
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਕਾਰਾਤਮਕ ਬਦਲਾਅ ਦੇ ਸੁਨੇਹੇ ਨਾਲ ਯੰਗ ਲੀਡਰਜ਼ ਕਾਨਕਲੇਵ ਦੀ ਸਮਾਪਤੀ

-ਸਕਾਰਾਤਮਕ ਬਦਲਾਅ ਦੇ ਸੁਨੇਹੇ ਨਾਲ ਯੰਗ ਲੀਡਰਜ਼ ਕਾਨਕਲੇਵ ਦੀ ਸਮਾਪਤੀ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਇਨੀਸ਼ੀਏਟਰਜ਼ ਆਫ਼ ਚੇਂਜ ਵੱਲੋਂ ਗੁਰੂ ਨਾਨਕ ਦੇਵ ਭਵਨ ਵਿਖੇ ਜਾਰੀ ਦੋ ਰੋਜ਼ਾ ਯੰਗ ਲੀਡਰਜ਼ ਕਾਨਕਲੇਵ ਐਤਵਾਰ ਨੂੰ ਉਤਸ਼ਾਹਪੂਰਨ ਮਾਹੌਲ ਵਿੱਚ ਸਮਾਪਤ ਹੋ ਗਿਆ। ਦੂਜੇ ਦਿਨ ਲੀਡਰਸ਼ਿਪ, ਕਰੀਅਰ, ਕੰਟੈਂਟ ਕ੍ਰੀਏਸ਼ਨ, ਫ਼ਿਲਮ ਮੇਕਿੰਗ, ਰਚਨਾਤਮਕਤਾ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਮਾਹਿਰਾਂ ਅਤੇ ਨੌਜਵਾਨਾਂ ਵਿਚਕਾਰ ਵਿਚਾਰ-ਵਟਾਂਦਰਾ ਹੋਇਆ। ਸਿਕੰਦਰ ਸਿੰਘ ਅਤੇ ਰਣਜੀਤ ਬਜਾਜ ਨੇ ਮੁੱਖ ਸੰਬੋਧਨ ਦੌਰਾਨ ਲੀਡਰਸ਼ਿਪ, ਮਹੱਤਵਾਕਾਂਕਸ਼ਾ, ਅਨੁਸ਼ਾਸਨ ਅਤੇ ਨੌਜਵਾਨਾਂ ਵੱਲੋਂ ਆਪਣੇ ਭਵਿੱਖ ਦੀ ਜ਼ਿੰਮੇਵਾਰੀ ਖੁਦ ਸੰਭਾਲਣ ਬਾਰੇ ਵਿਚਾਰ ਸਾਂਝੇ ਕੀਤੇ।
ਕੰਟੈਂਟ ਕ੍ਰੀਏਸ਼ਨ ਪੈਨਲ ਵਿੱਚ ਆਦਿਤਿਆ ਕੁਲਸ਼ਰੇਸ਼ਠ, ਏਕੇ ਕੁੱਲੂ ਅਤੇ ਮਨਪ੍ਰੀਤ ਸਿੰਘ (ਕਾਮਿਕ ਸਿੰਘ) ਨੇ ਕ੍ਰੀਏਟਰ ਇਕਾਨਮੀ, ਡਿਜੀਟਲ ਪਛਾਣ, ਸਟੋਰੀਟੈਲਿੰਗ ਅਤੇ ਰਚਨਾਤਮਕਤਾ ਨੂੰ ਕਰੀਅਰ ਵਜੋਂ ਅਪਣਾਉਣ ਦੇ ਮੌਕਿਆਂ ’ਤੇ ਚਰਚਾ ਕੀਤੀ। ‘ਚੈਂਪੀਅਨਿੰਗ ਯੋਰ ਕਰੀਅਰ ਪਾਥ’ ਪੈਨਲ ਵਿੱਚ ਮਾਲੁਕਾ ਆਈਏਐਸ ਦੇ ਲਕਸ਼ਮਣ ਸਿੰਘ ਮਾਲੁਕਾ, ਬ੍ਰਿਲਿਕੋ ਇੰਸਟੀਚਿਊਟ ਦੇ ਸੁਨੀਲ ਨੰਦਾ ਅਤੇ ਵਿਪੁਲ ਵਰਸ਼ਿਪ ਟਿਊਟੋਰਿਅਲਜ਼ ਦੇ ਵਿਪੁਲ ਬੁਧਿਰਾਜਾ ਨੇ ਨੌਜਵਾਨਾਂ ਨੂੰ ਸਹੀ ਕਰੀਅਰ ਚੋਣ, ਆਪਣੀਆਂ ਸਮਰੱਥਾਵਾਂ ਦੀ ਪਛਾਣ ਅਤੇ ਲਗਾਤਾਰ ਹੁਨਰ ਵਿਕਾਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਫ਼ਿਲਮਮੇਕਿੰਗ ਪੈਨਲ ਵਿੱਚ ਬੰਟੀ ਬੈਂਸ, ਤੇਜਿੰਦਰ ਸਿੰਘ ਅਤੇ ਜਗਦੀਪ ਵਾਰਿੰਗ ਨੇ ਪੰਜਾਬ ਦੀ ਫ਼ਿਲਮ, ਸੰਗੀਤ ਅਤੇ ਮਨੋਰੰਜਨ ਇੰਡਸਟਰੀ ਵਿੱਚ ਨੌਜਵਾਨਾਂ ਲਈ ਉਪਲਬਧ ਮੌਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਉੱਥੇ ਹੀ ‘ਯਾਰ ਜਿਗਰੀ ਕਸੂਤੀ ਡਿਗਰੀ ਦ ਸਟੋਰੀ ਬਿਹਾਈਂਡ ਪੰਜਾਬ’ ਫ਼ਰਸਟ ਵੈੱਬ ਸੀਰੀਜ਼” ਸੈਸ਼ਨ ’ਚ ਰੱਬੀ ਤਿਵਾਣਾ, ਪੁਖਰਾਜ ਭੱਲਾ ਅਤੇ ਸੁਖਦੀਪ ਸਪਰਾ ਨੇ ਵੈੱਬ ਸੀਰੀਜ਼ ਦੇ ਨਿਰਮਾਣ ਨਾਲ ਜੁੜੇ ਆਪਣੇ ਤਜਰਬੇ ਨੌਜਵਾਨਾਂ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੇ ਆਖਰੀ ਸੈਸ਼ਨ ‘ਆਸਕ ਯੋਰ ਲੀਡਰ’ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨੌਜਵਾਨਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਲੀਡਰਸ਼ਿਪ, ਸ਼ਾਸਨ, ਰੋਜ਼ਗਾਰ ਦੇ ਮੌਕਿਆਂ ਅਤੇ ਪੰਜਾਬ ਦੇ ਭਵਿੱਖ ਨਾਲ ਸਬੰਧਤ ਸਵਾਲਾਂ ਦੇ ਜਵਾਬ ਦਿੱਤੇ। ਦੋ ਰੋਜ਼ਾ ਕਾਨਕਲੇਵ ਦਾ ਸਮਾਪਨ ਜੋਸ਼ੀਲੇ ਭੰਗੜੇ ਦੀ ਪੇਸ਼ਕਾਰੀ ਨਾਲ ਹੋਇਆ। ਇਸ ਪ੍ਰੋਗਰਾਮ ਨੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਦੀਆਂ ਤਜਰਬੇਕਾਰ ਸ਼ਖ਼ਸੀਅਤਾਂ ਨਾਲ ਜੁੜਨ, ਨਵੇਂ ਕਰੀਅਰ ਬਦਲਾਂ ਨੂੰ ਸਮਝਣ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕੀਤਾ। ਇਨੀਸ਼ੀਏਟਰਜ਼ ਆਫ਼ ਚੇਂਜ ਨੇ ਕਾਨਕਲੇਵ ਰਾਹੀਂ ਨੌਜਵਾਨਾਂ ਨੂੰ ਲੀਡਰਸ਼ਿਪ ਲਈ ਤਿਆਰ ਕਰਨ ਅਤੇ ਉਨ੍ਹਾਂ ਨੂੰ ਵਿਚਾਰਾਂ, ਮੌਕਿਆਂ ਅਤੇ ਪ੍ਰੇਰਣਾ ਦਾ ਮੰਚ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਇਸ ਮੌਕੇ ਕੈਬਨਿਟ ਮੰਤਰੀ ਮੁੰਡੀਆਂ ਨੂੰ ਸਨਮਾਨਿਤ ਵੀ ਕੀਤਾ।