- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਰਡ ਨੰਬਰ 44 ’ਚ ਪੰਜਵੇਂ ਟਿਊਬਵੈੱਲ ਦਾ ਉਦਘਾਟਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਇੱਥੋਂ ਦੇ ਵਾਰਡ-44 ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਇੱਕ ਹੋਰ ਟਿਊਬਵੈੱਲ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਮੁਹੱਲਾ ਪ੍ਰਤਾਪ ਨਗਰ ਵਿੱਚ ਨਵੇਂ ਟਿਊਬਵੈੱਲ ਦਾ ਰਸਮੀ ਉਦਘਾਟਨ ਵਾਰਡ ਕੌਂਸਲਰ ਸੋਹਣ ਸਿੰਘ ਗੋਗਾ ਵੱਲੋਂ ਕੀਤਾ ਗਿਆ। ਪ੍ਰਤਾਪ ਨਗਰ ਦੀਆਂ ਗਲੀਆਂ ਦੇ ਨਿਰਮਾਣ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕੌਂਸਲਰ ਗੋਗਾ ਨੇ ਕਿਹਾ ਕਿ ਨਵੇਂ ਟਿਊਬਵੈੱਲ ਦੀ ਸ਼ੁਰੂਆਤ ਨਾਲ ਉਨ੍ਹਾਂ ਦੇ ਵਾਰਡ ਵਿੱਚ ਹੁਣ ਕੁੱਲ ਪੰਜ ਟਿਊਬਵੈੱਲ ਕਾਰਜਸ਼ੀਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਦੀ ਕਮੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਲਗਾਤਾਰ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਤਾਂ ਜੋ ਹਰ ਘਰ ਤੱਕ ਲੁੜੀਂਦੀਆਂ ਬੁਨਿਆਦੀ ਸਹੂਲਤਾਂ ਪਹੁੰਚ ਸਕਣ। ਕਿਸੇ ਵੀ ਵੱਡੀ ਸਮੱਸਿਆ ਦਾ ਹੱਲ ਇੱਕ ਦਿਨ ਵਿੱਚ ਨਹੀਂ ਹੁੰਦਾ ਪਰ ਯੋਜਨਾਬੱਧ ਢੰਗ ਨਾਲ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪਰਮਾਤਮਾ ਦੀ ਕਿਰਪਾ, ਮੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਵਾਰਡ ਦੀਆਂ ਲਗਭਗ 90 ਫੀਸਦੀ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਫ਼ ਪੀਣ ਵਾਲਾ ਪਾਣੀ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਨਗਰ ਨਿਗਮ ਵਚਨਬੱਧ ਹੈ। ਕੌਂਸਲਰ ਗੋਗਾ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਮਜ਼ਬੂਤ ਕਰਨ ਦੇ ਨਾਲ-ਨਾਲ ਵਾਰਡ ਵਿੱਚ ਸੜਕਾਂ, ਗਲੀਆਂ, ਸੀਵਰੇਜ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਵੀ ਤਰਜੀਹ ਦੇ ਆਧਾਰ 'ਤੇ ਸੁਧਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਵੀ ਨਵੇਂ ਟਿਊਬਵੈੱਲ ਅਤੇ ਗਲੀਆਂ ਦੇ ਨਿਰਮਾਣ ਕਾਰਜ ਸ਼ੁਰੂ ਹੋਣ 'ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਸਮੱਸਿਆ ਦੇ ਹੱਲ ਲਈ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਕਾਸ ਕਾਰਜਾਂ ਦੀ ਇਹ ਰਫ਼ਤਾਰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਸਮਾਗਮ ਦੌਰਾਨ ਜਗਦੀਪ ਸਿੰਘ ਰਿੰਕੂ, ਰੇਸ਼ਮ ਸਿੰਘ ਸੱਗੂ (ਚੇਅਰਮੈਨ), ਰਾਜ ਕੁਮਾਰ ਸ਼ਰਮਾ, ਰਿੰਕੂ ਸ਼ਰਮਾ, ਹਰਦੀਪ ਸਿੰਘ ਗੁਰੂ, ਸੁਖਵਿੰਦਰ ਸਿੰਘ ਦਹੇਲਾ, ਸਤਵੰਤ ਸਿੰਘ ਮਠਾੜੂ, ਬਲਵਿੰਦਰ ਸਿੰਘ, ਮੋਹਣ ਦੁਆਬਾ, ਪਰਮਜੀਤ ਸਿੰਘ ਭੰਬਰਾ, ਮਨਜੀਤ ਸਿੰਘ ਰੂਪੀ, ਜੱਸ ਸਹੋਤਾ, ਹਰਪ੍ਰੀਤ ਸਿੰਘ ਸੈਣੀ, ਸਰੂਪ ਸਿੰਘ ਮਠਾੜੂ, ਕੁੰਦਨ ਸਿੰਘ ਪ੍ਰਧਾਨ, ਰਣਜੀਤ ਸਿੰਘ, ਜੱਗਾ ਸਿੰਘ, ਇੰਦਰਜੀਤ ਸਿੰਘ, ਇਕਬਾਲ ਕੌਰ, ਬਲਜੀਤ ਕੌਰ, ਜਨਕ ਮਹਾਜਨ, ਅਮਰਜੀਤ ਸਿੰਘ, ਬਲਬੀਰ ਸਿੰਘ, ਹਰਪਾਲ ਸਿੰਘ, ਹਰੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।