ਫਾਇਰਿੰਗ ’ਚ ਪਿਤਾ ਗੰਭੀਰ ਜ਼ਖ਼ਮੀ ਤੇ ਪੁੱਤ ਨੇ ਭੱਜ ਕੇ ਬਚਾਈ ਜਾਨ ਜਖਮੀ ਹਾਲਾਤ ਵਿੱਚ ਹਸਪਤਾਲ ਅੰਦਰ ਜੇਰੇ ਇਲਾਜ ਤਲਵਿੰਦਰ ਸਿੰਘ ਬਾਵਾ।
Publish Date: Wed, 19 Aug 2026 08:31 PM (IST)
Updated Date: Thu, 20 Aug 2026 04:06 AM (IST)
-ਗੋਲੀਆਂ ਚਲਾਉਣ ਵਾਲੇ ਖਿਲਾਫ਼ ਪਹਿਲਾਂ ਵੀ ਹਨ ਕਈ ਮਾਮਲੇ ਦਰਜ ਰਵੀ ਭਾਟੀਆ, ਪੰਜਾਬੀ ਜਾਗਰਣ, ਸਾਹਨੇਵਾਲ/ਲੁਧਿਆਣਾ ਪੁਲਿਸ ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਬਿਲਗਾ ’ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਹੇਅਰ ਡਰੈਸਰ ਤੋਂ ਵਾਲ ਕਟਵਾ ਕੇ ਘਰ ਜਾ ਰਹੇ ਪਿਓ-ਪੁੱਤ ਉੱਪਰ ਪਿੰਡ ਦੇ ਹੀ ਇਕ ਨੌਜਵਾਨ ਨੇ ਆਪਣੇ ਪਿਤਾ ਨਾਲ ਮਿਲ ਕੇ ਤਾਬੜ ਤੋੜ ਗੋਲੀਆਂ ਚਲਾਈਆਂ, ਜਿਸ ’ਚ ਪਿਤਾ ਦੇ ਮੋਢੇ ’ਚ ਗੋਲੀ ਲੱਗ ਜਾਣ ਕਾਰਨ ਉਹ ਗੰਭੀਰ ਜਖਮੀ ਹੋ ਗਿਆ, ਜਦਕਿ ਉਸ ਦੇ ਪੁੱਤ ਨੇ ਭੱਜ ਕੇ ਆਪਣੀ ਜਾਨ ਬਚਾਈ। ਜਿੱਥੇ ਪਿੰਡ ਦੇ ਲੋਕਾਂ ਨੇ ਜਖਮੀ ਵਿਅਕਤੀ ਨੂੰ ਦੋਰਾਹਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਗੋਲੀਆਂ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਪਵਨਦੀਪ ਸਿੰਘ ਗਰਚਾ ਉਰਫ ਪਵਨ ਪੁੱਤਰ ਪ੍ਰਧਾਨ ਸਿੰਘ ਤੇ ਉਸ ਦੇ ਪਿਤਾ ਪ੍ਰਧਾਨ ਸਿੰਘ ਵਾਸੀ ਬਿਲਗਾ ਵਜੋਂ ਹੋਈ ਹੈ। ਜਦੋਂ ਕਿ ਜਖਮੀ ਵਿਅਕਤੀ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਤਲਵਿੰਦਰ ਸਿੰਘ ਬਾਵਾ ਪੁੱਤਰ ਕੁਲਵੰਤ ਸਿੰਘ ਵਜੋਂ ਹੋਈ ਹੈ। ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨ ਉਪਰੰਤ ਕਥਿਤ ਦੋਸ਼ੀ ਪਿਓ ਪੁੱਤਾਂ ਤੇ ਗੰਭੀਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋਹਾਂ ਧਿਰਾਂ ਵਿੱਚ ਇੱਕ ਪੰਚਾਇਤੀ ਰਾਜ਼ੀਨਾਮੇ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲਦੀ ਹੈ। ਉਸ ਤੋਂ ਬਾਅਦ ਵੀ ਦੋਨਾਂ ਧਿਰਾਂ ਵਿੱਚ ਆਪਸੀ ਤਕਰਾਰ ਹੋਇਆ ਸੀ। ਜਿਸ ਵਿੱਚ ਇੱਕ ਧਿਰ ਉੱਪਰ ਮਾਮਲਾ ਦਰਜ ਕੀਤਾ ਸੀ। ਅੱਜ ਵੀ ਉਸੇ ਰੰਜਿਸ਼ ਨੂੰ ਲੈ ਕੇ ਜਦੋਂ ਜ਼ਖ਼ਮੀ ਤਲਵਿੰਦਰ ਸਿੰਘ ਬਾਵਾ ਆਪਣੇ ਪੁੱਤਰ ਦੇ ਨਾਲ ਹੇਅਰ ਡਰੈਸਰ ਤੋਂ ਵਾਲ ਕਟਵਾ ਕੇ ਘਰ ਆ ਰਿਹਾ ਸੀ, ਤਾਂ ਟਰੈਕਟਰ ਉੱਪਰ ਜਾ ਰਹੇ ਪਵਨਦੀਪ ਸਿੰਘ ਪਵਨ ਦੇ ਨਾਲ ਉਸ ਦਾ ਸਾਹਮਣਾ ਹੋ ਗਿਆ, ਜਿੱਥੇ ਪਵਨਦੀਪ ਨੇ ਉਸ ਨਾਲ ਗਾਲੀ-ਗਲੋਚ ਕਰਨੀ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਪਵਨਦੀਪ ਆਪਣੇ ਘਰ ਚਲਾ ਗਿਆ ਤੇ ਆਪਣੇ ਪਿਤਾ ਦੇ ਨਾਲ ਪਿਸਤੌਲ ਲੈ ਕੇ ਆ ਗਿਆ। ਉਸ ਨੇ ਆਉਂਦੇ ਹੀ ਤਲਵਿੰਦਰ ਉਰਫ ਬਾਵਾ ਉੱਪਰ ਗੋਲੀਆਂ ਚਲਾ ਦਿੱਤੀਆਂ ਪਵਨ ਦੇ ਪਿਤਾ ਦੇ ਹੱਥ ਵਿੱਚ ਵੀ ਪਿਸਤੌਲ ਸੀ। ਉਨ੍ਹਾਂ ਵੱਲੋਂ ਵੀ ਹਵਾ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਪੁਲਿਸ ਵੱਲੋਂ ਪਵਨਦੀਪ ਸਿੰਘ ਅਤੇ ਉਸ ਦੇ ਪਿਤਾ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ। ਜੋ ਮੌਕੇ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਜਦਕਿ ਜਖਮੀ ਤਲਵਿੰਦਰ ਸਿੰਘ ਬਾਵਾ ਦਾ ਦੋਰਾਹਾ ਦੇ ਪ੍ਰਾਈਵੇਟ ਹਸਪਤਾਲ ’ਚ ਮੋਢੇ ਦਾ ਆਪ੍ਰੇਸ਼ਨ ਹੋਇਆ। -ਗੋਲੀਆਂ ਚਲਾਉਣ ਵਾਲੇ ਪਵਨ ’ਤੇ ਪਹਿਲਾਂ ਵੀ ਹਨ 7 ਅਪਰਾਧਕ ਮਾਮਲੇ ਦਰਜ ਪੁਲਿਸ ਅਨੁਸਾਰ ਪਵਨਦੀਪ ਉਰਫ ਪਵਨ ਦਾ ਪਹਿਲਾਂ ਵੀ ਅਪਰਾਧਕ ਪਿਛੋਕੜ ਹੈ। ਉਸ ਦੇ ਉੱਪਰ ਹਰਿਆਣਾ ਸਮੇਤ ਸਾਹਨੇਵਾਲ ਤੇ ਲੁਧਿਆਣਾ ਤੇ ਕਈ ਥਾਣਿਆਂ ’ਚ ਕਰੀਬ ਸੱਤ ਅਪਰਾਧਿਕ ਮਾਮਲੇ ਪਹਿਲਾਂ ਹੀ ਦਰਜ ਹਨ। -ਦੋਸ਼ੀ ਜਲਦ ਹੋਣਗੇ ਪੁਲਿਸ ਦੀ ਗ੍ਰਿਫਤ ’ਚ : ਥਾਣਾ ਮੁਖੀ ਇਸ ਮਾਮਲੇ ਵਿੱਚ ਥਾਣਾ ਮੁਖੀ ਨਾਲ ਗੱਲ ਕੀਤੀ, ਤਾਂ ਉਹਨਾਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣਗੇ।