‘ਯਮਰਾਜ’ ਬਣ ਕੇ ਦੌੜ ਰਹੇ ਜੁਗਾੜੂ ਰੇਹੜੇ ਦੇ ਰਹੇ ਹਾਦਸੇ ਨੂੰ ਸੱਦਾ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ‘ਯਮਰਾਜ’ ਬਣਕੇ ਦੌੜ ਰਹੇ ਜੁਗਾੜੂ ਰੇਹੜੇ
Publish Date: Fri, 14 Aug 2026 08:16 PM (IST)
Updated Date: Sat, 15 Aug 2026 04:06 AM (IST)
ਰਾਜਕੁਮਾਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੌੜ ਰਹੇ ਜੁਗਾੜੂ ਰੇਹੜੇ ਲੋਕਾਂ ਲਈ ਵੱਡੀ ਮੁਸੀਬਤ ਬਣਦੇ ਜਾ ਰਹੇ ਹਨ। ਬਿਨਾਂ ਸੁਰੱਖਿਆ ਮਾਪਦੰਡਾਂ ਦੇ ਤਿਆਰ ਕੀਤੇ ਇਹ ਰੇਹੜੇ ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ ਹੋਏ ਅਕਸਰ ਆਵਾਜਾਈ ਲਈ ਖ਼ਤਰਾ ਬਣ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਜੁਗਾੜੂ ਵਾਹਨ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਰੇਹੜਿਆਂ ਵਿੱਚ ਕਈ ਵਾਰ ਮੋਟਰਸਾਈਕਲ ਜਾਂ ਹੋਰ ਪੁਰਾਣੇ ਵਾਹਨਾਂ ਦੇ ਇੰਜਣ ਲਗਾ ਕੇ ਉਨ੍ਹਾਂ ਨੂੰ ਸਮਾਨ ਢੋਣ ਲਈ ਵਰਤਿਆ ਜਾਂਦਾ ਹੈ। ਨਾ ਤਾਂ ਇਨ੍ਹਾਂ ਵਿੱਚ ਯਾਤਰੀਆਂ ਜਾਂ ਡਰਾਈਵਰ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਹੁੰਦੇ ਹਨ ਅਤੇ ਨਾ ਹੀ ਕਈ ਵਾਰ ਲਾਈਟਾਂ, ਇੰਡੀਕੇਟਰ ਤੇ ਹੋਰ ਜ਼ਰੂਰੀ ਸੁਰੱਖਿਆ ਉਪਕਰਨ ਢੰਗ ਨਾਲ ਮੌਜੂਦ ਹੁੰਦੇ ਹਨ। ਸ਼ਹਿਰ ਦੀਆਂ ਤੰਗ ਅੰਦਰੂਨੀ ਸੜਕਾਂ ’ਤੇ ਇਹ ਰੇਹੜੇ ਅਚਾਨਕ ਮੋੜ ਕੱਟਦੇ ਅਤੇ ਤੇਜ਼ੀ ਨਾਲ ਲੰਘਦੇ ਦੇਖੇ ਜਾਂਦੇ ਹਨ। ਖ਼ਾਸ ਕਰਕੇ ਬਾਜ਼ਾਰਾਂ ਅਤੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪੈਦਲ ਚੱਲਣ ਵਾਲਿਆਂ, ਸਾਈਕਲ ਸਵਾਰਾਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਇਨ੍ਹਾਂ ਤੋਂ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਜੁਗਾੜੂ ਰੇਹੜਿਆਂ ਦੀ ਜਾਂਚ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਪਹਿਲਾਂ ਹੀ ਇਨ੍ਹਾਂ ਵਾਹਨਾਂ ’ਤੇ ਨਕੇਲ ਪਾਉਣੀ ਜ਼ਰੂਰੀ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ‘ਯਮਰਾਜ’ ਬਣਕੇ ਦੌੜ ਰਹੇ ਇਨ੍ਹਾਂ ਜੁਗਾੜੂ ਰੇਹੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।