
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਦੋ ਰੋਜਾ 10ਵੀਂ ਸਾਲਾਨਾ ਫੋਟੋ ਪ੍ਰਦਰਸ਼ਨੀ ਅੱਜ ਤੋਂ

-‘ਵਨ ਥਾਊਜ਼ੈਂਡ ਵਰਡਜ਼’ ’ਚ ਫੋਟੋ ਪੱਤਰਕਾਰ ਤਸਵੀਰਾਂ ਰਾਹੀਂ ਸਮਾਜ ਤੇ ਬਦਲਦੇ ਲੁਧਿਆਣਾ ਦੀ ਪੇਸ਼ ਕਰਨਗੇ ਝਲਕ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ 10ਵੀਂ ਫੋਟੋ ਪ੍ਰਦਰਸ਼ਨੀ ‘ਵਨ ਥਾਊਜ਼ੈਂਡ ਵਰਡਜ਼’ 19 ਅਤੇ 20 ਅਗਸਤ ਨੂੰ ਲਕਸ਼ਮੀ ਲੇਡੀਜ਼ ਕਲੱਬ, ਗੁਰੂ ਨਾਨਕ ਸਟੇਡੀਅਮ ਨੇੜੇ, ਲੁਧਿਆਣਾ ਵਿਖੇ ਲਗਾਈ ਜਾ ਰਹੀ ਹੈ। ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ ਕਾਲਾ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਪ੍ਰਦਰਸ਼ਨੀ ਦਾ ਉਦਘਾਟਨ 19 ਅਗਸਤ ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਉਦਘਾਟਨੀ ਸਮਾਗਮ ’ਚ ਪਦਮਸ਼੍ਰੀ ਐਵਾਰਡੀ ਰਜਨੀ ਬੈਕਟਰ ਤੇ ਏਡੀਸੀਪੀ ਰੁਪਿੰਦਰ ਕੌਰ ਭੱਟੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਗੁਰਮੀਤ ਸਿੰਘ ਨੇ ਕਿਹਾ ਕਿ ਫੋਟੋਗ੍ਰਾਫੀ ਸਮਾਜ ਦੇ ਅਹਿਮ ਪਲਾਂ ਤੇ ਇਤਿਹਾਸ ਨੂੰ ਸੰਭਾਲਣ ਦਾ ਬਹੁਤ ਪ੍ਰਭਾਵਸ਼ਾਲੀ ਮਾਧਿਅਮ ਹੈ। ਪ੍ਰਦਰਸ਼ਨੀ ਵਿੱਚ ਲੁਧਿਆਣਾ ਦੇ ਫੋਟੋ ਪੱਤਰਕਾਰਾਂ ਵੱਲੋਂ ਆਪਣੇ ਕੈਮਰਿਆਂ ’ਚ ਕੈਦ ਕੀਤੇ ਸਮਾਜਿਕ ਜੀਵਨ, ਪੰਜਾਬੀ ਸੱਭਿਆਚਾਰ, ਰੋਜ਼ਮਰ੍ਹਾ ਜ਼ਿੰਦਗੀ, ਮਹੱਤਵਪੂਰਨ ਘਟਨਾਵਾਂ ਅਤੇ ਬਦਲਦੇ ਲੁਧਿਆਣਾ ਨਾਲ ਸਬੰਧਤ ਚੋਣਵੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਫੋਟੋ ਪੱਤਰਕਾਰ ਕੈਮਰੇ ਰਾਹੀਂ ਅਜਿਹੇ ਪਲਾਂ ਨੂੰ ਸੰਭਾਲਦੇ ਹਨ, ਜੋ ਸਮੇਂ ਦੇ ਨਾਲ ਇਤਿਹਾਸ ਦਾ ਹਿੱਸਾ ਬਣ ਜਾਂਦੇ ਹਨ। ਪ੍ਰਧਾਨ ਕੁਲਦੀਪ ਸਿੰਘ ਨੇ ਕਿਹਾ ਕਿ “ਇਕ ਤਸਵੀਰ ਹਜ਼ਾਰ ਸ਼ਬਦਾਂ ਦੇ ਬਰਾਬਰ ਹੁੰਦੀ ਹੈ” ਤੇ ਇਸੇ ਵਿਚਾਰ ਨੂੰ ਮੁੱਖ ਰੱਖਦਿਆਂ ਪ੍ਰਦਰਸ਼ਨੀ ਦਾ ਨਾਂ ‘ਵਨ ਥਾਊਜ਼ੈਂਡ ਵਰਡਜ਼’ ਰੱਖਿਆ ਹੈ।
ਪਿਛਲੇ 10 ਸਾਲ ਤੋਂ ਲਗਾਤਾਰ ਲਾਈ ਜਾ ਰਹੀ ਇਸ ਪ੍ਰਦਰਸ਼ਨੀ ਨੂੰ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸਹਿਯੋਗ ਮਿਲਦਾ ਆ ਰਿਹਾ ਹੈ। ਇਸ ਵਾਰ ਪ੍ਰਦਰਸ਼ਨੀ ਦਾ ਵਿਸ਼ੇਸ਼ ਆਕਰਸ਼ਣ ਸਵ. ਸੀਨੀਅਰ ਫੋਟੋ ਪੱਤਰਕਾਰ ਧਰਮਵੀਰ ਦੇ ਪੁਰਾਣੇ ਕੈਮਰੇ ਹੋਣਗੇ, ਜਿਨ੍ਹਾਂ ਨਾਲ ਉਨ੍ਹਾਂ ਨੇ ਪੱਤਰਕਾਰੀ ਜੀਵਨ ਦੇ ਸ਼ੁਰੂਆਤੀ ਦੌਰ ’ਚ ਕੰਮ ਕੀਤਾ ਸੀ। ਇਹ ਸਾਰੇ ਕੈਮਰੇ ਪਰਿਵਾਰ ਵੱਲੋਂ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਨੂੰ ਦਿੱਤੇ ਜਾ ਰਹੇ ਹਨ। ਸਚਿਤ ਅਰੋੜਾ ਅਰਾਈਜ਼ਿੰਗ ਇੰਡੀਆ ਸਟੇਟ ਗਰੁੱਪ (ਕੋਠੀ ਮੇਲਾ) ਨੇ ਕਿਹਾ ਕਿ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਨਾਲ ਜੁੜ ਕੇ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਫੋਟੋ ਪੱਤਰਕਾਰ ਸਮਾਜ ਦੀਆਂ ਘਟਨਾਵਾਂ ਨੂੰ ਤਸਵੀਰਾਂ ਰਾਹੀਂ ਲੋਕਾਂ ਸਾਹਮਣੇ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਲੀਫੋਰਡ ਦੇ ਐੱਮਡੀ ਜੀਵਨ ਗੁਪਤਾ ਅਨੁਸਾਰ ਅਸੀਂ ਇਸ ਪ੍ਰਦਸ਼ਰਨੀ ਦਾ ਹਿੱਸਾ ਹਾਂ। ਉਨ੍ਹਾਂ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ 10ਵੀਂ ਪ੍ਰਦਰਸ਼ਨੀ ਲਈ ਵਧਾਈ ਦਿੱਤੀ। ਪ੍ਰਦਰਸ਼ਨੀ ਦਾ ਸਮਾਪਤੀ ਸਮਾਗਮ 20 ਅਗਸਤ ਨੂੰ ਸ਼ਾਮ 4 ਵਜੇ ਹੋਵੇਗਾ, ਜਿਸ ’ਚ ਪਦਮ ਸ਼੍ਰੀ ਐਵਾਰਡੀ ਡਾ. ਸਰਦਾਰਾ ਸਿੰਘ ਜੌਹਲ, ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ, ਕੋਠੀ ਮੇਲਾ ਤੋਂ ਸਚਿਤ ਅਰੋੜਾ ਤੇ ਲੀ ਫੋਰਡ ਦੇ ਐੱਮਡੀ ਜੀਵਨ ਗੁਪਤਾ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।