੌਣ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਤੋਂ ਪਿੰਡਾਂ ਵਿੱਚ ਰਹਿੰਦੇ ਲੋਕ ਬੇਹੱਦ ਚਿੰਤਤ ਨਜ਼ਰ ਆਉਂਦੇ ਹਨ। ਅੱਜ ‘ਪੰਜਾਬੀ ਜਾਗਰਣ’ ਦੀ ਟੀਮ ਨੇ ਜਦੋਂ ਪਿੰਡ ਖਾਸੀ ਕਲਾਂ, ਬੁੱਢੇਵਾਲ, ਧਨਾਨਸੂ, ਭਾਗਪੁਰ, ਕਰੋੜ ਸਮੇਤ ਇੱਕ ਦਰਜਨ ਪਿੰਡਾਂ ਦਾ ਦੌਰਾਨ ਕੀਤਾ, ਤਾਂ ਦੌਰੇ ਦੌਰਾਨ ਵੇਖਿਆ ਕਿ ਰੰਗਾਈ ਕਾਰਖ਼ਾਨਿਆਂ ਦੀਆਂ ਉੱਚੀਆਂ ਚਿਮਨੀਆਂ ’ਚੋਂ ਨਿਕਲ ਰਿਹਾ ਧੂੰਆਂ ਹਵਾ ਨੂੰ ਦੂਸ਼ਿਤ ਕਰ ਰਿਹਾ ਸੀ, ਜਦੋਂ ਕਿ ਪਿੰਡਾਂ ਦੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਤਾਂ ਪਾਣੀ ਵੀ ਹੁਣ ਪੀਣ ਯੋਗ ਨਹੀਂ ਰਿਹਾ। ਕਦੇ ਪਿੰਡਾਂ ਦੇ ਪਾਣੀ ਨੂੰ ਅੰਮ੍ਰਿਤ ਕਿਹਾ ਜਾਂਦਾ ਸੀ, ਪਿੰਡਾਂ ਦੇ ਲੋਕਾਂ ਨੇ ਦੋਸ਼ ਲਾਏ ਕਿ ਉਨ੍ਹਾਂ ਵੱਲੋਂ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਜਾ ਚੁੱਕੇ ਹਨ। ਕਈ ਵਾਰ ਪ੍ਰਦੂਸ਼ਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਇਨਾ ਰੰਗਾਈ ਕਾਰਖ਼ਾਨਿਆਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਕਈ ਰੰਗਾਈ ਕਾਰਖ਼ਾਨੇ ਤਾਂ ਧੜੱਲੇ ਨਾਲ ਧਰਤੀ ਹੇਠਾਂ ਬੇਖੌਫ ਹੋ ਕੇ ਪਾਣੀ ਪਾ ਰਹੇ ਹਨ, ਜਿਸ ਨਾਲ ਪਿੰਡਾਂ ਦਾ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਚੁੱਕਾ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਦੂਸ਼ਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੀ ਸਖਤ ਜਾਂਚ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਅਸਲ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਹਰ ਵਰਗ ਦੇ ਹਿਤੈਸ਼ੀ ਹਨ, ਤਾਂ ਉਨ੍ਹਾਂ ਨੂੰ ਰੰਗਾਈ ਕਾਰ਼ਖਾਨੇਦਾਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦਾ ਹੁਕਮ ਜਾਰੀ ਕਰਨਾ ਚਾਹੀਦਾ ਹੈ। -ਹੁਣ ਨਾ ਸੰਭਲੇ, ਤਾਂ ਹੋ ਜਾਵੇਗਾ ਬਹੁਤ ਨੁਕਸਾਨ : ਸਰਪੰਚ ਢਿੱਲੋਂ ਪਿੰਡ ਭਾਗਪੁਰ ਦੇ ਸਰਪੰਚ ਗਗਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਹੁਣ ਵੀ ਲੋਕ ਅਤੇ ਸਰਕਾਰਾਂ ਨਾ ਸਮਝੀਆਂ, ਤਾਂ ਬਹੁਤ ਦੇਰ ਹੋ ਜਾਵੇਗੀ। ਕਿਉਂਕਿ ਬਹੁਤ ਸਾਰੇ ਪਿੰਡਾਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਜੇਕਰ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਅਸੀਂ ਆਉਣ ਵਾਲੇ ਸਮੇਂ ਵਿੱਚ ਸਾਡਾ ਪੌਣ ਪਾਣੀ ਦੂਸ਼ਿਤ ਕਰਨ ਵਾਲਿਆਂ ਖਿਲਾਫ ਸੰਘਰਸ਼ ਤੇਜ਼ ਕਰਾਂਗੇ। -ਬੁੱਢੇ ਦਰਿਆ ਕੰਢੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੱਗੇ ਰੰਗਾਈ ਕਾਰਖ਼ਾਨੇ : ਸਰਪੰਚ ਢੋਲਣਵਾਲ ਪਿੰਡ ਢੋਲਣਵਾਲ ਦੇ ਸਾਬਕਾ ਸਰਪੰਚ ਸੋਹਣ ਸਿੰਘ ਢੋਲਣਵਾਲ ਨੇ ਕਿਹਾ ਕਿ ਬੁੱਢੇ ਦਰਿਆ ਦੇ ਕਿਨਾਰੇ ਤਾਂ ਰੰਗਾਈ ਕਾਰਖ਼ਾਨੇ ਲੱਗ ਹੀ ਨਹੀਂ ਸਕਦੇ। ਇਹ ਕਾਰਖ਼ਾਨੇ ਸਾਡਾ ਕੁਦਰਤੀ ਪਾਣੀ, ਹਵਾ ਅਤੇ ਵਾਤਾਵਰਨ ਖਰਾਬ ਕਰ ਰਹੇ ਹਨ, ਇਹਨਾਂ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। -ਕਾਰਖ਼ਾਨੇਦਾਰ ਖਾਨਾਪੂਰਤੀ ਲਈ ਚਲਾਉਂਦੇ ਹਨ ਟਰੀਟਮੈਂਟ ਪਲਾਂਟ : ਭਾਮੀਆ ਪਿੰਡ ਭਾਮੀਆਂ ਦੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਭਾਮੀਆਂ ਨੇ ਕਿਹਾ ਕਿ ਰੰਗਾਈ ਕਾਰਖ਼ਾਨਿਆਂ ਵਾਲੇ ਟਰੀਟਮੈਂਟ ਪਲਾਂਟ ਸਿਰਫ ਖਾਨਾਪੂਰਤੀ ਲਈ ਚਲਾਉਂਦੇ ਹਨ। ਜੇਕਰ ਇਹਨਾਂ ਦੀ ਚੰਗੀ ਤਰ੍ਹਾਂ ਜਾਂਚ ਹੋ ਜਾਵੇ, ਤਾਂ ਸਾਰੀ ਸਥਿਤੀ ਸਾਫ ਹੋ ਜਾਵੇਗੀ ਕਿ ਕਿਵੇਂ ਇਹ ਲੋਕ ਸਾਡਾ ਪੌਣ ਅਤੇ ਪਾਣੀ ਦੂਸ਼ਿਤ ਕਰ ਰਹੇ ਹਨ -ਸਾਡੇ ਪਿੰਡ ਦਾ ਤਾਂ ਪਾਣੀ ਹੋ ਚੁੱਕਿਆ ਹੈ ਦੂਸ਼ਿਤ-ਸਰਪੰਚ ਕੁਹਾੜਾ ਪਿੰਡ ਕੁਹਾੜਾ ਦੇ ਸਾਬਕਾ ਸਰਪੰਚ ਸਤਵੰਤ ਸਿੰਘ ਗਰਚਾ ਨੇ ਕਿਹਾ ਕਿ ਸਾਡੇ ਪਿੰਡ ਦਾ ਪਾਣੀ ਤਾਂ ਪੀਣ ਯੋਗ ਨਹੀਂ ਰਿਹਾ। ਲੋਕਾਂ ਨੂੰ ਜਾਨਲੇਵਾ ਬਿਮਾਰੀਆਂ ਨੇ ਘੇਰ ਲਿਆ ਹੈ। ਉਹ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਨ ਕਿ ਇਸ ਸਮੇਂ ਨੂੰ ਮੌਕੇ ਤੇ ਹੀ ਸੰਭਾਲ ਲਿਆ ਜਾਵੇ ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ। -ਕਾਰਖ਼ਾਨਿਆਂ ਵਾਲੇ ਧਰਤੀ ਵਿੱਚ ਪਾ ਰਹੇ ਨੇ ਪਾਣੀ-ਬੈਨੀਪਾਲ ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਬਹੁਤੇ ਰੰਗਾਈ ਕਾਰਖ਼ਾਨਿਆਂ ਵਾਲੇ ਤੇਜਾਬੀ ਪਾਣੀ ਧਰਤੀ ਵਿੱਚ ਪਾ ਕੇ ਸਾਡਾ ਕੁਦਰਤੀ ਪਾਣੀ ਖਰਾਬ ਕਰ ਰਹੇ ਹਨ। ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਵੀ ਸਿਰਫ ਖਾਨਾ ਪੂਰਤੀ ਲਈ ਜਾਂਚ ਕਰਦੇ ਹਨ। ਇਹਨਾਂ ਦੀ ਜਾਂਚ ਉੱਚ ਪੱਧਰੀ ਟੀਮ ਤੋਂ ਕਰਵਾਉਣੀ ਚਾਹੀਦੀ ਹੈ -ਰੰਗਾਈ ਕਾਰਖ਼ਾਨਿਆਂ ਵਾਲੇ ਕੁਦਰਤ ਨਾਲ ਖਿਲਵਾੜ ਕਰ ਰਹੇ ਨੇ-ਖਾਲਸਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਰੰਗਾਈ ਕਾਰ਼ਖਾਨਿਆਂ ਵਾਲੇ ਭਾਵੇਂ ਰੋਜ਼ਗਾਰ ਦੇ ਰਹੇ ਹਨ, ਪਰ ਉਸਦੇ ਨਾਲ ਹੀ ਕੁੱਝ ਰੰਗਾਈ ਕਾਰਖ਼ਾਨਿਆ ਵਾਲੇ ਪਿੰਡਾਂ ਦੀ ਕੁਦਰਤ ਨਾਲ ਵੀ ਖਿਲਵਾੜ ਕਰ ਰਹੇ ਹਨ। ਜੇਕਰ ਕੋਈ ਕਾਰਖ਼ਾਨਾ ਲੱਗਦੀ ਹੈ, ਤਾਂ ਨਿਯਮਾਂ ਮੁਤਾਬਕ ਤੇ ਵਾਤਾਵਰਨ ਦੇ ਅਨੁਕੂਲ ਹੀ ਲੱਗਣਾ ਚਾਹੀਦੀ ਹੈ -ਚੀਫ ਇੰਜੀਨੀਅਰ ਰਾਜ ਕੁਮਾਰ ਰਤੜਾ ਨੇ ਨਹੀਂ ਚੁੱਕਿਆ ਫੋਨ ਸਾਡੇ ਵਾਤਾਵਰਨ ਪੌਣ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੀ ਜਿੰਮੇਵਾਰੀ ਭਾਵੇਂ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਹੈ ਤੇ ਆਮ ਲੋਕ ਅਕਸਰ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ’ਤੇ ਕਾਰਵਾਈ ਨਾ ਕਰਨ ਦੇ ਦੋਸ਼ ਵੀ ਲਾ ਦਿੰਦੇ ਹਨ। ਅੱਜ ਵੀ ਜਦੋਂ ਇਸ ਸਾਰੇ ਗੰਭੀਰ ਮਾਮਲੇ ਬਾਰੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੀਫ ਇੰਜੀਨੀਅਰ ਆਰਕੇ ਰਤੜਾ ਨੂੰ ਕਈ ਵਾਰ ਫੋਨ ਕੀਤਾ, ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਿਸ ਤੋਂ ਵਿਭਾਗ ਦੀ ਸੰਜੀਦਗੀ ਦਾ ਪਤਾ ਲੱਗਦਾ ਹੈ।