- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਨੰਗਲ ਵਿਖੇ 33 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ’ਚ ਮੌਤ ਬਣੀ ਚਰਚਾ ਦਾ ਵਿਸ਼ਾ

-ਮ੍ਰਿਤਕ ਦੇ ਪਿਤਾ ਵੱਲੋਂ ਮੌਜੂਦਾ ਸਰਪੰਚ ਸਣੇ ਦੋ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ, ਸਰਪੰਚ ਨੇ ਦੋਸ਼ ਨਕਾਰੇ
ਫੋਟੋ ਨੰਬਰ-15,16
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ
ਇੱਥੋਂ ਨੇੜਲੇ ਪਿੰਡ ਨੰਗਲ ਵਿਖੇ ਬੀਤੇ 2 ਅਗਸਤ ਨੂੰ 33 ਸਾਲਾ ਨੌਜਵਾਨ ਪਰਮਜੀਤ ਸਿੰਘ ਦੀ ਭੇਤਭਰੇ ਹਾਲਾਤਾਂ ਵਿੱਚ ਹੋਈ ਮੌਤ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਹਰਜਿੰਦਰ ਸਿੰਘ ਪੁੱਤਰ ਮੇਹਰ ਸਿੰਘ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਦੋ ਵਿਅਕਤੀਆਂ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਨਿਰਪੱਖ ਜਾਂਚ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦਾ ਪੁੱਤਰ ਪਰਮਜੀਤ ਸਿੰਘ ਪਿੰਡ ਨੰਗਲ ਵਾਸੀ ਬਲਦੇਵ ਸਿੰਘ ਕੋਲ ਕੰਮ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਬਲਦੇਵ ਸਿੰਘ ਵੱਲੋਂ ਪਰਮਜੀਤ ਤੋਂ ਘਰ ਅਤੇ ਖੇਤੀਬਾੜੀ ਦਾ ਕੰਮ ਕਰਵਾਇਆ ਜਾਂਦਾ ਸੀ ਅਤੇ ਉਸ ਨੂੰ ਕਥਿਤ ਤੌਰ ’ਤੇ ਨਸ਼ਾ ਵੀ ਕਰਵਾਇਆ ਜਾਂਦਾ ਸੀ। ਉਸ ਨੇ ਦਾਅਵਾ ਕੀਤਾ ਕਿ ਪਰਮਜੀਤ ਨੇ ਪਹਿਲਾਂ ਵੀ ਕਈ ਵਾਰ ਉਸ ਨੂੰ ਦੱਸਿਆ ਸੀ ਕਿ ਬਲਦੇਵ ਸਿੰਘ ਵੱਲੋਂ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਜਾਂਦੀ ਹੈ। ਹਰਜਿੰਦਰ ਸਿੰਘ ਅਨੁਸਾਰ 30 ਜੁਲਾਈ ਨੂੰ ਬਲਦੇਵ ਸਿੰਘ ਉਸ ਦੇ ਪੁੱਤਰ ਨੂੰ ਬਿਨਾਂ ਦੱਸੇ ਘਰੋਂ ਲੈ ਗਿਆ ਅਤੇ ਉਸੇ ਸ਼ਾਮ ਵਾਪਸ ਛੱਡ ਗਿਆ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਘਰ ਵਾਪਸ ਆਉਣ ਸਮੇਂ ਪਰਮਜੀਤ ਦੀ ਅੱਖ, ਮੋਢੇ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ। ਇਸ ਤੋਂ ਬਾਅਦ 1 ਅਗਸਤ ਨੂੰ ਸ਼ਾਮ ਕਰੀਬ 5:30 ਵਜੇ ਪਰਮਜੀਤ ਸਿੰਘ ਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਮੌਤ ਤੋਂ ਬਾਅਦ ਵੀ ਬਲਦੇਵ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਪੁੱਛਗਿੱਛ ਕਰਨ ’ਤੇ ਉਸ ਨਾਲ ਕਥਿਤ ਤੌਰ ’ਤੇ ਗਾਲੀ-ਗਲੋਚ ਕੀਤੀ।
ਇਸ ਤੋਂ ਇਲਾਵਾ ਹਰਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਕਥਿਤ ਤੌਰ ’ਤੇ ਮਾਮਲੇ ਨੂੰ ਦਬਾਉਣ ਲਈ ਦਬਾਅ ਬਣਾਇਆ ਗਿਆ ਅਤੇ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਲਈ ਕਿਹਾ ਗਿਆ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧੀ ਉਸ ਕੋਲ ਆਡੀਓ ਰਿਕਾਰਡਿੰਗ ਵੀ ਮੌਜੂਦ ਹੈ। ਇਸ ਦੇ ਨਾਲ ਹੀ ਹਰਜਿੰਦਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਬਲਦੇਵ ਸਿੰਘ ’ਤੇ ਪਿੰਡ ਵਿੱਚ ਨਸ਼ਾ ਵੇਚਣ ਦੇ ਵੀ ਦੋਸ਼ ਲਗਾਏ ਹਨ। ਉਸ ਦਾ ਦਾਅਵਾ ਹੈ ਕਿ ਪਿੰਡ ਵਾਸੀਆਂ ਵੱਲੋਂ ਪਹਿਲਾਂ ਵੀ ਨਸ਼ੇ ਦੀ ਵਿਕਰੀ ਨੂੰ ਰੋਕਣ ਸਬੰਧੀ ਸਰਪੰਚ ਕੋਲ ਮਾਮਲਾ ਉਠਾਇਆ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਹੀਂ ਹੋਈ।
ਸ਼ਿਕਾਇਤਕਰਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ, ਉਸ ਦੇ ਪੁੱਤਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਸ਼ਿਕਾਇਤ ਵਿੱਚ ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਇਸ ਸਬੰਧੀ ਜਦੋਂ ਪਿੰਡ ਨੰਗਲ ਦੇ ਸਰਪੰਚ ਰਣਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਪਿੰਡ ਦੇ ਮੁਖੀ ਹੋਣ ਦੇ ਨਾਤੇ ਪਰਿਵਾਰ ਨਾਲ ਸੰਪਰਕ ਕਰਕੇ ਸੰਸਕਾਰ ਦਾ ਸਮਾਂ ਪੁੱਛਣ ਗਏ ਸਨ। ਇਸ ਮਾਮਲੇ ਦੀ ਅਸਲ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।