
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਸ਼ਵ ਭੋਜਨ ਸੁਰੱਖਿਆ ’ਤੇ ਹਰੀ ਕ੍ਰਾਂਤੀ ਦਾ ਦੂਜਾ ਨਾਮ ਹਨ ਡਾ.ਗੁਰਦੇਵ ਸਿੰਘ ਖੁਸ਼

3
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਚੌਲਾਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਡਾ. ਗੁਰਦੇਵ ਸਿੰਘ ਖੁਸ਼ ਨੂੰ ਜੇਕਰ ਵਿਸ਼ਵ ਭੋਜਨ ਸੁਰੱਖਿਆ ਅਤੇ ਹਰੀ ਕ੍ਰਾਂਤੀ ਦੀ ਅਮਰ ਵਿਰਾਸਤ ਦਾ ਦੂਜਾ ਨਾਮ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਬੂਟਾ ਸਿੰਘ ਢਿੱਲੋਂ ਅਤੇ ਧਰਮਿੰਦਰ ਭਾਟੀਆ ਪਲਾਂਟ ਬ੍ਰੀਡਿੰਗ ਤੇ ਜੈਨੇਟਿਕਸ ਵਿਭਾਗ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਪੰਜਾਬੀ ਜਾਗਰਣ ਗੱਲ ਕਰਦੇ ਹੋਏ ਕਿਹਾ ਕਿ ਡਾ. ਗੁਰਦੇਵ ਸਿੰਘ ਖੁਸ਼ ਦੀ ਵਿਗਿਆਨਕ ਸੋਚ ਤੇ ਸਮਰਪਣ ਨੇ ਝੋਨੇ ਦੀ ਖੇਤੀ ਵਿਚ ਕ੍ਰਾਂਤੀਕਾਰੀ ਬਦਲਾਅ ਲਿਆ ਕੇ ਵਿਸ਼ਵ ਭੋਜਨ ਸੁਰੱਖਿਆ ਵਿੱਚ ਵੱਡਾ ਯੋਗਦਾਨ ਪਾਇਆ। 22 ਅਗਸਤ 1935 ਨੂੰ ਜਲੰਧਰ ਜ਼ਿਲ੍ਹੇ ਦੇ ਰੁੜਕੀ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਡਾ. ਖੁਸ਼ ਨੇ ਬਚਪਨ ਤੋਂ ਹੀ ਖੇਤੀ ਦੀਆਂ ਚੁਣੌਤੀਆਂ ਨੂੰ ਨੇੜਿਓਂ ਵੇਖਿਆ। ਉਨ੍ਹਾਂ 1955 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਖੇਤੀਬਾੜੀ ਦੀ ਡਿਗਰੀ ਹਾਸਲ ਕੀਤੀ ਜਿਸ ਨੂੰ ਉਸ ਵੇਲੇ ਸਰਕਾਰੀ ਐਗਰੀਕਲਚਰਲ ਕਾਲਜ ਕਿਹਾ ਜਾਂਦਾ ਸੀ।
ਇਸ ਤੋਂ ਬਾਅਦ ਯੂਨੀਵਰਸਿਟੀ ਆਫ ਕੈਲੀਫੋਰਨੀਆ, ਡੇਵਿਸ ਤੋਂ ਜੈਨੇਟਿਕਸ ਵਿੱਚ ਪੀਐੱਚਡੀ. ਕੀਤੀ। ਅਮਰੀਕਾ ਵਿੱਚ ਉੱਜਵਲ ਅਕਾਦਮਿਕ ਭਵਿੱਖ ਦੇ ਬਾਵਜੂਦ ਉਨ੍ਹਾਂ ਨੇ 1967 ਵਿਚ ਫਿਲੀਪੀਨਜ਼ ਸਥਿਤ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਨਾਲ ਜੁੜ ਕੇ ਆਪਣਾ ਜੀਵਨ ਵਿਸ਼ਵ ਭੋਜਨ ਸੁਰੱਖਿਆ ਲਈ ਸਮਰਪਿਤ ਕਰ ਦਿੱਤਾ। ਡਾ. ਖੁਸ਼ ਨੇ ਕਿਸਾਨਾਂ ਦੀਆਂ ਲੋੜਾਂ ਨੂੰ ਕੇਂਦਰ ਵਿਚ ਰੱਖਦਿਆਂ ਵੱਧ ਝਾੜ, ਛੋਟੀ ਮਿਆਦ ਵਿੱਚ ਪੱਕਣ, ਕੀੜਿਆਂ ਤੇ ਬਿਮਾਰੀਆਂ ਪ੍ਰਤੀ ਸਹਿਣਸ਼ੀਲਤਾ ਤੇ ਚੰਗੀ ਗੁਣਵੱਤਾ ਵਾਲੀਆਂ ਝੋਨੇ ਦੀਆਂ ਕਿਸਮਾਂ ਦੇ ਵਿਕਾਸ ਦੀ ਅਗਵਾਈ ਕੀਤੀ।
ਉਨ੍ਹਾਂ ਦੀ ਅਗਵਾਈ ਹੇਠ 300 ਤੋਂ ਵੱਧ ਸੁਧਰੀਆਂ ਝੋਨੇ ਦੀਆਂ ਕਿਸਮਾਂ ਵਿਕਸਿਤ ਹੋਈਆਂ। ਆਈਆਰ-36 ਤੇ ਆਈਆਰ-64 ਵਰਗੀਆਂ ਕਿਸਮਾਂ ਨੇ ਏਸ਼ੀਆ ਸਮੇਤ ਕਈ ਦੇਸ਼ਾਂ ਵਿੱਚ ਝੋਨੇ ਦੀ ਪੈਦਾਵਾਰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਵਿਕਸਿਤ ਕਿਸਮਾਂ ਤੇ ਉਨ੍ਹਾਂ ਤੋਂ ਬਣੀਆਂ ਨਵੀਂਆਂ ਕਿਸਮਾਂ ਨੇ ਵਿਸ਼ਵ ਦੇ ਵੱਡੇ ਝੋਨਾ ਉਤਪਾਦਕ ਖੇਤਰ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੇ ਵਿਗਿਆਨਕ ਯੋਗਦਾਨ ਨੂੰ ਦੁਨੀਆ ਭਰ ’ਚ ਮਾਨਤਾ ਮਿਲੀ। ਉਨ੍ਹਾਂ ਨੂੰ ਬੋਰਲਾਗ ਪੁਰਸਕਾਰ, ਜਾਪਾਨ ਇਨਾਮ, ਵਰਲਡ ਫੂਡ ਇਨਾਮ, ਵੁਲਫ ਖੇਤੀਬਾੜੀ ਇਨਾਮ, ਪਦਮ ਸ੍ਰੀ ਅਤੇ ਹੋਰ ਕਈ ਵੱਕਾਰੀ ਸਨਮਾਨ ਪ੍ਰਾਪਤ ਹੋਏ। ਉਹ ਕਈ ਪ੍ਰਮੁੱਖ ਵਿਗਿਆਨਕ ਅਕਾਦਮੀਆਂ ਦੇ ਫੈਲੋ ਵੀ ਚੁਣੇ। ਡਾ. ਖੁਸ਼ ਦੀ ਮਹਾਨਤਾ ਸਿਰਫ਼ ਉਨ੍ਹਾਂ ਦੀਆਂ ਵਿਗਿਆਨਕ ਪ੍ਰਾਪਤੀਆਂ ਤੱਕ ਸੀਮਿਤ ਨਹੀਂ। ਉਨ੍ਹਾਂ ਨੇ ਆਪਣੀ ਇਨਾਮੀ ਰਕਮ ਦਾ ਵੱਡਾ ਹਿੱਸਾ ਖੇਤੀਬਾੜੀ ਸਿੱਖਿਆ ਤੇ ਖੋਜ ਨੂੰ ਸਮਰਪਿਤ ਕੀਤਾ। ਸਾਲ 2009 ’ਚ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੂੰ ਲਗਭਗ 3.5 ਕਰੋੜ ਰੁਪਏ ਦਾਨ ਦਿੱਤੇ। ਇਸ ਤੋਂ ਬਾਅਦ ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦੀ ਸਥਾਪਨਾ ਹੋਈ, ਜਿਸ ਨੇ ਨੌਜਵਾਨ ਵਿਗਿਆਨੀਆਂ ਨੂੰ ਵਜ਼ੀਫ਼ਿਆਂ ਤੇ ਯਾਤਰਾ ਅਨੁਦਾਨਾਂ ਰਾਹੀਂ ਉਤਸ਼ਾਹਿਤ ਕੀਤਾ। ਸਾਲ 2023 ’ਚ ਪੀਏਯੂ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਡਾ. ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਆਫ ਜੈਨੇਟਿਕਸ, ਪਲਾਂਟ ਬ੍ਰੀਡਿੰਗ ਐਂਡ ਬਾਇਓਟੈਕਨਾਲੋਜੀ ਦੀ ਸਥਾਪਨਾ ਵੀ ਕੀਤੀ ਗਈ। ਡਾ. ਗੁਰਦੇਵ ਸਿੰਘ ਖੁਸ਼ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਵਿਗਿਆਨ ਜਦੋਂ ਮਨੁੱਖਤਾ ਦੀ ਸੇਵਾ ਨਾਲ ਜੁੜਦਾ ਹੈ ਤਾਂ ਉਸ ਦੀ ਤਾਕਤ ਪੂਰੀ ਦੁਨੀਆ ਨੂੰ ਬਦਲ ਸਕਦੀ ਹੈ। ਉਨ੍ਹਾਂ ਦੀ ਵਿਰਾਸਤ ਹਰ ਝੋਨੇ ਦੇ ਖੇਤ, ਹਰ ਕਿਸਾਨ ਦੀ ਮਿਹਨਤ ਤੇ ਹਰ ਉਸ ਨੌਜਵਾਨ ਵਿਗਿਆਨੀ ’ਚ ਜਿਉਂਦੀ ਰਹੇਗੀ, ਜੋ ਆਪਣਾ ਗਿਆਨ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦਾ ਹੈ।